ਜਦੋਂ ਏਡੀਸੀ ਨੇ ਦਫਤਰ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਹਾਜ਼ਰੀ ਕੀਤੀ ਚੈੱਕ, ਵੇਖੋ ਫਿਰ ਕੀ ਬਣਿਆ
ਗੈਰ ਹਾਜ਼ਰ ਪਾਏ ਗਏ ਸਟਾਫ ਨੂੰ ਜਾਰੀ ਹੋਣਗੇ ਕਾਰਨ ਦੱਸੋ ਨੋਟਿਸ
ਫਾਜ਼ਿਲਕਾ 13 ਅਪ੍ਰੈਲ। ਜਿਲੇ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੀਆਂ ਹਦਾਇਤਾਂ ਅਨੁਸਾਰ ਅੱਜ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਪੀਸੀਐਸ ਨੇ ਅੱਜ ਸਵੇਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਸਥਿਤ ਵੱਖ-ਵੱਖ ਦਫਤਰਾਂ ਵਿੱਚ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਚੈੱਕ ਕੀਤੀ।ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਾਂਚ ਦੌਰਾਨ ਜੋ ਲੋਕ ਗੈਰ ਹਾਜ਼ਰ ਪਾਏ ਗਏ ਉਹਨਾਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ।ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਆਖਿਆ ਕਿ ਦਫਤਰਾਂ ਵਿੱਚ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਅਤੇ ਜੋ ਲੋਕ ਵੀ ਆਪਣੇ ਕੰਮ ਲਈ ਦਫਤਰਾਂ ਵਿੱਚ ਆਉਣ ਤਾਂ ਅਧਿਕਾਰੀ ਅਤੇ ਕਰਮਚਾਰੀ ਉਹਨਾਂ ਨੂੰ ਹਾਜ਼ਰ ਮਿਲਣ ਇਸ ਲਈ ਇਹ ਅਚਨਚੇਤ ਚੈਕਿੰਗ ਕੀਤੀ ਗਈ ਸੀ। ਉਹਨਾਂ ਨੇ ਕਿਹਾ ਕਿ ਅੱਗੇ ਤੋਂ ਵੀ ਇਹ ਚੈਕਿੰਗ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਜੇਕਰ ਕੋਈ ਕੁਤਾਹੀ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸੇਵਾ ਨਿਯਮਾਂ ਅਨੁਸਾਰ ਅਗਲੇਰੀ ਕਾਰਵਾਈ ਆਰੰਭਣ ਤੋਂ ਸੰਕੋਚ ਨਹੀਂ ਕੀਤਾ ਜਾਵੇਗਾ।