ਡਿਪਟੀ ਕਮਿਸ਼ਨਰ ਨੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ


ਜ਼ਿਲੇ ਵਿੱਚ 7.50 ਲੱਖ ਟਨ ਕਣਕ ਮੰਡੀਆਂ ਵਿੱਚ ਆਉਣ ਦੀ ਉਮੀਦ
ਬਣਾਏ ਗਏ ਹਨ 95 ਖਰੀਦ ਕੇਂਦਰ
ਫਾਜ਼ਿਲਕਾ 13 ਅਪ੍ਰੈਲ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈਏਐਸ ਨੇ ਅੱਜ ਇਥੇ ਮੁੱਖ ਮੰਡੀ ਵਿਖੇ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ । ਇਸ ਮੌਕੇ ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਇਸ ਵਾਰ ਸਾਢੇ 7 ਲੱਖ ਮੀਟਰਕ ਟਨ ਕਣਕ ਮੰਡੀਆਂ ਵਿੱਚ ਆਉਣ ਦੀ ਉਮੀਦ ਹੈ ਅਤੇ ਇਸ ਦੀ ਖਰੀਦ ਲਈ ਜ਼ਿਲ੍ਹੇ ਵਿੱਚ 95 ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ।
 ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਣਕ ਦੀ ਖਰੀਦ ਲਈ ਬਾਰਦਾਨਾ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਸਟੋਰੇਜ ਦੀ ਵੀ ਵਿਵਸਥਾ ਹੈ । ਉਹਨਾਂ ਨੇ ਦੱਸਿਆ ਕਿ ਇਸ ਵਾਰ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 2275 ਹੈ ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਨੂੰ ਮੰਡੀਆਂ ਵਿੱਚ ਸਫਾਈ, ਛਾਂ ਅਤੇ ਪੀਣ ਦੇ ਪਾਣੀ ਦੇ ਢੁਕਵੇਂ ਪ੍ਰਬੰਧ ਹਮੇਸ਼ਾ ਰੱਖਣ ਦੀ ਹਦਾਇਤ ਕੀਤੀ। ਉਹਨਾਂ ਨੇ ਆਖਿਆ ਕਿ ਕਿਸਾਨਾਂ ਨੂੰ ਮੰਡੀ ਵਿੱਚ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ ਅਤੇ ਕਣਕ ਦੀ ਲਿਫਟਿੰਗ ਨਾਲੋਂ ਨਾਲ ਕਰਨ ਦੇ ਨਾਲ ਨਾਲ ਅਦਾਇਗੀ ਵੀ ਸਮੇਂ ਸਿਰ ਸਰਕਾਰੀ ਨਿਯਮਾਂ ਅਨੁਸਾਰ ਕੀਤੀ ਜਾਵੇ। ਉਹਨਾਂ ਕਿਹਾ ਕਿ ਕਣਕ ਖਰੀਦ ਦੇ ਕੰਮ ਵਿੱਚ ਕਿਸੇ ਪ੍ਰਕਾਰ ਦਾ ਢਿਲ ਕਰਨ ਤੇ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਨੇ ਇਸ ਮੌਕੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁੱਕੀ ਫਸਲ ਹੀ ਮੰਡੀ ਵਿਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਫਸਲ ਵੇਚਣ ਵਿਚ ਕੋਈ ਦਿੱਕਤ ਨਾ ਆਵੇ।
 ਇਸ ਮੌਕੇ ਜ਼ਿਲਾ ਫੂਡ ਸਪਲਾਈ ਕੰਟਰੋਲਰ ਹਿਮਾਂਸ਼ੂ ਕੁੱਕੜ, ਜਿਲਾ ਮੰਡੀ ਅਫਸਰ ਜਸਮੀਤ ਸਿੰਘ, ਡੀਐਮ ਪਨਸਪ ਰਮਨ ਗੋਇਲ ਸਮੇਤ ਵੱਖ ਵੱਖ ਖਰੀਦ ਏਂਜਸੀਆਂ ਦੇ ਅਧਿਕਾਰੀ ਹਾਜਰ ਸਨ।
ਇਸ ਮੌਕੇ ਜ਼ਿਲ੍ਹਾ ਮੰਡੀ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਖਰੀਦ ਕੇਂਦਰਾਂ ਤੇ ਸਰਕਾਰੀ ਖਰੀਦ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਖਰੀਦ ਏਂਜਸੀਆਂ ਵੀ ਖਰੀਦ ਲਈ ਤਿਆਰ ਹਨ।

CATEGORIES
Share This

COMMENTS

Wordpress (0)
Disqus (0 )
Translate