ਫਾਜ਼ਿਲਕਾ ਹੈਰੀਟੇਜ ਫੈਸਟੀਵਲ ਦੌਰਾਨ ਫਾਜ਼ਿਲਕਾ ਦੇ ਲੋਕਾਂ ਨੇ ਲਿਆ ਮਤਦਾਨ ਕਰਨ ਦਾ ਪ੍ਰਣ
ਡਿਪਟੀ ਕਮਿਸ਼ਨਰ ਨੇ ਜਿਲਾ ਵਾਸੀਆਂ ਨੂੰ ਚੁਕਾਈ ਸਹੁੰ
ਫਾਜ਼ਿਲਕਾ 13 ਅਪ੍ਰੈਲ
ਬੀਤੀ ਦੇਰ ਸ਼ਾਮ ਇੱਥੇ ਸ਼ੁਰੂ ਹੋਏ ਫਾਜ਼ਿਲਕਾ ਹੈਰੀਟੇਜ ਫੈਸਟੀਵਲ ਵਿਚ ਲੋਕ ਸਭਾ ਚੋਣਾਂ 2024 ਦੇ ਰੰਗ ਵਿਖਾਈ ਦਿੱਤੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਵਿਸ਼ੇਸ਼ ਤੌਰ ਤੇ ਸਵੀਪ ਬੂਥ ਸਥਾਪਿਤ ਕੀਤਾ ਗਿਆ ਹੈ ਜਿੱਥੇ ਇਸ ਫੈਸਟੀਵਲ ਚ ਆਉਣ ਵਾਲੇ ਹਰੇਕ ਵਿਅਕਤੀ ਨੂੰ ਲੋਕ ਸਭਾ ਚੋਣਾਂ ਵਿੱਚ ਵੱਧ ਚੜ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇੱਥੇ ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ, ਜ਼ਿਲ੍ਹੇ ਦੇ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ ਮੈਡਮ ਜਤਿੰਦਰ ਕੌਰ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ ਕੁਮਾਰ ਪੋਪਲੀ ਨੇ ਵੋਟਰ ਗਾਈਡ ਜਾਰੀ ਕੀਤੀ ਅਤੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਸਮੂਹ ਹਾਜ਼ਰੀਨ ਨੂੰ ਲੋਕ ਸਭਾ ਚੋਣਾਂ ਵਿੱਚ ਵੱਧ ਤੋਂ ਵੱਧ ਮਤਦਾਨ ਕਰਨ ਲਈ ਸਹੁੰ ਚੁਕਾਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਸਾਡੇ ਲੋਕਤੰਤਰ ਦਾ ਇੱਕ ਤਿਉਹਾਰ ਹੈ ਅਤੇ ਹਰੇਕ ਨਾਗਰਿਕ ਨੂੰ ਆਪਣੀ ਵੋਟ ਹੱਕ ਦਾ ਇਸਤੇਮਾਲ ਬਿਨਾਂ ਕਿਸੇ ਡਰ, ਲਾਲਚ ਜਾਂ ਭੈਅ ਦੇ ਕਰਨਾ ਚਾਹੀਦਾ ਹੈ । ਉਹਨਾਂ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਆਪਣੀ ਪਹਿਲੀ ਵੋਟ ਜਰੂਰ ਪਾਉਣ ਅਤੇ ਜੇਕਰ ਕਿਸੇ ਦੀ ਵੋਟ ਨਹੀਂ ਬਣੀ ਤਾਂ ਉਹ ਆਪਣੀ ਵੋਟ ਜਰੂਰ ਬਣਾਵੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵੋਟ ਦਾ ਹੱਕ ਸਾਨੁੰ ਵੱਡੀਆਂ ਕੁਰਬਾਨੀਆਂ ਕਰਕੇ ਮਿਲਿਆ ਹੈ ਅਤੇ ਇਸ ਲਈ ਹਰੇਕ ਨਾਗਰਿਕ ਨੂੰ ਆਪਣੇ ਇਸ ਹੱਕ ਦਾ ਇਸਤੇਮਾਲ ਫਰਜ ਸਮਝਦੇ ਹੋਏ ਕਰਨਾ ਚਾਹੀਦਾ ਹੈ। ਇਸ ਮੌਕੇ ਸੈਲਫੀ ਪੁਆਇੰਟ ਵੀ ਬਣਾਇਆ ਗਿਆ ਸੀ ਅਤੇ ਚੋਣ ਕਮਿਸ਼ਨ ਦੇ ਮਸਕਟ ਸ਼ੇਰਾ ਨੇ ਵੀ ਲੋਕਾਂ ਨੂੰ ਚੋਣਾਂ ਦੇ ਮਹੱਤਵ ਤੋਂ ਜਾਣੂ ਕਰਵਾਇਆ।
ਫਾਜ਼ਿਲਕਾ ਹੈਰੀਟੇਜ ਫੈਸਟੀਵਲ ਦੇ ਆਯੋਜਕਾਂ ਵਿੱਚੋਂ ਸ੍ਰੀ ਨਵਦੀਪ ਅਸੀਜਾ ਨੇ ਜ਼ਿਲ੍ਹਾ ਪ੍ਰਸਾਸਨ ਦੇ ਇਸ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦੇ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਲੋਕਾਂ ਵਿੱਚ ਮਤਦਾਨ ਪ੍ਰਤੀ ਜਾਗਰੂਕਤਾ ਵੱਧਦੀ ਹੈ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਲੋਕ ਵੱਧ ਤੋਂ ਵੱਧ ਮਤਦਾਨ ਕਰਕੇ ਆਪਣਾ ਰਿਕਾਰਡ ਬਣਾਉਣਗੇ । ਇਸ ਮੌਕੇ ਸਵੀਪ ਨੋਡਲ ਅਫਸਰ ਰਾਜਿੰਦਰ ਵਿਖੋਨਾ ਅਤੇ ਸਤਿੰਦਰ ਬਤਰਾ ਤੋਂ ਇਲਾਵਾ ਗੁਰਦੇਵ ਸਿੰਘ, ਸੁਰਿੰਦਰ ਸਿੰਘ, ਕਰਨ ਕੁਮਾਰ ਵੀ ਹਾਜ਼ਰ ਸਨ।