ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਨੁਸਾਰ ਸਮਾਜ ‘ਚ ਬਰਾਬਰਤਾ ਬਣਾਉਣ ਦੀ ਅਪੀਲ
ਕਾਂਸਲ ਪਿੰਡ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਵਿੱਚ ਸ਼ਿਰਕਤ; ਸ੍ਰੀ ਗੁਰੂ ਰਵਿਦਾਸ ਜੀ ਤੇ ਡਾ. ਬੀ.ਆਰ. ਅੰਬੇਡਕਰ ਦੀ ਯਾਦ ਵਿੱਚ ਥਾਂ ਬਣਾਉਣ ਦਾ ਭਰੋਸਾ
ਨਵਾਂ ਗਾਉਂ (ਐਸ.ਏ.ਐਸ. ਨਗਰ), 7 ਫ਼ਰਵਰੀ:
ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਜਸਵੀਰ ਸਿੰਘ ਗੜ੍ਹੀ ਨੇ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਅਨੁਸਾਰ ਸਮਾਨਤਾ ਅਤੇ ਸਭ ਲਈ ਬਰਾਬਰ ਮੌਕਿਆਂ ਵਾਲਾ ਸਮਾਜ ਸਿਰਜਣ ਦੀ ਅਪੀਲ ਕੀਤੀ।
ਉਹ ਚੰਡੀਗੜ੍ਹ ਨੇੜਲੇ ਕਾਂਸਲ ਪਿੰਡ ਵਿੱਚ ਸਥਾਨਕ ਸੰਗਤ ਵੱਲੋਂ ਮਨਾਏ ਗਏ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਆਪਣੀ ਗੁਰਬਾਣੀ ਰਾਹੀਂ ਸਮਾਨਤਾ ਦਾ ਸੰਦੇਸ਼ ਦਿੱਤਾ ਅਤੇ ਇਹੀ ਸਿਧਾਂਤ ਭਾਰਤ ਦੇ ਸੰਵਿਧਾਨ ਦੇ ਆਰਟੀਕਲ 13 ਤੋਂ 17, 19, 25 ਅਤੇ 26 ਵਿੱਚ ਦਰਜ ਹਨ, ਜੋ ਧਰਮ ਦੀ ਆਜ਼ਾਦੀ, ਸਮਾਨਤਾ ਦਾ ਅਧਿਕਾਰ, ਜਾਤ-ਪਾਤ ਅਤੇ ਧਰਮ ਦੇ ਆਧਾਰ ‘ਤੇ ਭੇਦਭਾਵ ‘ਤੇ ਰੋਕ, ਰੁਜ਼ਗਾਰ ਵਿੱਚ ਬਰਾਬਰੀ ਅਤੇ ਕਾਨੂੰਨੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਐਸ.ਸੀ. ਕਮਿਸ਼ਨ ਵੀ ਇਨ੍ਹਾਂ ਹੀ ਮੂਲ ਸਿਧਾਂਤਾਂ ‘ਤੇ ਕੰਮ ਕਰਦਿਆਂ ਕਮਜ਼ੋਰ ਵਰਗਾਂ ਨੂੰ ਨਿਆਂ ਦਿਵਾਉਣ ਲਈ ਵਚਨਬੱਧ ਹੈ, ਖ਼ਾਸ ਕਰਕੇ ਉਹਨਾਂ ਮਾਮਲਿਆਂ ਵਿੱਚ ਜਿੱਥੇ ਹੇਠਲੇ ਪੱਧਰ ‘ਤੇ ਨਿਆਂ ਨਹੀਂ ਮਿਲਦਾ।
ਉਨ੍ਹਾਂ ਇਹ ਵੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੱਖ-ਵੱਖ ਮਹਾਨ ਧਾਰਮਿਕ ਸ਼ਖ਼ਸੀਅਤਾਂ ਦੀਆਂ ਬਾਣੀਆਂ ਦਰਜ ਹਨ, ਜੋ ਮਨੁੱਖਤਾ ਅਤੇ ਸਮਾਨਤਾ ਦਾ ਵਿਸ਼ਵ-ਪੱਧਰੀ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ‘ਤੇ ਅਮਲ ਕਰਦੇ ਹੋਏ ਭੇਦਭਾਵ ਰਹਿਤ ਸਮਾਜ ਦੀ ਸਿਰਜਣਾ ਕੀਤੀ ਜਾਵੇ।
ਸਥਾਨਕ ਮਸਲੇ ‘ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਸਲ ਪਿੰਡ ਵਿੱਚ ਇਸ ਸਮੇਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਸੰਵਿਧਾਨ ਦੇ ਰਚਨਹਾਰ ਡਾ. ਬੀ.ਆਰ. ਅੰਬੇਡਕਰ ਦੀ ਯਾਦ ਵਿੱਚ ਕੋਈ ਵੱਖਰੀ ਥਾਂ ਜਾਂ ਭਵਨ ਮੌਜੂਦ ਨਹੀਂ ਹੈ। ਉਨ੍ਹਾਂ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਸੰਬੰਧਿਤ ਅਧਿਕਾਰੀਆਂ ਨੂੰ ਧਾਰਮਿਕ ਅਤੇ ਸਮਾਜਿਕ ਇਕੱਠਾਂ ਲਈ ਉਚਿਤ ਥਾਂ ਅਲਾਟ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਵੱਲੋਂ ਇਸ ਸਬੰਧੀ ਪ੍ਰਸਤਾਵ ਪਾਸ ਕੀਤਾ ਜਾ ਚੁੱਕਾ ਹੈ ਅਤੇ ਮਾਮਲਾ ਸਥਾਨਕ ਸਰਕਾਰ ਵਿਭਾਗ ਕੋਲ ਵਿਚਾਰਧੀਨ ਹੈ, ਜਿਸਦੀ ਉਹ ਨਿਯਮਿਤ ਤੌਰ ‘ਤੇ ਪੈਰਵੀ ਕਰ ਰਹੇ ਹਨ।
ਉਨ੍ਹਾਂ ਨੇ ਉਚਿਤ ਥਾਂ ਨਾ ਹੋਣ ਦੇ ਬਾਵਜੂਦ ਪ੍ਰਕਾਸ਼ ਪੁਰਬ ਦੇ ਸਮਾਗਮ ਦੇ ਆਯੋਜਨ ਲਈ ਸੰਗਤ ਨੂੰ ਵਧਾਈ ਵੀ ਦਿੱਤੀ।
ਇਸ ਮੌਕੇ ਐਸ.ਡੀ.ਐਮ. ਖਰੜ ਦਿਵਿਆ ਪੀ., ਨਵਾਂ ਗਾਉਂ ਦੇ ਪ੍ਰਧਾਨ ਅਤੇ ਕੌਂਸਲਰ, ਸਮਾਗਮ ਕਮੇਟੀ ਦੇ ਮੈਂਬਰ ਭਾਗ ਸਿੰਘ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।



