ਬੇਸਹਾਰਾ ਜਾਨਵਰਾਂ ਦੀ ਬਾਖ਼ੂਬੀ ਸਾਂਭ-ਸੰਭਾਲ ਕਰ ਰਹੀ ਹੈ ਜ਼ਿਲ੍ਹੇ ਦੇ ਪਿੰਡ ਨਵਾਂ ਸਲੇਮ ਸ਼ਾਹ ਦੀ ਸਰਕਾਰੀ ਗਊਸ਼ਾਲਾ
6 ਸਾਲ ਤੋਂ ਵੱਧ ਅਰਸੇ ਦੌਰਾਨ ਚੱਲ ਰਹੀ ਗਉਸ਼ਾਲਾ ਵਿਖੇ 750 ਦੇ ਕਰੀਬ ਗਉਵੰਸ਼ ਦੀ ਕੀਤੀ ਜਾ ਰਹੀ ਹੈ ਸੰਭਾਲ
ਵੱਖ-ਵੱਖ ਸਮਾਜ ਸੇਵੀਆਂ ਵੱਲੋਂ ਗਉਸ਼ਾਲਾ ਨੂੰ ਦਾਨ ਕੀਤੀ ਜਾਂਦੀ ਹੈ ਤੂੜੀ
ਫ਼ਾਜ਼ਿਲਕਾ, 2 ਮਈ
ਜ਼ਿਲ੍ਹਾ ਪ੍ਰਸ਼ਾਸਨ ਫ਼ਾਜ਼ਿਲਕਾ ਦੀ ਦੇਖ-ਰੇਖ ਹੇਠ ਪਿੰਡ ਨਵਾਂ ਸਲੇਮ ਸ਼ਾਹ ਵਿਖੇ 15 ਏਕੜ `ਚ ਬਣਾਈ ਗਈ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ (ਕੈਟਲ ਪੌਂਡ) ਬੇਸਹਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਵਿੱਚ ਕਾਫੀ ਲਾਹੇਵੰਦ ਸਾਬਿਤ ਹੋ ਰਹੀ ਹੈ। ਇਸ ਗਊਸ਼ਾਲਾ ਵਿੱਚ ਲੋਕ ਵੀ ਖੁੱਲੇ ਦਿਲ ਨਾਲ ਸਹਿਯੋਗ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਕੀਤਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਇਸ ਕੈਟਲ ਪੋਂਡ ਵਿਖੇ ਬੇਸਹਾਰਾ ਪਸ਼ੁਆਂ ਨੂੰ ਸੰਭਾਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲੇਹ ਦੇ ਸ਼ਹਿਰਾਂ ਅੰਦਰ ਘੁੰਮ ਰਹੇ ਬੇਸਹਾਰਾ ਪਸ਼ੂਆਂ ਨੂੰ ਗਉਸ਼ਾਲਾ ਵਿਖੇ ਭੇਜਿਆ ਜਾ ਰਿਹਾ ਹੈ ਜਿਸ ਨਾਲ ਸੜਕੀ ਦੁਰਘਟਨਾਵਾ ਹੋਣ ਤੋਂ ਨਾਗਰਿਕਾਂ ਨੂੰ ਬਚਾਇਆ ਜਾ ਸਕੇ। ਇਸੇ ਤਹਿਤ ਪਿਛਲੇ ਦਿਨੀ ਚਲਾਈ ਗਈ ਮੁਹਿੰਮ ਦੌਰਾਨ ਫਾਜ਼ਿਲਕਾ ਅਤੇ ਅਬੋਹਰ ਵਿਖੇ ਘੁੰਮ ਰਹੇ 470 ਦੇ ਕਰੀਬ ਬੇਸਹਾਰਾ ਪਸ਼ੂਆਂ ਨੂੰ ਫਾਜ਼ਿਲਕਾ ਦੀ ਸਰਕਾਰੀ ਗਉਸ਼ਾਲਾ ਵਿਖੇ ਭੇਜਿਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਗਊਸ਼ਾਲਾ ਲਈ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਗਊਸ਼ਾਲਾ ਲਈ ਦਾਨ ਸਿੱਧੇ ਤੌਰ `ਤੇ ਜ਼ਿਲ੍ਹਾ ਐਨੀਮਲ ਵੈੱਲਫ਼ੇਅਰ ਸੁਸਾਇਟੀ ਦੇ ਬੈਂਕ ਖਾਤੇ ਵਿਚ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਜਾਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਟੈਲੀਫ਼ੋਨ ਨੰਬਰ 01638-260555 `ਤੇ ਸੰਪਰਕ ਕੀਤਾ ਜਾ ਸਕਦਾ ਹੈ।
ਕੇਅਰ ਟੇਕਰ ਸੋਨੂੰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਵੰਬਰ 2016 ਵਿਚ ਜ਼ਿਲ੍ਹਾ ਐਨੀਮਲ ਵੈੱਲਫ਼ੇਅਰ ਸੁਸਾਇਟੀ (ਕੈਟਲ ਪੋਂਡ) 15 ਬੇਸਹਾਰਾ ਗਉਵੰਸ਼ ਨਾਲ ਸ਼ੁਰੂ ਕੀਤੀ ਸੀ। ਇਹ ਗਊਸ਼ਾਲਾ ਵਿਚ ਛੇ ਸਾਲ ਤੋਂ ਵੱਧ ਦੇ ਅਰਸੇ ਦੌਰਾਨ 750 ਦੇ ਕਰੀਬ ਗਉਵੰਸ਼ ਦੀ ਸੰਭਾਲ ਬਾਖ਼ੂਬੀ ਕੀਤੀ ਜਾ ਰਹੀ ਹੈ। ਇਹ ਗਊਸ਼ਾਲਾ 15 ਏਕੜ `ਚ ਬਣੀ ਹੋਈ ਹੈ, ਜਿਸ ਵਿਚੋਂ 7 ਏਕੜ ਜ਼ਮੀਨ `ਚ ਹਰੇ ਚਾਰੇ ਦੀ ਬਿਜਾਈ ਕੀਤੀ ਜਾਂਦੀ ਹੈ ਜਦਕਿ 8 ਏਕੜ `ਚ 2 ਸ਼ੈੱਡਾਂ ਰਾਹੀਂ ਪਸ਼ੂਆਂ ਦੀ ਸੰਭਾਲ ਕੀਤੀ ਜਾਂਦੀ ਹੈ। ਗਊਸ਼ਾਲਾ ਵਿਖੇ ਪਸ਼ੂਆਂ ਦੇ ਚਾਰੇ ਤੇ ਦਵਾਈਆਂ, ਚਾਰੇ ਕੁਤਰਨ ਦੇ ਇੰਜਣ ਤੇ ਚਾਰਾ ਇਕੱਠਾ ਕਰਨ ਵਾਲੇ ਟਰੈਕਟਰ, ਮੁਲਾਜ਼ਮਾਂ ਦੀਆਂ ਤਨਖ਼ਾਹਾਂ ਅਤੇ ਰੱਖ-ਰਖਾਅ ਦੇ ਹੋਰ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਠੱਲ੍ਹਣ ਵਿਚ ਵੀ ਇਹ ਗਊਸ਼ਾਲਾ ਅਹਿਮ ਭੂਮਿਕਾ ਨਿਭਾਅ ਰਹੀ ਹੈ। ਸਮਾਜ ਸੇਵੀ ਤੇ ਪ੍ਰਬੰਧਕ ਕਿਸਾਨਾਂ ਦੇ ਖੇਤਾਂ ਵਿੱਚੋਂ ਪਰਾਲੀ ਤੇ ਤੂੜੀ ਚੁੱਕਦੇ ਹਨ ਅਤੇ ਕੈਟਲ ਪੌਂਡ `ਚ ਸਟੋਰ ਕਰਦੇ ਹਨ । ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਪਸ਼ੂਆਂ ਨੂੰ ਖਾਣ ਲਈ ਚਾਰਾ ਮਿਲ ਰਿਹਾ ਹੈ, ਉਥੇ ਪਰਾਲੀ ਤੇ ਹੋਰ ਫ਼ਸਲੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਠੱਲ੍ਹ ਕੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਰਿਹਾ ਹੈ।
ਗਉਸ਼ਾਲਾ ਵਿਖੇ ਵੱਖ-ਵੱਖ ਸਮਾਜ ਸੇਵੀਆਂ ਵੱਲੋਂ ਸਮੇਂ-ਸਮੇਂ ਤੇ ਤੂੜੀ ਦਾਨ ਕੀਤੀ ਜਾਂਦੀ ਹੈ। ਹਾਲ ਹੀ ਵਿਚ ਪਿੰਡ ਪੱਟੀਪੂਰਨ ਦੇ ਸਮਾਜ ਸੇਵੀ ਵਿਨੋਦ ਕੁਮਾਰ ਵੱਲੋਂ 11 ਬਾਕਸ ਜਿਸ ਵਿਚ ਕਰੀਬ 66 ਕੁਇੰਟਲ ਤੂੜੀ, ਕ੍ਰਿਸ਼ਨ ਵੱਲੋਂ 1 ਬਾਕਸ ਕਰੀਬ 6 ਕੁਇੰਟਲ, ਮੰਗਲ ਵੱਲੋਂ 1 ਬਾਕਸ ਕਰੀਬ 6 ਕੁਇੰਟਲ ਅਤੇ ਬਲਰਾਮ ਵੱਲੋਂ 2 ਬਾਕਸ ਕਰੀਬ 12 ਕੁਇੰਟਲ ਦਾਨ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ, ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਇਸ ਗਊਸ਼ਾਲਾ ਨਾਲ ਜਿਥੇ ਗਉਵੰਸ਼ ਦੀ ਸੰਭਾਲ ਸੰਭਵ ਹੋ ਸਕੀ ਹੈ, ਉਥੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲਿਆ ਹੈ।