66ਵੀਂ ਅੰਤਰ ਜ਼ਿਲ੍ਹਾ ਖੇਡਾਂ ਦੇ ਰਾਜ ਪੱਧਰੀ ਰੱਸਾਕੱਸੀ ਦੇ ਮੁਕਾਬਲੇ ਸ਼ਾਨੋ ਸ਼ੋਕਤ ਨਾਲ ਸਮਾਪਤ
ਖੇਡਾਂ ਸਾਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਦੀਆਂ ਹਨ:ਭੁੱਲਰ
ਓਵਰਆਲ ਟਰਾਫੀ ਫਿਰੋਜ਼ਪੁਰ ਜ਼ਿਲ੍ਹੇ ਦੀ ਝੋਲੀ ਪਈ
ਫਿਰੋਜ਼ਪੁਰ, 23 ਦਸੰਬਰ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 66ਵੀਆਂ ਅੰਤਰ ਜ਼ਿਲਾ ਖੇਡਾਂ ਦੇ ਰੱਸਾਕੱਸੀ ਦੇ ਰਾਜ ਪੱਧਰੀ ਮੁਕਾਬਲੇ ਐਮ. ਐਲ. ਐਮ. ਸਕੂਲ ਫ਼ਿਰੋਜ਼ਪੁਰ ਛਾਉਣੀ ਦੇ ਖੇਡ ਮੈਦਾਨ ਵਿਚ ਬੜੀ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਏ। ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਐਮ.ਐਲ.ਏ. ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਉਚੇਚੇ ਤੌਰ ਤੇ ਪਹੁੰਚੇ ਤੇ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸਾਹਿਬਾਨਾਂ ਦੀ ਹੌਸਲਾ ਅਫਜਾਈ ਕੀਤੀ।
ਵਿਧਾਇਕ ਸ. ਰਣਬੀਰ ਭੁੱਲਰ ਨੇ ਖਿਡਾਰੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਇਹ ਖਿਡਾਰੀ ਹੀ ਸਾਡੇ ਦੇਸ਼ ਦੇ ਆਉਣ ਵਾਲੇ ਭਵਿੱਖ ਵਿੱਚ ਅਹਿਮ ਯੋਗਦਾਨ ਪਾਉਣਗੇ। ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਦੀਆਂ ਹਨ ਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਅਧਿਆਪਕ ਨੂੰ ਹਰ ਵਿਦਿਆਰਥੀ ਵਿਚਲੀ ਪ੍ਰਤਿਭਾ ਨੂੰ ਪਹਿਚਾਨਣ ਦੀ ਜ਼ਰੂਰਤ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਦੇ 22 ਜ਼ਿਲ੍ਹਿਆਂ ਵਿਚੋਂ ਲਗਭਗ 1500 ਪ੍ਰਤੀਭਾਗੀਆਂ ਨੇ ਇਨ੍ਹਾਂ ਰਾਜ ਪੱਧਰੀ ਖੇਡਾਂ ਵਿੱਚ ਭਾਗ ਲਿਆ।
ਇਸ ਮੌਕੇ ਸਤਵਿੰਦਰ ਸਿੰਘ ਜ਼ਿਲ੍ਹਾ ਸਕੱਤਰ ਟੂਰਨਾਮੈਂਟ ਕਮੇਟੀ ਅਤੇ ਡੀ.ਐਮ. ਸਪੋਰਟਸ ਸ੍ਰੀ ਅਕਸ ਕੁਮਾਰ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਅੰਡਰ 14 (ਲੜਕੇ)ਵਿੱਚ ਲੁਧਿਆਣਾ ਪਹਿਲੇ ਸਥਾਨ ਤੇ ਫਿਰੋਜ਼ਪੁਰ ਦੂਸਰੇ ਸਥਾਨ ਤੇ ਅਤੇ ਤਰਨਤਾਰਨ ਤੀਸਰੇ ਸਥਾਨ ਤੇ ਅੰਡਰ 14 (ਲੜਕੀਆਂ) ਵਿਚੋਂ ਤਰਨਤਾਰਨ ਪਹਿਲੇ ਸਥਾਨ ਤੇ ਬਠਿੰਡਾ ਦੂਸਰੇ ਅਤੇ ਫਿਰੋਜ਼ਪੁਰ ਤੀਸਰੇ ਸਥਾਨ ਤੇ ਰਿਹਾ ਅਤੇ ਅੰਡਰ 17 (ਲੜਕੇ) ਵਿਚੋਂ ਪਟਿਆਲਾ ਪਹਿਲੇ ਸਥਾਨ ਤੇ ਬਰਨਾਲਾ ਦੂਸਰੇ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਤੀਸਰੇ ਸਥਾਨ ਤੇ ਅੰਡਰ 17 (ਲੜਕੀਆਂ) ਵਿਚੋਂ ਫਿਰੋਜ਼ਪੁਰ ਪਹਿਲੇ ਸਥਾਨ ਤੇ ਸੰਗਰੂਰ ਦੂਸਰੇ ਸਥਾਨ ਤੇ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਤੀਸਰੇ ਸਥਾਨ ਤੇ ਰਿਹਾ। ਉਨ੍ਹਾਂ ਦੱਸਿਆ ਕਿ ਅੰਡਰ 19 (ਲੜਕੇ) ਫਿਰੋਜ਼ਪੁਰ ਪਹਿਲੇ ਸਥਾਨ ਤੇ ਸੰਗਰੂਰ ਦੂਸਰੇ ਸਥਾਨ ਅਤੇ ਤਰਨਤਾਰਨ ਤੀਸਰੇ ਸਥਾਨ ਅਤੇ ਅੰਡਰ 19 (ਲੜਕੀਆਂ) ਫਿਰੋਜ਼ਪੁਰ ਪਹਿਲੇ ਸਥਾਨ ਤੇ ਲੁਧਿਆਣਾ ਦੂਸਰੇ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਤੀਸਰੇ ਸਥਾਨ ਤੇ ਰਿਹਾ। ਉਨ੍ਹਾਂ ਦੱਸਿਆ ਕਿ ਓਵਰ ਆਲ ਟਰਾਫ਼ੀ ਜ਼ਿਲ੍ਹਾ ਫਿਰੋਜ਼ਪੁਰ ਦੀ ਝੋਲੀ ਪਈ। ਸਟੇਜ ਸਕੱਤਰ ਦੀ ਭੂਮਿਕਾ ਰਵੀਇੰਦਰ ਸਿੰਘ ਤੇ ਹਰਜਿੰਦਰ ਹਾਂਡਾ ਜੀ ਨੇ ਬਾਖ਼ੂਬੀ ਨਿਭਾਈ।
ਇਸ ਮੌਕੇ ਸ੍ਰੀ ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੀਨੀਅਰ ਸੈਕੰਡਰੀ, ਉਪ ਸਕੱਤਰ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਮੈਡਮ ਗੁਰਪ੍ਰੀਤ ਕੌਰ, ਆਪ ਆਗੂ ਸ੍ਰੀ ਰਾਜ ਬਹਾਦਰ ਸਿੰਘ, ਸ੍ਰੀ ਬਲਰਾਜ ਕਟੋਰਾ, ਸ੍ਰੀ ਨੇਕ ਪਰਤਾਪ ਸਿੰਘ ਤੇ ਸਮੂਹ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਫਿਰੋਜ਼ਪੁਰ ਹਾਜ਼ਰ ਸਨ।