ਫਾਜਿ਼ਲਕਾ ਜਿ਼ਲ੍ਹੇ ਵਿਚ ਕਣਕ ਦੀ ਖਰੀਦ ਨੇ ਪਿੱਛਲੇ ਸਾਲ ਦਾ ਆਂਕੜਾ ਕੀਤਾ ਪਾਰ
—ਪਿੱਛਲੇ ਸਾਲ 5.97 ਲੱਖ ਮੀਟ੍ਰਿਕ ਟਨ ਦੀ ਹੋਈ ਸੀ ਕੁੱਲ ਖਰੀਦ
—ਇਸ ਸਾਲ ਇਸਤੋਂ ਪਹਿਲਾਂ 615015 ਮੀਟ੍ਰਿਕ ਟਨ ਕਣਕ ਦੀ ਹੋ ਚੁੱਕੀ ਹੈ ਖਰੀਦ
ਫਾਜਿ਼ਲਕਾ, 2 ਮਈ
ਫਾਜਿ਼ਲਕਾ ਜਿ਼ਲ੍ਹੇ ਵਿਚ ਕਣਕ ਦੀ ਖਰੀਦ ਨੇ ਪਿੱਛਲੇ ਸਾਲ ਦੇ ਆਂਕੜੇ ਨੂੰ ਪਾਰ ਕਰ ਲਿਆ ਹੈ। ਪਿੱਛਲੇ ਸਾਲ ਜਿ਼ਲ੍ਹੇ ਦੀਆਂ ਮੰਡੀਆਂ ਵਿਚ ਕੁੱਲ 5.97 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋਈ ਸੀ ਪਰ ਇਸ ਸਾਲ ਇਸ ਤੋਂ ਪਹਿਲਾਂ 615015 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਦ ਕਿ ਹਾਲੇ ਵੀ ਮੰਡੀਆਂ ਵਿਚ ਕਣਕ ਦੀ ਆਮਦ ਜਾਰੀ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਇਸ ਸਾਲ 48 ਘੰਟੇ ਪਹਿਲਾਂ ਤੱਕ ਖਰੀਦ ਕੀਤੀ ਗਈ ਕਣਕ ਦੀ ਅਦਾਇਗੀ ਦੀ ਰਕਮ 1194.61 ਕਰੋੜ ਰੁਪਏ ਦੀ ਬਣਦੀ ਹੈ ਇਸ ਵਿਚੋਂ 1164.987 ਕਰੋੜ ਰੁਪਏ ਦੇ ਐਡਵਾਇਸ ਜਨਰੇਟ ਹੋ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਣਕ ਦੀ ਬੰਪਰ ਪੈਦਾਵਾਰ ਲਈ ਜਿ਼ਲ੍ਹੇ ਦੇ ਮਿਹਨਤੀ ਕਿਸਾਨਾਂ ਨੂੰ ਵਧਾਈ ਦਿੱਤੀ ਹੈ ਅਤੇ ਦੇਸ਼ ਦੇ ਅੰਨ ਭੰਡਾਰ ਭਰਨ ਵਿਚ ਉਨ੍ਹਾਂ ਦੀ ਭੁਮਿਕਾ ਦੀ ਸਲਾਘਾ ਕੀਤੀ ਹੈ।ਉਨ੍ਹਾਂ ਨੇ ਹੋਰ ਦੱਸਿਆ ਕਿ ਬੀਤੇ ਇਕ ਦਿਨ ਵਿਚ ਜਿ਼ਲ੍ਹੇ ਦੀਆਂ ਮੰਡੀਆਂ ਵਿਚ 16952 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਮੰਡੀਆਂ ਵਿਚ ਆਉਣ ਵਾਲੀ ਫਸਲ ਦੀ ਨਾਲੋ ਨਾਲ ਖਰੀਦ ਕੀਤੀ ਜਾ ਰਹੀ ਹੈ।
ਓਧਰ ਜਿ਼ਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਰਾਜ ਰਿਸ਼ੀ ਮਹਿਰਾ ਨੇ ਦੱਸਿਆ ਕਿ ਪਨਗ੍ਰੇਨ ਵੱਲੋਂ ਸੈਂਟਰਲ ਪੂਲ ਲਈ 126367 ਮੀਟ੍ਰਿਕ ਟਨ ਅਤੇ ਸਟੇਟ ਪੂਲ ਲਈ 37944 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਮਾਰਕਫੈਡ ਵੱਲੋਂ 169760 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਪਨਸਪ ਵੱਲੋਂ ਹੁਣ ਤੱਕ 164001 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਪੰਜਾਬ ਰਾਜ ਵੇਅਰ ਹਾਉਸ ਕਾਰਪੋਰੇਸ਼ਨ ਵੱਲੋਂ 94024 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਜਦ ਕਿ ਭਾਰਤੀ ਖੁਰਾਕ ਨਿਗਮ ਨੇ 7297 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸੇ ਤਰਾਂ ਪ੍ਰਾਇਵੇਟ ਵਪਾਰੀਆਂ ਵੱਲੋਂ 15622 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ।