ਨਰਦੇਵ ਸਿੰਘ ਬੋਬੀ ਮਾਨ ਨੂੰ ਟਿਕਟ ਮਿਲਣ ਤੇ ਵਰਕਰ ਹੋਏ ਬਾਗੋਬਾਗ, ਮੁੜ ਬਣਿਆ 1998 ਵਾਲਾ ਮਾਹੌਲ

ਜਸਵਿੰਦਰ ਸਿੰਘ ਸੰਧੂ

ਫਿਰੋਜ਼ਪੁਰ 23 ਅਪ੍ਰੈਲ। 1998 ਦੀਆਂ ਲੋਕ ਸਭਾ ਚੋਣਾਂ ਵਿੱਚ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਜਦੋਂ ਨਿਧੜਕ ਤੇ ਮਾਲਵੇ ਦੀ ਸਿਆਸਤ ਦੇ ਬਾਬਾ ਬੋਹੜ ਸ.ਜੋਰਾ ਸਿੰਘ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ ਸੀ ਤਾਂ ਉਸ ਸਮੇਂ ਵਰਕਰਾਂ ਵਿੱਚ ਪੂਰਾ ਜੋਸ਼ ਭਰ ਗਿਆ ਸੀ ਤੇ ਉਨਾਂ ਨੇ ਲਗਾਤਾਰ ਤਿੰਨ ਵਾਰ ਲੋਕ ਸਭਾ ਚੋਣਾਂ ਜਿੱਤ ਕੇ ਜਿੱਥੇ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਉੱਥੇ ਉਨਾਂ ਨੇ ਕਈ ਕੀਰਤੀਮਾਨ ਵੀ ਸਥਾਪਿਤ ਕੀਤੇ। ਉਨਾਂ ਵੱਲੋਂ ਆਪਣੇ ਅਖਤਿਆਰੀ ਫੰਡ ਰਾਹੀਂ ਹਲਕੇ ਦੇ ਕਰਵਾਏ ਗਏ ਬਹੁਪੱਖੀ ਵਿਕਾਸ ਤੇ ਖਰੇ ਬੋਲਾਂ ਵਾਲੀ ਪਿਆਰ ਤੇ ਸਤਿਕਾਰ ਵਾਲੀ ਮਿਲਵਰਤਣੀ ਤੇ ਅੜੇ ਹੋਏ ਕੰਮ ਸਿਰੇ ਲਾਉਣ ਵਾਲੀ ਅਦਾ ਦੇ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵੋਟਰ ਅੱਜ ਵੀ ਕੀਲੇ ਹੋਏ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਦੋਂ ਜੋਰਾ ਸਿੰਘ ਮਾਨ ਦੇ ਫਰਜੰਦ ਨਰਦੇਵ ਸਿੰਘ ਬੋਬੀ ਮਾਨ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਤਾਂ ਉਸ ਸਮੇਂ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਵਿੱਚ 1998 ਦਾ ਮਾਹੌਲ ਬਣ ਗਿਆ ਤੇ ਵਰਕਰ ਬਾਗੋ ਬਾਗ ਹੋ ਗਏ। ਲੋਕ ਮਾਨ ਪਰਿਵਾਰ ਨੂੰ ਚੌਥੀ ਵਾਰ ਲੋਕ ਸਭਾ ਦੀਆਂ ਪੌੜੀਆਂ ਚੜਾਉਣ ਦੀ ਤਿਆਰੀ ਕਰੀ ਬੈਠੇ ਹਨ। ਅਸੀਂ ਵੀ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੋਬੀ ਮਾਨ ਨੂੰ ਟਿਕਟ ਦਿੱਤੇ ਜਾਣ ਦੀ ਲੋਕ ਆਵਾਜ਼ ਆਪਣੇ ਚੈਨਲ ਰਾਹੀਂ ਚੱਕੀ ਸੀ। ਮਰਹੂਮ ਜੋਰਾ ਸਿੰਘ ਮਾਨ ਦੀ ਗੱਲ ਕਰੀਏ ਤਾਂ ਉਹ ਇੱਕ ਅਜਿਹੇ ਆਗੂ ਸਨ ਜਿਨਾਂ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ ਉਹ ਹਮੇਸ਼ਾ ਆਪਣੀ ਨਿਧੜਕ ਆਵਾਜ਼ ਕਰਕੇ ਜਾਣੇ ਜਾਣਗੇ। ਉਹ ਆਪਣੀ ਪਾਰਟੀ ਦੇ ਵਰਕਰ ਨਾਲ ਚਟਾਨ ਵਾਂਗ ਖੜਦੇ ਸਨ ਤੇ ਕਦੇ ਵੀ ਵਰਕਰ ਦੀ ਪਿੱਠ ਉਹਨਾਂ ਲੱਗਣ ਨਹੀਂ ਦਿੱਤੀ। ਵਰਕਰਾਂ ਵਿੱਚ ਪਹਿਲਾਂ ਤੋਂ ਹੀ ਕਿਆਸ ਲਾਏ ਜਾ ਰਹੇ ਸਨ ਕਿ ਬੋਬੀ ਮਾਨ ਜੋਰਾ ਸਿੰਘ ਮਾਨ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਜਿੱਥੇ ਮਜਬੂਤ ਕਰ ਸਕਦੇ ਹਨ ਉੱਥੇ ਉਹ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾ ਸਕਦੇ ਹਨ। ਇਸ ਤੋਂ ਪਹਿਲਾਂ ਵੀ ਬੋਬੀ ਮਾਨ ਨੂੰ ਜਦੋਂ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀ ਵੀ ਜਿੰਮੇਵਾਰੀ ਸੌਂਪੀ ਗਈ ਹੈ ਉਹਨਾਂ ਨੇ ਪੂਰੀ ਮਿਹਨਤ ਤੇ ਇਮਾਨਦਾਰੀ ਨਾਲ ਨਿਭਾਉਂਦਿਆਂ ਉਸ ਦੇ ਨਤੀਜੇ ਵੀ ਸਾਰਥਕ ਦਿੱਤੇ ਹਨ। 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਹਨਾਂ ਨੂੰ ਅਬੋਹਰ ਵਿਧਾਨ ਸਭਾ ਹਲਕੇ ਦੀ ਜਿੰਮੇਵਾਰੀ ਸੌਂਪੀ ਗਈ ਤਾਂ ਭਾਜਪਾ ਦੇ ਸਮਝੇ ਜਾਣ ਵਾਲੇ ਇਸ ਹਲਕੇ ਤੋਂ ਉਹਨਾਂ ਦੀ ਮਿਹਨਤ ਨੇ 26 ਹਜਾਰ ਦੀ ਲੀਡ ਸੁਖਬੀਰ ਸਿੰਘ ਬਾਦਲ ਨੂੰ ਦਵਾਈ ਸੀ। ਮਾਨ ਪਰਿਵਾਰ ਦਾ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਲੋਕਾਂ ਨਾਲ ਗੂੜਾ ਪਿਆਰ ਹੈ ਤੇ ਲੋਕ ਇਹਨਾਂ ਚੋਣਾਂ ਵਿੱਚ ਵੀ ਉਨਾਂ ਨੂੰ ਪੂਰਨ ਸਮਰਥਨ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਦੇ ਸਕਦੇ ਹਨ। ਬੋਬੀ ਮਾਨ ਨੂੰ ਟਿਕਟ ਮਿਲਣ ਤੇ ਮਾਨ ਪਰਿਵਾਰ ਦੇ ਸਮਰਥਕਾਂ ਤੇ ਅਕਾਲੀ ਵਰਕਰਾਂ ਦਾ ਚਾਅ, ਉਤਸਾਹ ਤੇ ਜੋਸ਼ ਤੇਜ ਹੋ ਗਿਆ। ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵੱਖ-ਵੱਖ ਆਗੂਆਂ ਤੇ ਵਰਕਰਾਂ ਵੱਲੋਂ ਬੋਬੀ ਮਾਨ ਨੂੰ ਟਿਕਟ ਮੰਗ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਜਾ ਰਿਹਾ ਹੈ।

CATEGORIES
TAGS
Share This

COMMENTS

Wordpress (0)
Disqus (0 )
Translate