ਆਖਿਰ ਫੜਿਆ ਗਿਆ ਕਰੋੜਾਂ ਰੁਪਏ ਦੇ ਪੌਂਜੀ ਘੁਟਾਲੇ ਦਾ ਕਿੰਗਪਿਨ ਨੀਰਜ ਅਰੋੜਾ

100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ

ਫਾਜ਼ਿਲਕਾ 9 ਅਪ੍ਰੈਲ। ਲੋਕਾਂ ਨੂੰ ਘੱਟ ਪੈਸੇ ਨਿਵੇਸ਼ ਕਰਕੇ ਵੱਧ ਪੈਸੇ ਮੋੜਨ ਤੇ ਕਾਗਜ਼ਾਂ ਵਿੱਚ ਪਲਾਟ ਵੇਚਣ ਵਾਲੇ ਕਰੋੜਾਂ ਰੁਪਏ ਦੇ ਪੌਂਜੀ ਘੁਟਾਲੇ ਦੇ ਕਿੰਗਪਿੰਨ ਨੀਰਜ ਅਰੋੜਾ ਨੂੰ ਪੁਲਿਸ ਵੱਲੋਂ ਕਈ ਸਾਲਾਂ ਦੀ ਮੁਸ਼ੱਕਤ ਬਾਅਦ ਆਖਿਰ ਗਿਰਫ਼ਤਾਰ ਕਰ ਲਿਆ ਗਿਆ ਹੈ। ਉਹ ਪਿਛਲੇ 7 ਸਾਲਾਂ ਤੋਂ ਫ਼ਰਾਰ ਸੀ ਤੇ ਉਸ ਉੱਪਰ 2 ਲੱਖ ਰੁਪਏ ਦਾ ਇਨਾਮ ਵੀ ਸੀ। ਇਹ ਸਫਲਤਾ ਫਾਜਿਲਕਾ ਤੇ ਫਰੀਦਕੋਟ ਜ਼ਿਲ੍ਹਿਆਂ ਦੀ ਪੁਲਿਸ ਦੇ ਹੱਥ ਲੱਗੀ ਹੈ। ਜੇਕਰ ਕਾਗਜੀ ਕਾਰਵਾਈ ਦੀ ਗੱਲ ਕਰੀਏ ਤਾਂ ਅਬੋਹਰ ਨਿਵਾਸੀ ਨੀਰਜ ਅਰੋੜਾ ਸੂਬੇ ਦੇ 18 ਜਿਲਿਆਂ ਦੇ ਲੋਕਾਂ ਨਾਲ 45 ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਦੇ 107 ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ।
ਨੀਰਜ ਅਰੋੜਾ ਨੇ ਸ਼ੁਰੂਆਤ ਪ੍ਰੋਡਕਟ ਬੇਸ ਮਾਰਕੀਟਿੰਗ ਕੰਪਨੀ ਤੋਂ ਕੀਤੀ ਸੀ। ਜਿਸ ਦਾ ਨਾਮ ਨੇਚਰਵੇ ਹੁੰਦਾ ਸੀ। ਸਾਲ 2010 ਵਿੱਚ ਮਾਰਕੀਟਿੰਗ ਲਾਈਨ ਤੋਂ ਨੀਰਜ ਅਰੋੜਾ ਨੇ ਰੀਅਲ ਸਟੇਟ ਦੇ ਕਾਰੋਬਾਰ ਵਿੱਚ ਹੱਥ ਅਜਮਾਉਣ ਲਈ ਨੇਚਰ ਹਾਈਟਸ ਨਾਂ ਦੀ ਕੰਪਨੀ ਸ਼ੁਰੂ ਕੀਤੀ ਤੇ ਲੋਕਾਂ ਨੂੰ ਘੱਟ ਸਮੇਂ ਵਿੱਚ ਵੱਧ ਪੈਸੇ ਮੋੜਨ ਦੇ ਵਾਅਦੇ ਨਾਲ ਧੜੱਲੇ ਨਾਲ ਕੁਝ ਸਮਾਂ ਕੰਮ ਕੀਤਾ। ਇਸ ਕੰਪਨੀ ਵਿੱਚ ਨੀਰਜ ਦੇ ਨਾਲ ਗੌਰਵ ਛਾਬੜਾ ਵੀ ਕੰਪਨੀ ਦਾ ਡਾਇਰੈਕਟਰ ਸੀ। ਲੋਕਾਂ ਨੇ ਕਰੋੜਾਂ ਰੁਪਏ ਇਸ ਕੰਪਨੀ ਵਿੱਚ ਇਨਵੈਸਟ ਕੀਤੇ ਪਰ ਅਖੀਰ ਉਹਨਾਂ ਦੇ ਹੱਥ ਧੋਖਾ ਲੱਗਿਆ। ਲੋਕਾਂ ਨੇ ਪਾਈ ਪਾਈ ਜੋੜ ਕੇ ਇਸ ਦੀ ਕੰਪਨੀ ਵਿੱਚ ਇਨਵੈਸਟ ਕੀਤਾ ਸੀ।
ਫਿਰ ਨੀਰਜ ਅਰੋੜਾ ਖਿਲਾਫ ਲੋਕਾਂ ਨਾਲ ਠੱਗੀ ਮਾਰਨ ਦੇ ਮੁਕਦਮੇ ਦਰਜ ਹੋਏ। ਵੱਖ ਵੱਖ ਜ਼ਿਲਿਆਂ ਦੇ ਪੀੜਤਾਂ ਨਾਲ 50 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਕਰੀਬ 110 ਮੁਕਦਮੇ ਉਸ ਖਿਲਾਫ ਦਰਜ ਹਨ। ਨੀਰਜ ਅਰੋੜਾ ਉਸ ਦੀ ਪਤਨੀ ਤੇ ਹੋਰ ਉਸਦੇ ਸਾਥੀ ਪਿਛਲੇ ਕਰੀਬ ਸੱਤ ਸਾਲਾਂ ਤੋਂ ਫਰਾਰ ਸਨ। ਇਕੱਲੇ ਫ਼ਾਜ਼ਿਲਕਾ ਜ਼ਿਲੇ ਵਿੱਚ ਨੀਰਜ ਅਰੋੜਾ ਤੇ ਉਸਦੇ ਸਾਥੀਆਂ ਖਿਲਾਫ ਧੋਖਾਧੜੀ ਦੇ 47 ਮੁਕਦਮੇ ਦਰਜ ਹਨ। ਪੁਲਿਸ ਦੇ ਹੱਥ ਨਾ ਆਵੇ ਇਸ ਲਈ ਨੀਰਜ ਅਰੋੜਾ ਤੇ ਉਸਦੀ ਘਰਵਾਲੀ ਫਰਜ਼ੀ ਪਛਾਣ ਪੱਤਰ ਬਣਾ ਕੇ ਵੱਖ-ਵੱਖ ਥਾਵਾਂ ਤੇ ਰਹਿੰਦੇ ਆ ਰਹੇ ਹਨ। ਉਹ ਟਿਕਾਣੇ ਬਦਲ ਲੈਂਦੇ ਸਨ ਜਿਸ ਕਾਰਨ ਪੁਲਿਸ ਨੂੰ ਫੜਨਾ ਮੁਸ਼ਕਿਲ ਸੀ। ਕਰੀਬ ਇੱਕ ਮਹੀਨਾ ਪਹਿਲਾਂ ਫ਼ਾਜ਼ਿਲਕਾ ਤੇ ਫਰੀਦਕੋਟ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਸਾਂਝਾ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ ਤੇ ਪੁਲਿਸ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਇਹਨਾਂ ਦੀ ਭਾਲ ਕੀਤੀ ਗਈ। ਅਖੀਰ ਪੁਲਿਸ ਦੇ ਹੱਥ ਜਾਣਕਾਰੀਆਂ ਲੱਗੀਆਂ ਤਾਂ ਨੀਰਜ ਅਰੋੜਾ ਨੂੰ ਉੱਤਰਾਖੰਡ ਦੇ ਪੌੜੀ ਕਸਬੇ ਤੋਂ ਗ੍ਰਿਫਤਾਰ ਕੀਤਾ ਗਿਆ। ਨੀਰਜ ਅਰੋੜਾ ਪਿਛਲੇ ਸੱਤ ਸਾਲਾਂ ਤੋਂ ਪੁਲਿਸ ਦੀ ਗਿਰਫਤ ਤੋਂ ਦੂਰ ਸੀ। ਪਰ ਇਹ ਕਹਾਵਤ ਵੀ ਸੱਚ ਹੀ ਹੈ ਕਿ 100 ਦਿਨ ਚੋਰ ਦਾ ਤੇ ਇੱਕ ਦਿਨ ਸਾਧ ਦਾ।

CATEGORIES
TAGS
Share This

COMMENTS

Wordpress (0)
Disqus (0 )
Translate