ਸ਼੍ਰੋਮਣੀ ਅਕਾਲੀ ਦਲ ਵੱਲੋਂ ਬੌਬੀ ਮਾਨ ਨੂੰ ਫਿਰੋਜ਼ਪੁਰ ਹਲਕੇ ਤੋਂ ਉਮੀਦਵਾਰ ਬਣਾਏ ਜਾਣ ਦੀ ਮੰਗ ਫੜਨ ਲੱਗੀ ਜ਼ੋਰ

ਲੋਕ ਅੱਜ ਵੀ ਯਾਦ ਕਰਦੇ ਹਨ ਮਰਹੂਮ ਜੋਰਾ ਸਿੰਘ ਮਾਨ ਦੇ ਕੀਤੇ ਕੰਮਾਂ ਨੂੰ

ਫਿਰੋਜ਼ਪੁਰ 30 ਮਾਰਚ। ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਵੱਖ-ਵੱਖ ਪਾਰਟੀਆਂ ਵੱਲੋਂ ਐਲਾਨੇ ਜਾਣ ਵਾਲੇ ਉਮੀਦਵਾਰਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਲੋਕਾਂ ਵੱਲੋਂ ਲਾਏ ਜਾ ਰਹੇ ਹਨ। ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਇੱਥੋਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੋਕ ਸਭਾ ਮੈਂਬਰ ਬਣੇ ਸਨ। ਐਤਕੀ ਪੂਰਨ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਹ ਖੁਦ ਚੋਣਾਂ ਨਹੀਂ ਲੜਨਗੇ ਤਾਂ ਇਸ ਲਈ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕੋਈ ਹੋਰ ਉਮੀਦਵਾਰ ਹੋਵੇਗਾ। ਉਧਰ ਜੇਕਰ ਫਿਰੋਜ਼ਪੁਰ ਲੋਕ ਸਭਾ ਹਲਕੇ ਅਧੀਨ ਪੈਂਦੇ ਵੱਖ-ਵੱਖ ਵਿਧਾਨ ਸਭਾ ਹਲਕੇ ਦੇ ਅਕਾਲੀ ਵਰਕਰਾਂ ਦੀ ਰਮਜ ਨੂੰ ਸਮਝੀਏ ਤਾਂ ਉਹਨਾਂ ਵੱਲੋਂ ਮਰਹੂਮ ਲੋਕ ਸਭਾ ਮੈਂਬਰ ਸ.ਜੋਰਾ ਸਿੰਘ ਮਾਨ ਦੇ ਪੁੱਤਰ ਨਰਦੇਵ ਸਿੰਘ ਬੋਬੀ ਮਾਨ ਨੂੰ ਟਿਕਟ ਦਿੱਤੇ ਜਾਣ ਦੀ ਮੰਗ ਲਗਾਤਾਰ ਜ਼ੋਰ ਫੜ ਰਹੀ ਹੈ। ਬੇਸ਼ੱਕ ਫੈਸਲਾ ਪਾਰਟੀ ਪ੍ਰਧਾਨ ਤੇ ਲੀਡਰਸ਼ਿਪ ਨੇ ਕਰਨਾ ਹੈ ਪਰ ਲੋਕਾਂ ਵੱਲੋਂ ਉੱਠ ਰਹੀ ਮੰਗ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤੀ ਦਾ ਮੁੜ ਮੁੱਢ ਬੰਨ ਸਕਦੀ ਹੈ।
ਜੇਕਰ ਇਤਿਹਾਸ ਵੱਲ ਝਾਤ ਮਾਰੀਏ ਤਾਂ ਫਿਰੋਜ਼ਪੁਰ ਲੋਕ ਸਭਾ ਹਲਕੇ ਤੇ ਲਗਭਗ ਕਾਂਗਰਸ ਦਾ ਕਬਜ਼ਾ ਰਿਹਾ ਹੈ ਪਰ 1997 ਵਿੱਚ ਪਹਿਲੀ ਵਾਰ ਇਥੋਂ ਸਰਦਾਰ ਜੋਰਾ ਸਿੰਘ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਬਣਾਇਆ ਸੀ ਤਾਂ ਉਹਨਾਂ ਨੇ ਇਸ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਮੁੱਢ ਬੰਨਿਆ ਸੀ ਤੇ ਉਨਾਂ ਨੇ ਲਗਾਤਾਰ ਤਿੰਨ ਵਾਰ ਲੋਕ ਸਭਾ ਚੋਣਾਂ ਜਿੱਤ ਕੇ ਜਿੱਥੇ ਪਾਰਟੀ ਨੂੰ ਹਲਕੇ ਵਿੱਚ ਮਜਬੂਤ ਕੀਤਾ ਸੀ ਉੱਥੇ ਉਹਨਾਂ ਨੇ ਆਪਣੇ ਕਾਰਜਕਾਲ ਦੌਰਾਨ ਲੋਕ ਸਭਾ ਹਲਕੇ ਦੇ ਲੋਕਾਂ ਦਾ ਦਿਲ ਵੀ ਜਿੱਤਿਆ ਸੀ।ਜੋਰਾ ਸਿੰਘ ਮਾਨ ਇੱਕ ਧੜੱਲੇਦਾਰ ਤੇ ਜੁਅਰਤ ਵਾਲੇ ਸਿਆਸੀ ਆਗੂ ਸਨ। ਉਹਨਾਂ ਨੇ ਆਪਣੀ ਪਹੁੰਚ ਹਰ ਇੱਕ ਪਿੰਡ ਤੱਕ ਬਣਾਈ ਹੋਈ ਸੀ। ਆਮ ਤੌਰ ਤੇ ਲੋਕ ਸਭਾ ਮੈਂਬਰ ਲੋਕਾਂ ਵਿੱਚ ਘੱਟ ਹੀ ਵਿਚਰਦੇ ਹਨ ਪਰ ਉਹ ਪਿੰਡਾਂ ਵਿੱਚ ਜਾ ਕੇ ਲੋਕਾਂ ਦੇ ਦਿਲਾਂ ਚ ਵਸੇ ਹੋਏ ਸਨ। ਜੋਰਾ ਸਿੰਘ ਮਾਨ ਅਜਿਹੇ ਲੋਕ ਸਭਾ ਮੈਂਬਰ ਰਹੇ ਸਨ ਜਿਨਾਂ ਦਾ ਜਿੱਥੇ ਲੋਕਾਂ ਨਾਲ ਅਥਾਹ ਮਿਲਣਸਾਰਤਾ ਤੇ ਪਿਆਰ ਸੀ ਉੱਥੇ ਬਤੌਰ ਲੋਕ ਸਭਾ ਮੈਂਬਰ ਮਿਲਣ ਵਾਲੀ ਕੋਟੇ ਦੀ ਗਰਾਂਟ ਦੀ ਸਹੀ ਵਰਤੋਂ ਕਰਨ ਬਦਲੇ ਉਹਨਾਂ ਨੂੰ ਲੋਕ ਸਭਾ ਵੱਲੋਂ ਸਨਮਾਨ ਵੀ ਮਿਲਦਾ ਰਿਹਾ ਹੈ। ਸਰਦਾਰ ਜੋਰਾ ਸਿੰਘ ਮਾਨ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਉਹਨਾਂ ਦੇ ਸਪੁੱਤਰ ਵਰਦੇਵ ਸਿੰਘ ਨੋਨੀ ਮਾਨ ਗੁਰੂ ਹਰਸਹਾਏ ਵਿਧਾਨ ਸਭਾ ਹਲਕੇ ਦੀ ਸੇਵਾ ਕਰ ਰਹੇ ਹਨ। ਛੋਟੇ ਪੁੱਤਰ ਨਰਦੇਵ ਸਿੰਘ ਬੋਬੀ ਮਾਨ ਜਿਨਾਂ ਨੂੰ ਜਿੱਥੇ ਸਿਆਸਤ ਦਾ ਚੰਗਾ ਤਜਰਬਾ ਹੈ ਉਥੇ ਸਰਦਾਰ ਜੋਰਾ ਸਿੰਘ ਮਾਨ ਦੀ ਚੋਣ ਮੁਹਿੰਮ ਨੂੰ ਵੀ ਉਹ ਕਈ ਹਲਕਿਆਂ ਵਿੱਚ ਬੇਹਤਰ ਢੰਗ ਨਾਲ ਸਾਂਭਦੇ ਰਹੇ ਹਨ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਉਹਨਾਂ ਵਲੋਂ ਅਬੋਹਰ ਵਿਧਾਨ ਸਭਾ ਹਲਕੇ ਦਾ ਚਾਰਜ ਸੰਭਾਲਿਆ ਗਿਆ ਸੀ ਤੇ ਉਹਨਾਂ ਦੀ ਅਗਵਾਈ ਵਿੱਚ ਪਹਿਲੀ ਵਾਰ ਇਸ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਨੂੰ 29000 ਦੀ ਲੀਡ ਮਿਲੀ ਸੀ। ਜਦੋਂ ਕਿ ਅਬੋਹਰ ਵਿਧਾਨ ਸਭਾ ਹਲਕਾ ਭਾਜਪਾ ਦੇ ਖਾਤੇ ਵਾਲਾ ਵੱਜਦਾ ਹੈ। ਲੋਕਾਂ ਦੀ ਅੰਦਰੋਂ ਅੰਦਰੀ ਇਹ ਆਵਾਜ਼ ਸਾਹਮਣੇ ਆ ਰਹੀ ਹੈ ਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨਰਦੇਵ ਸਿੰਘ ਬੋਬੀ ਮਾਨ ਨੂੰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਦਾ ਹੈ ਤਾਂ ਜਿੱਥੇ ਉਹ ਮਜਬੂਤ ਉਮੀਦਵਾਰ ਹੋਣਗੇ ਉੱਥੇ ਉਹ ਇਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵੀ ਪਾ ਸਕਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਕਿਸ ਨੂੰ ਉਮੀਦਵਾਰ ਬਣਾਉਂਦਾ ਹੈ।

CATEGORIES
Share This

COMMENTS

Wordpress (0)
Disqus (0 )
Translate