ਖੇਤੀਬਾੜੀ ਅਫਸਰ ਨੇ ਆਪਣੇ ਖੇਤ ਹੀ ਲਾਈ ਪਰਾਲੀ ਨੂੰ ਅੱਗ,ਡੀਸੀ ਨੇ ਦਿੱਤੇ ਜਾਂਚ ਦੇ ਹੁਕਮ
ਬਠਿੰਡਾ 17 ਨਵੰਬਰ
ਦੇਸ਼ ਭਰ ਵਿੱਚ ਝੋਨੇ ਦੀ ਪਰਾਲੀ ਸਾੜਨ ਨੂੰ ਲੈ ਕੇ ਵਿਵਾਦ ਹੋ ਰਿਹਾ ਹੈ। ਜਿਸ ਨੂੰ ਲੈ ਕੇ ਦੇਸ਼ ਦੀ ਸਰਬ ਉੱਚ ਅਦਾਲਤ ਸੁਪਰੀਮ ਕੋਰਟ ਵੀ ਸਖਤ ਨਜ਼ਰ ਰੱਖੀ ਜਾ ਰਹੀ ਹੈ। ਜਿਸ ਦੇ ਚਲਦਿਆਂ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਨੂੰ ਲੈ ਕੇ ਖੇਤੀਬਾੜੀ ਵਿਭਾਗ ਦੇ ਮੋਢਿਆਂ ਤੇ ਜਿੰਮੇਵਾਰੀ ਦਿੱਤੀ ਹੈ। ਹੁਣ ਖੇਤੀਬਾੜੀ ਵਿਭਾਗ ਦੇ ਅਫਸਰ ਪੁਲਿਸ ਦੀ ਪੂਰੀ ਟੀਮ ਨੂੰ ਨਾਲ ਲੈ ਕੇ ਉਹਨਾਂ ਖੇਤਾਂ ਵਿੱਚ ਪਹੁੰਚਦੇ ਹਨ ਜਿੱਥੇ ਪਰਾਲੀ ਨੂੰ ਅੱਗ ਲਾਈ ਹੁੰਦੀ ਹੈ ਅਤੇ ਕਿਸਾਨ ਦੇ ਖਿਲਾਫ ਕਾਰਵਾਈ ਵੀ ਹੁੰਦੀ ਹੈ ਜਾਂ ਫਿਰ ਉਹਨਾਂ ਨੂੰ ਜੁਰਮਾਨਾ ਕੀਤਾ ਜਾਂਦਾ ਹੈ ਪਰੰਤੂ ਜੇਕਰ ਖੇਤੀਬਾੜੀ ਵਿਭਾਗ ਦੇ ਅਫਸਰ ਹੀ ਆਵਦੇ ਖੇਤਾਂ ਵਿੱਚ ਖੁਦ ਪਰਾਲੀ ਨੂੰ ਅੱਗ ਲਾਉਣਗੇ ਤਾਂ ਉਹ ਦੂਜਿਆਂ ਨੂੰ ਕੀ ਸੰਦੇਸ਼ ਦੇਣਗੇ ਇਹ ਤਾਂ ਉਹ ਕਹਾਵਤ ਹੋਈ ਕਿ ਦੀਵੇ ਥੱਲੇ ਹਨੇਰਾ।
ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਬਠਿੰਡਾ ਦੇ ਬਲਾਕ ਖੇਤੀਬਾੜੀ ਅਫ਼ਸਰ ਜਿਨਾਂ ਦੀ ਖੁਦ ਦੀ ਮਾਲਕੀ ਦਾ ਖੇਤ ਪਿੰਡ ਨੰਦਗੜ੍ਹ ਬਲਾਕ ਸੰਗਤ ਜ਼ਿਲਾ ਬਠਿੰਡਾ ਵਿੱਚ ਹੈ ਉਨਾਂ ਨੇ ਖੁਦ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਈ ਹੈ। ਜਿਸ ਦੀ ਵੀਡੀਓ ਪਿੰਡ ਦੇ ਹੀ ਲੋਕਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਖੇਤੀਬਾੜੀ ਅਫਸਰ ਨੂੰ ਲੈ ਕੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ। ਹੁਣ ਲੋਕ ਸਵਾਲ ਕਰ ਰਹੇ ਨੇ ਕਿ ਇਸ ਖੇਤੀਬਾੜੀ ਅਫਸਰ ਦੇ ਖਿਲਾਫ ਕੋਈ ਕਾਰਵਾਈ ਕਰੇਗਾ ਜਾਂ ਫਿਰ ਇਸ ਨੂੰ ਸਨਮਾਨਿਤ ਕੀਤਾ ਜਾਵੇਗਾ।
ਉਧਰ ਇਸ ਮਾਮਲੇ ਨੂੰ ਲੈ ਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਮਾਮਲੇ ਦੀ ਰਿਪੋਰਟ ਮੰਗੀ ਹੈ। ਜੇਕਰ ਰਿਪੋਰਟ ਵਿੱਚ ਪਰਾਲੀ ਨੂੰ ਅੱਗ ਲਾਉਣ ਦੀ ਪੁਸ਼ਟੀ ਹੁੰਦੀ ਹੈ ਤਾਂ ਇਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।