PAU ਨੇ ਪ੍ਰਧਾਨ ਮੰਤਰੀ ਫੈਲੋਸ਼ਿਪ ਜਿੱਤਣ ਵਾਲੇ 9 ਵਿਦਿਆਰਥੀਆਂ ਦੀ ਖੁਸ਼ੀ ਸਾਂਝੀ ਕੀਤੀ
ਲੁਧਿਆਣਾ 27 ਨਵੰਬਰ
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ 9 ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ 2024 ਵਿੱਚ PHD ਖੋਜ ਲਈ ਪ੍ਰਧਾਨ ਮੰਤਰੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ। ਇਕ ਵਿਸ਼ੇਸ਼ ਸਮਾਰੋਹ ਵਿਚ ਇਸ ਪ੍ਰਾਪਤੀ ਉੱਪਰ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ ਗਿਆ। ਇਹ ਪੀ ਐੱਚ ਡੀ ਖੋਜ ਵਾਸਤੇ ਵੱਕਾਰੀ ਫੈਲੋਸ਼ਿਪ ਹੈ, ਜੋ ਨਿੱਜੀ ਜਨਤਕ ਸਾਂਝੇਦਾਰੀ ਰਾਹੀਂ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ ਅਤੇ ਭਾਰਤੀ ਉਦਯੋਗ ਸੰਘ ਦੁਆਰਾ ਸਾਂਝੇ ਤੌਰ ਤੇ ਦਿੱਤੀ ਜਾਂਦੀ ਹੈ । ਇਸ ਫੈਲੋਸ਼ਿਪ ਦਾ ਉਦੇਸ਼ ਦੇਸ਼ ਵਿੱਚ ਉਦਯੋਗ-ਸੰਬੰਧਿਤ ਖੋਜ ਨੂੰ ਉਤਸ਼ਾਹਿਤ ਕਰਕੇ ਭਵਿੱਖ ਵਿਚ ਉਦਯੋਗ ਦੀ ਰੂਪਰੇਖਾ ਨੂੰ ਮਜ਼ਬੂਤ ਕਰਨਾ ਹੈ।
ਪੀ ਏ ਯੂ ਦੇ ਪ੍ਰਧਾਨ ਮੰਤਰੀ ਫੈਲੋਸ਼ਿਪ ਜੇਤੂ ਵਿਦਿਆਰਥੀ ਅਮਨ ਕੁਮਾਰ, ਆਯੂਸ਼ ਗੁਪਤਾ, ਹਰਵੀਰ ਸਿੰਘ, ਪਰਦੀਪ ਬੈਨੀਵਾਲ, ਰਾਜਵਿੰਦਰ ਕੌਰ, ਰਸ਼ਮਿਤਾ ਸੈਕੀਆ, ਰੁਤੂਪਰਨਾ, ਸੱਤੂ ਮਧੂ ਅਤੇ ਸ਼ਿਵਾਨੀ ਉਪਾਧਿਆਏ ਦੀ ਇਹ ਮਾਣ ਹਾਸਿਲ ਕਰਨ ਵਾਸਤੇ ਸ਼ਲਾਘਾ ਕੀਤੀ ਗਈ।
ਪੀਏਯੂ ਦੇ ਵਾਈਸ-ਚਾਂਸਲਰ ਡਾ.ਸਤਬੀਰ ਸਿੰਘ ਗੋਸਲ ਨੇ ਇਸ ਫੈਲੋਸ਼ਿਪ ਦੇ ਜੇਤੂਆਂ ਦੇ ਸਨਮਾਨ ਵਿੱਚ ਆਯੋਜਿਤ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਗੋਸਲ ਨੇ ਫੈਲੋਸ਼ਿਪ ਜਿੱਤਣ ਲਈ ਪ੍ਰਸਤਾਵ ਤਿਆਰ ਕਰਨ ਵਾਸਤੇ ਲੋੜੀਂਦੇ ਯਤਨਾਂ ‘ਤੇ ਜ਼ੋਰ ਦਿੰਦੇ ਹੋਏ ਜੇਤੂਆਂ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੂੰ ਦਿਲੋਂ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨ ਖੋਜਾਰਥੀਆਂ ਨੂੰ ਮੁੱਢਲੇ ਪੜਾਅ ਤੇ ਹੀ ਐਸੀ ਸ਼ਾਨਦਾਰ ਸ਼ੁਰੂਆਤ ਮਿਲਣੀ ਬੜੇ ਮਾਣ ਵਾਲੀ ਗੱਲ ਹੈ। ਉਨ੍ਹਾਂ ਨੇ ਵਿਗਿਆਨੀਆਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਪ੍ਰਾਪਤੀਆਂ ਦੀ ਲੜੀ ਵਧਾਉਣ ਲਈ ਹੋਰ ਉਦਯੋਗਿਕ ਭਾਈਵਾਲੀ ਦੀ ਪਛਾਣ ਕਰਨ। ਖੋਜ ਦੇ ਅਜਿਹੇ ਮੌਕਿਆਂ ਅਤੇ ਉਤਸ਼ਾਹ ਲਈ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਵਰਗੀਆਂ ਪਹਿਲਕਦਮੀਆਂ ਨੂੰ ਵੀ ਡਾ ਗੋਸਲ ਨੇ ਬੇਹੱਦ ਅਹਿਮ ਆਖਿਆ ਅਤੇ ਉਦਯੋਗਾਂ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
ਪੀਏਯੂ ਦੇ ਰਜਿਸਟਰਾਰ ਡਾ.ਰਿਸ਼ੀ ਪਾਲ ਸਿੰਘ (ਆਈ.ਏ.ਐਸ.), ਨੇ ਡਾ.ਗੋਸਲ ਦੀ ਦੂਰਅੰਦੇਸ਼ੀ ਅਤੇ ਅਗਵਾਈ ਦੀ ਸ਼ਲਾਘਾ ਕਰਦਿਆਂ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਦਾ ਸਿਹਰਾ ਉਨ੍ਹਾਂ ਦੇ ਮਾਰਗਦਰਸ਼ਨ ਨੂੰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ, ਸਲਾਹਕਾਰਾਂ ਅਤੇ ਫੈਕਲਟੀ ਦੁਆਰਾ ਦਿਖਾਏ ਸਮੂਹਿਕ ਕਾਰਜ ਦੀ ਪ੍ਰਸ਼ੰਸਾ ਕੀਤੀ ਜਿਸਦੇ ਸਿੱਟੇ ਵਜੋਂ ਇਹ ਸਫਲਤਾ ਹਾਸਿਲ ਹੋ ਸਕੀ ਹੈ। ਉਨ੍ਹਾਂ ਕਿਹਾ ਪੀਏਯੂ ਦੇ ਵਿਦਿਆਰਥੀਆਂ ਵਿੱਚ ਬੇਓੜਕੀ ਸਮਰੱਥਾ ਹੈ, ਅਤੇ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਸਮਰੱਥਾ ਦੀ ਪਛਾਣ ਕਰਕੇ ਸਹੀ ਰਸਤਾ ਦਿਖਾ ਸਕੀਏ।
ਫੈਲੋਸ਼ਿਪ ਪ੍ਰੋਗਰਾਮ ਬਾਰੇ ਡਾ.ਮਾਨਵ ਇੰਦਰ ਸਿੰਘ ਗਿੱਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਪੀਐੱਚਡੀ ਖੋਜ ਲਈ ਪ੍ਰਧਾਨ ਮੰਤਰੀ ਫੈਲੋਸ਼ਿਪ ਦੇ ਵੇਰਵਿਆਂ ਬਾਰੇ ਵਿਸਥਾਰ ਨਾਲ ਦੱਸਿਆ। ਉਨਾਂ ਜਾਣਕਾਰੀ ਦਿੱਤੀ ਕਿ ਫੈਲੋਸ਼ਿਪ ਫੁੱਲ-ਟਾਈਮ ਪੀ ਐਚ ਡੀ ਵਿਦਵਾਨਾਂ ਲਈ ਵਿੱਤੀ ਸਹਾਇਤਾ ਵਜੋਂ 86,000 ਪ੍ਰਤੀ ਮਹੀਨਾ ਦੀ ਮੁਹਈਆ ਕਰਦੀ ਹੈ। ਇਸ ਵਿੱਚੋਂ ਅੱਧੀ ਰਕਮ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ, ਜਦੋਂ ਕਿ ਬਾਕੀ ਅੱਧੀ ਇੱਕ ਸਾਂਝੀਦਾਰ ਕੰਪਨੀ ਦੁਆਰਾ ਯੋਗਦਾਨ ਪਾਈ ਜਾਂਦੀ ਹੈ, ਜੋ ਖੋਜਾਰਥੀ ਨਾਲ ਖੋਜ ਪ੍ਰੋਜੈਕਟ ਵਿੱਚ ਸਹਿਯੋਗ ਕਰਦੀ ਹੈ। ਡਾ. ਗਿੱਲ ਨੇ ਹੋਰ ਵੇਰਵਾ ਦਿੰਦਿਆਂ ਕਿਹਾ ਕਿ ਫੈਲੋਸ਼ਿਪ, ਚਾਰ ਸਾਲ ਦੇ ਵਕਫੇ ਵਿਚ ਤਕ ਜਾਰੀ ਰਹਿੰਦੀ ਹੈ।
ਖੇਤੀਬਾੜੀ ਕਾਲਜ ਦੇ ਡੀਨ ਡਾ.ਚਰਨਜੀਤ ਸਿੰਘ ਔਲਖ ਵੱਲੋਂ ਕੀਤੇ ਧੰਨਵਾਦ ਨਾਲ ਸਮਾਗਮ ਦੀ ਸਮਾਪਤੀ ਹੋਈ। ਉਨ੍ਹਾਂ ਫੈਲੋਸ਼ਿਪ ਜੇਤੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੂਨੀਅਰਾਂ ਨੂੰ ਪ੍ਰਸਤਾਵ ਲਿਖਣ ਅਤੇ ਫੈਲੋਸ਼ਿਪ ਅਰਜ਼ੀ ਪ੍ਰਕਿਰਿਆ ਦੀਆਂ ਬਾਰੀਕੀਆਂ ਬਾਰੇ ਮਾਰਗਦਰਸ਼ਨ ਕਰਨ , ਜਿਸ ਨਾਲ ਪੀਏਯੂ ਦੇ ਹੋਰ ਵਿਦਿਆਰਥੀਆਂ ਨੂੰ ਅਜਿਹੀਆਂ ਵੱਕਾਰੀ ਯੋਗਤਾ ਪ੍ਰਾਪਤ ਕਰਨ ਦੇ ਯੋਗ ਬਣਾਇਆ ਜਾ ਸਕੇ।
ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਨਿਗਰਾਨ ਵਿਗਿਆਨੀਆਂ ਨੇ ਪ੍ਰਸਤਾਵ ਤਿਆਰ ਕਰਨ ਦੇ ਆਪਣੇ ਤਜਰਬੇ ਸਾਂਝੇ ਕੀਤੇ। ਉਹਨਾਂ ਦੀ ਸਫਲਤਾ ਦੀਆਂ ਕਹਾਣੀਆਂ ਉਹਨਾਂ ਦੇ ਸਾਥੀਆਂ ਲਈ ਪ੍ਰੇਰਨਾ ਦੇ ਸਰੋਤ ਵਜੋਂ ਕੰਮ ਕਰਨਗੀਆਂ ਅਤੇ ਭਵਿੱਖ ਵਿਚ ਹੋਰ ਵਿਦਿਆਰਥੀ ਸਫਲਤਾ ਦੇ ਇਸ ਰਾਹ ਦੇ ਪਾਂਧੀ ਬਣ ਸਕਣਗੇ।