ਪੰਜਾਬ ਰਾਜ ਖੁਰਾਕ ਕਮਿਸ਼ਨ ਮੈਂਬਰ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦੇ ਡਿਪੂਆਂ ਦਾ ਦੌਰਾ,ਕਣਕ ਦੀ ਵੰਡ ਪ੍ਰਕਿਰਿਆ ਦਾ ਕੀਤਾ ਨਿਰੀਖਣ
ਲਾਭਪਾਤਰੀਆਂ ਨੂੰ ਪਾਰਦਰਸ਼ੀ ਢੰਗ ਨਾਲ ਕਣਕ ਦੀ ਕੀਤੀ ਜਾਵੇ ਵੰਡ-ਚੇਤਨ ਪ੍ਰਕਾਸ਼ ਧਾਲੀਵਾਲ
ਫਾਜ਼ਿਲਕਾ, 8 ਅਗਸਤ (ਜਗਜੀਤ ਸਿੰਘ ਧਾਲੀਵਾਲ)
ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਲਾਭਪਾਤਰੀਆਂ ਨੂੰ ਕਣਕ ਦੀ ਕੀਤੀ ਜਾ ਰਹੀ ਵੰਡ ਦਾ ਨਿਰੀਖਣ ਕਰਨ ਲਈ ਜ਼ਿਲ੍ਹਾ ਫਾਜ਼ਿਲਕਾ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਨੈਸ਼ਨਲ ਫੂਡ ਸਿਕਿਓਰਟੀ ਐਕਟ 2013 ਅਧੀਨ ਯੋਗ ਲਾਭਪਾਤਰੀਆਂ ਨੂੰ ਹੀ ਕਣਕ ਦੀ ਵੰਡ ਹੋਵੇ ਅਤੇ ਸਹੀ ਮਾਤਰਾ ਅਨੁਸਾਰ ਹੋਵੇ, ਇਹ ਯਕੀਨੀ ਬਣਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਆਦੇਸ਼ ਦਿੱਤੇ।
ਕਮਿਸ਼ਨ ਮੈਂਬਰ ਵੱਲੋਂ ਪਿੰਡ ਚੱਕ ਮੋਜਦੀਨਵਾਲਾ, ਚੱਕ ਦਮਨ, ਚੱਕ ਸੋਤਰੀਆ ਆਦਿ ਰਾਸ਼ਨ ਡਿਪੂਆਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਕਣਕ ਦੀ ਵੰਡ ਦੀ ਪ੍ਰਕਿਰਿਆ ਪੂਰੇ ਜ਼ਿਲ੍ਹੇ ਵਿੱਚ ਨਿਰਪੱਖ ਢੰਗ ਨਾਲ ਚਲਾਈ ਜਾਵੇ। ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੂੰ ਕਣਕ ਦੀ ਵੰਡ ਸਰਕਾਰ ਦੇ ਮਾਪਢੰਡਾਂ ਅਨੁਸਾਰ ਕੀਤੀ ਜਾਵੇ ਅਤੇ ਇਹ ਵੀ ਨਿਸ਼ਚਿਤ ਕੀਤਾ ਜਾਵੇ ਕਿ ਇਹ ਸਮੁੱਚੀ ਪ੍ਰਕਿਰਿਆ ਪੂਰੀ ਪਾਰਦਰਸ਼ੀ ਢੰਗ ਨਾਲ ਕੀਤੀ ਜਾਵੇ।
ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਵੱਲੋਂ ਸਰਕਾਰੀ ਸਕੂਲ ਬੱਘੇ ਕੇ ਉਤਾੜ ਤੇ ਘੁਬਾਇਆ ਅਤੇ ਆਂਗਣਵਾੜੀ ਸੈਂਟਰ ਘੁਬਾਇਆ ਵਿਖੇ ਜਾ ਕੇ ਮਿਡ ਡੇਅ ਮੀਲ ਵਿੱਚ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਖਾਣੇ ਦਾ ਵੀ ਨਿਰੀਖਣ ਕੀਤਾ ਅਤੇ ਹਦਾਇਤ ਕੀਤੀ ਕਿ ਵਿਦਿਆਰਥੀਆਂ ਨੂੰ ਉਚ ਗੁਣਵਤਾ ਦਾ ਖਾਣਾ ਹੀ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇ। ਮੈਂਬਰ ਨੇ ਡੀਈਓ ਪ੍ਰਾਇਮਰੀ ਨੂੰ ਸਰਕਾਰੀ ਸਕੂਲ ਵਿੱਚ ਫੂਡ ਕਮਿਸ਼ਨ ਦੇ ਬੈਨਰ ਲਗਾਉਣ ਦੀ ਹਦਾਇਤ ਕੀਤੀ।
ਉਨ੍ਹਾ ਡਿਪੂ ਹੋਲਡਰ ਨੂੰ ਹਦਾਇਤ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ। ਮੈਂਬਰ ਵੱਲੋਂ ਕਣਕ ਲੈਣ ਆਏ ਲਾਭਪਾਤਰੀਆਂ ਨਾਲ ਗੱਲਬਾਤ ਕੀਤੀ ਜਿਥੇ ਲੋਕਾਂ ਨੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਤੋਂ ਇਲਾਵਾ ਵਿਦਿਆਰਥੀ ਵੀ ਮਿਡ ਡੇਅ ਮੀਲ ਵਿਚ ਦਿੱਤੇ ਜਾਂਦੇ ਖਾਣੇ ਤੋਂ ਖੁਸ਼ ਨਜਰ ਆਏ। ਉਨ੍ਹਾਂ ਕਿਹਾ ਕਿ ਨੈਸ਼ਨਲ ਫੂਡ ਸਿਕਿਓਰਟੀ ਐਕਟ 2013 ਅਧੀਨ ਵੱਖ-ਵੱਖ ਸਕੀਮਾਂ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁੱਛਗਿੱਛ/ਸ਼ਿਕਾਇਤ ਲਈ ਪੰਜਾਬ ਸਟੇਟ ਫੂਡ ਕਮਿਸ਼ਨਰ ਦੇ ਹੈਲਪਲਾਈਨ ਨੰਬਰ 9876764545 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਮੌਕੇ ਉਨ੍ਹਾਂ ਨਾਲ ਫੂਡ ਸਪਲਾਈ ਇੰਸਪੈਕਟਰ ਸੁਨੀਲ ਗੁੰਬਰ ਅਤੇ ਰਾਜਵਿੰਦਰ ਪਾਲ ਮੌਜੂਦ ਸਨ