ਆਪ’ ਨੇ ਕਾਂਗਰਸੀ ਲੀਡਰਾਂ ਦੀ ਗੁਰਦਾਸਪੁਰ ਡੀਸੀ ਦਫਤਰ ‘ਚ ਅਧਿਕਾਰੀਆਂ ਨਾਲ ਹੋਈ ਬਹਿਸ ‘ਤੇ ਪ੍ਰਗਟਾਇਆ ਇਤਰਾਜ਼
ਆਪ’ ਦੇ ਬੁਲਾਰੇ ਨੀਲ ਗਰਗ ਨੇ ਕਿਹਾ- ਚੁਣੇ ਹੋਏ ਨੁਮਾਇੰਦਿਆਂ ਨੂੰ ਅਜਿਹੀਆਂ ਹਰਕਤਾਂ ਸ਼ੋਭਾ ਨਹੀਂ ਦਿੰਦੀ, ਚੋਣ ਪ੍ਰਕਿਰਿਆ ਵਿੱਚ ਰੁਕਾਵਟ ਨਾ ਬਣੋ, ਅਧਿਕਾਰੀਆਂ ਨੂੰ ਆਪਣਾ ਕੰਮ ਕਰਨ ਦਿਓ
ਚੰਡੀਗੜ੍ਹ, 1 ਅਕਤੂਬਰ। ਆਮ ਆਦਮੀ ਪਾਰਟੀ (ਆਪ) ਨੇ ਗੁਰਦਾਸਪੁਰ ਦੇ ਡੀਸੀ ਦਫ਼ਤਰ ਵਿੱਚ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਅਧਿਕਾਰੀਆਂ ਦੇ ਨਾਲ ਹੋਈ ਬਹਿਸ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ।
‘ਆਪ’ ਪੰਜਾਬ ਦੇ ਆਗੂ ‘ਤੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸੀ ਆਗੂ ਡੀਸੀ ਦਫ਼ਤਰ ਦੇ ਅਧਿਕਾਰੀਆਂ ਨੂੰ ਧਮਕੀਆਂ ਦੇ ਰਹੇ ਹਨ, ਉਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਲੋਕ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰ ਰਹੇ ਹਨ। ਨੀਲ ਗਰਗ ਨੇ ਕਿਹਾ ਕਿ ਇਹ ਲੋਕ ਅਜੇ ਸੱਤਾ ‘ਚ ਨਹੀਂ ਹਨ, ਫਿਰ ਵੀ ਅਧਿਕਾਰੀਆਂ ਨੂੰ ਧਮਕੀਆਂ ਦੇ ਰਹੇ ਹਨ, ਜੇਕਰ ਇਹ ਸੱਤਾ ‘ਚ ਹੁੰਦੇ ਤਾਂ ਕੀ ਕਰਦੇ?
ਉਨ੍ਹਾਂ ਕਿਹਾ ਕਿ ਜਦੋਂ ਕਾਂਗਰਸ ਸੱਤਾ ਵਿੱਚ ਸੀ ਤਾਂ ਇਹ ਲੋਕ ਡਰਾ ਧਮਕਾ ਕੇ ਲੋਕਲ ਬਾਡੀ ਚੋਣਾਂ ਜਿੱਤਦੇ ਸਨ। ਪੰਜਾਬ ਦੇ ਲੋਕ ਉਨ੍ਹਾਂ ਦੀਆਂ ਹਰਕਤਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਨੀਲ ਗਰਗ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੂੰ ਇਸ ਤਰ੍ਹਾਂ ਚੋਣ ਪ੍ਰਕਿਰਿਆ ਵਿਚ ਰੁਕਾਵਟ ਨਾ ਪਾਉਣ ਦੀ ਅਪੀਲ ਕੀਤੀ। ਅਧਿਕਾਰੀਆਂ ਨੂੰ ਆਪਣਾ ਕੰਮ ਕਰਨ ਦਿਓ। ਚੁਣੇ ਹੋਏ ਨੁਮਾਇੰਦਿਆਂ ਨੂੰ ਇਹ ਕੰਮ ਸ਼ੋਭਾ ਨਹੀਂ ਦਿੰਦਾ।
ਨੀਲ ਗਰਗ ਨੇ ਕਿਹਾ ਕਿ ਨਾਮਜ਼ਦਗੀ ਪ੍ਰਕਿਰਿਆ ਵਿੱਚ ਅਧਿਕਾਰੀਆਂ ਵੱਲੋਂ ਕਿਤੇ ਵੀ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ। ਕਿਸੇ ਵੀ ਉਮੀਦਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਨਹੀਂ ਰੋਕਿਆ ਜਾ ਰਿਹਾ ਅਤੇ ਹਰ ਕਿਸੇ ਨੂੰ ਲੋੜੀਂਦੇ ਦਸਤਾਵੇਜ਼ ਇਕੱਠੇ ਕਰਨ ਲਈ ਭਰਪੂਰ ਸਮਾਂ ਮਿਲ ਰਿਹਾ ਹੈ।