‘ਆਪ’ ਸੰਸਦ ਮੈਂਬਰ ਸੰਜੀਵ ਅਰੋੜਾ ਵੱਲੋਂ ਹਰ ਸਾਲ ਕੈਂਸਰ ਦੇ 100 ਮਰੀਜ਼ਾਂ ਦੇ ਇਲਾਜ ਲਈ  ਹਰੇਕ ਮਰੀਜ਼ ਨੂੰ 1.5 ਲੱਖ ਰੁਪਏ ਦੇਣ ਦਾ ਐਲਾਨ 

ਚੰਡੀਗੜ੍ਹ, 19 ਜੁਲਾਈ:

ਸੂਬੇ ਦੇ ਕੈਂਸਰ ਪੀੜਤਾਂ ਨੂੰ ਵੱਡੀ ਰਾਹਤ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਨੇ ਬੁੱਧਵਾਰ ਨੂੰ ਹਰ ਸਾਲ ਕੈਂਸਰ ਦੇ 100 ਮਰੀਜ਼ਾਂ ਦਾ 1.5-1.5 ਲੱਖ ਰੁਪਏ ਦਾ ਮੁਫਤ ਇਲਾਜ ਕਰਨ ਦਾ ਐਲਾਨ ਕੀਤਾ।

ਇਹ ਐਲਾਨ ਉਨ੍ਹਾਂ ਅੱਜ ਪੰਜਾਬ ਭਵਨ ਵਿਖੇ ਪੰਜਾਬ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।

ਇਸ ਪਹਿਲਕਦਮੀ ਬਾਰੇ ਜਾਣਕਾਰੀ ਦਿੰਦਿਆਂ ਐਮ.ਪੀ. ਅਰੋੜਾ ਨੇ ਕਿਹਾ ਕਿ ਭਾਰਤ ਵਿੱਚ ਡਾਕਟਰੀ ਖਰਚੇ ਬਹੁਤ ਜ਼ਿਆਦਾ ਹਨ ਅਤੇ ਕੈਂਸਰ ਦੇ ਇਲਾਜ ਦੇ ਮਾਮਲੇ ਵਿੱਚ ਲੱਖਾਂ ਰੁਪਏ ਦਾ ਖਰਚਾ ਆਉਂਦਾ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਇਹ ਉਨ੍ਹਾਂ ਦਾ ਸੁਪਨਾ ਸੀ ਕਿ ਕੈਂਸਰ ਦਾ ਕੋਈ ਵੀ ਮਰੀਜ਼ ਇਲਾਜ ਦੀ ਘਾਟ ਕਾਰਨ ਇਸ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਨਾ ਹੋਵੇ।  ਉਨ੍ਹਾਂ ਕਿਹਾ ਕਿ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਨ੍ਹਾਂ ਨੇ ਆਪਣੀ ਮਾਤਾ, ਜੋ ਕਿ ਹਾਲ ਹੀ ਵਿੱਚ ਬ੍ਰੈਸਟ ਕੈਂਸਰ ਦੇ ਚਲਦਿਆਂ ਦਮ ਤੋੜ ਗਈ ਸੀ, ਦੀ ਯਾਦ ਵਿੱਚ ‘ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ’ ਬਣਾਇਆ ਹੈ। ਇਹ ਟਰੱਸਟ ਹਰ ਸਾਲ ਕੈਂਸਰ ਦੇ 100 ਮਰੀਜ਼ਾਂ ਦਾ 1.5-1.5  ਲੱਖ ਰੁਪਏ ਦਾ ਮੁਫਤ ਇਲਾਜ ਕਰਵਾਏਗਾ।

ਜਿਕਰਯੋਗ ਹੈ ਕਿ ਪੰਜਾਬ ਵਿੱਚ ਕੈਂਸਰ ਦੇ ਮਰੀਜਾਂ ਨੂੰ ਪਹਿਲਾਂ ਹੀ ਮੁਖ ਮੰਤਰੀ ਕੈਂਸਰ ਰਾਹਤ ਕੋਸ਼ ਤਹਿਤ 1.5 ਲੱਖ ਰੁਪਏ ਦਾ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਹ ਤਜਵੀਜ਼ਸ਼ੁਦਾ ਇਲਾਜ ਟਰੱਸਟ ਵੱਲੋਂ ਮੇਲ ਖਾਂਦੇ ਯੋਗਦਾਨ ਦੇ ਰੂਪ ਵਿੱਚ ਹੋਵੇਗਾ। ਇਸ ਲਈ ਮਰੀਜ਼ ਦਾ ਕੁੱਲ 3 ਲੱਖ ਰੁਪਏ ਦਾ ਇਲਾਜ ਮੁਫ਼ਤ ਹੋਵੇਗਾ।

ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਸੰਸਦ ਮੈਂਬਰ ਨੇ ਕਿਹਾ ਕਿ ਆਮ ਲੋਕਾਂ ਨੂੰ ਇਸ ਸਕੀਮ ਬਾਰੇ ਜਾਣਕਾਰੀ ਨਹੀਂ ਹੈ ਅਤੇ ਨਤੀਜੇ ਵਜੋਂ ਕੈਂਸਰ ਦੇ ਬਹੁਤ ਸਾਰੇ ਮਰੀਜ਼ ਇਸ ਸਕੀਮ ਦਾ ਲਾਭ ਲੈਣ ਤੋਂ ਵਾਂਝੇ ਰਹਿ ਜਾਂਦੇ  ਹਨ।

ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਸੰਸਦ ਮੈਂਬਰ ਨੂੰ ਪ੍ਰਸਤਾਵ ਨੂੰ ਤੇਜ਼ੀ ਨਾਲ ਲਾਗੂ ਕਰਨ ਦਾ ਭਰੋਸਾ ਦਿੱਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਇਸ ਨਵੀਂ ਪਹਿਲਕਦਮੀ ਨੂੰ ਜਲਦ ਤੋਂ ਜਲਦ ਲਾਗੂ ਕਰਨ ਲਈ ਰੂਪ ਰੇਖਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ।

ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ: ਆਦਰਸ਼ਪਾਲ ਕੌਰ ਅਤੇ ਸਹਾਇਕ ਡਾਇਰੈਕਟਰ- ਕਮ- ਸਟੇਟ ਪ੍ਰੋਗਰਾਮ ਅਫ਼ਸਰ ਕੈਂਸਰ ਕੰਟਰੋਲ ਸੈੱਲ ,ਪੰਜਾਬ ਡਾ: ਸੰਦੀਪ ਸਿੰਘ ਗਿੱਲ ਵੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate