ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਾ ਅਭਿਆਨ ਤਹਿਤ ਵੱਖ-ਵੱਖ ਕੇਂਦਰਾਂ ਵਿਚ ਗਰਭਵਤੀ ਔਰਤਾਂ ਦਾ ਚੈਕਅੱਪ
ਸਾਰੀਆਂ ਗਰਭਵਤੀ ਔਰਤਾਂ ਲਈ ਸੰਤੁਲਿਤ ਖੂਰਾਕ ਬਹੁਤ ਜ਼ਰੂਰੀ : ਡਾ: ਗਾਂਧੀ
ਫਾਜ਼ਿਲਕਾ, 10 ਜੂਲਾਈ
ਸਿਹਤ ਵਿਭਾਗ ਵਲੋਂ ਦੇਸ਼ ਭਰ ਵਿਚ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਾ ਅਭਿਆਨ ਤਹਿਤ ਸਿਵਲ ਸਰਜਨ ਡਾ: ਸਤੀਸ਼ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ: ਵਿਕਾਸ ਗਾਂਧੀ ਦੀ ਦੇਖ-ਰੇਖ ਹੇਠ ਬਲਾਕ ਖੂਈਖੇੜਾ ਅਧੀਨ ਵੱਖ-ਵੱਖ ਕੇਂਦਰਾਂ ‘ਤੇ ਗਰਭਵਤੀ ਔਰਤਾਂ ਦਾ ਚੈਕਅੱਪ ਕੀਤਾ ਗਿਆ। ਇਸ ਮੌਕੇ ਆਈਆਂ ਗਰਭਵਤੀ ਔਰਤਾਂ ਨੂੰ ਕੈਲਸ਼ੀਅਮ ਅਤੇ ਆਇਰਨ ਦੀਆਂ ਗੋਲੀਆਂ ਵੀ ਦਿੱਤੀਆਂ ਗਈਆਂ।
ਐਸ.ਐਮ.ਓ ਡਾ: ਗਾਂਧੀ ਨੇ ਦੱਸਿਆ ਕਿ ਦੇਸ਼ ਭਰ ਵਿੱਚ ਸ਼ੁਰੂ ਕੀਤੇ ਗਏ ਪ੍ਰਧਾਨ ਮੰਤਰੀ ਸੁਰੱਖਿਆ ਮਾਤਰਤਵਾ ਅਭਿਆਨ ਤਹਿਤ ਮਹੀਨੇ ਦੇ ਹਰ ਨੌਵੇਂ ਤੇ 23ਵੇਂ ਦਿਨ ਸਿਹਤ ਕੇਂਦਰਾਂ ਵਿੱਚ ਗਰਭਵਤੀ ਔਰਤਾਂ ਦੀ ਜਾਂਚ ਕੀਤੀ ਜਾਂਦੀ ਹੈ। ਅੱਜ ਉਕਤ ਦਿਵਸ ਬਲਾਕ ਦੇ ਸਮੂਹ ਆਮ ਆਦਮੀ ਕਲੀਨਿਕਾਂ ਵਿੱਚ ਮਨਾਇਆ ਗਿਆ, ਜਿੱਥੇ ਆਸ-ਪਾਸ ਦੀ ਏ.ਐਨ.ਐਮ ਅਤੇ ਆਸ਼ਾ ਵਰਕਰਾਂ ਵੱਲੋਂ ਗਰਭਵਤੀ ਔਰਤਾਂ ਨੂੰ ਜਾਂਚ ਲਈ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਉਕਤ ਮੁਹਿੰਮ ਦਾ ਮੁੱਖ ਉਦੇਸ਼ ਸਮੇਂ ਸਿਰ ਉੱਚ ਖਤਰੇ ਦਾ ਪਤਾ ਲਗਾਉਣਾ ਹੈ, ਜਿਵੇਂ ਕਿ ਗਰਭ ਅਵਸਥਾ ਦੌਰਾਨ ਹਾਈ ਬਲੱਡ ਪ੍ਰੈਸ਼ਰ, ਖੂਨ ਵਿੱਚ ਘੱਟ ਐਚ.ਬੀ., ਸ਼ੂਗਰ, ਥਾਇਰਾਈਡ ਅਤੇ ਹੋਰ ਕਿਸੇ ਵੀ ਬਿਮਾਰੀ ਦਾ।
ਡਾ: ਗਾਂਧੀ ਨੇ ਦੱਸਿਆ ਕਿ ਬਲਾਕ ਅਧੀਨ ਆਉਂਦੇ ਸਮੂਹ ਏ.ਐਨ.ਐਮ ਵੱਲੋਂ ਉਕਤ ਪਿੰਡ ਦੀਆਂ ਆਸ਼ਾ ਵਰਕਰਾਂ ਦੇ ਸਹਿਯੋਗ ਨਾਲ ਗਰਭਵਤੀ ਔਰਤਾਂ ਦੀ ਜਲਦੀ ਰਜਿਸਟਰੇਸ਼ਨ ਕਰਵਾਈ ਜਾਂਦੀ ਹੈ | ਇਸ ਤੋਂ ਬਾਅਦ, ਗਰਭਵਤੀ ਦੀ ਡਿਲੀਵਰੀ ਤੱਕ ਸਮੇਂ-ਸਮੇਂ ‘ਤੇ 4 ਵਾਰ ਚੈਕਅੱਪ ਕੀਤਾ ਜਾਂਦਾ ਹੈ। ਜੇਕਰ ਕਿਸੇ ਗਰਭਵਤੀ ਔਰਤ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਰੈਫਰ ਕੀਤਾ ਜਾਂਦਾ ਹੈ ਜਿੱਥੇ ਮੈਡੀਕਲ ਅਫ਼ਸਰ ਵੱਲੋਂ ਉਸ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਤੀਸਰੇ ਮਹੀਨੇ ਤੋਂ ਸਾਰੀਆਂ ਗਰਭਵਤੀ ਔਰਤਾਂ ਨੂੰ ਕੈਲਸ਼ੀਅਮ ਅਤੇ ਆਇਰਨ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਹਨ ਅਤੇ ਸਮੇਂ-ਸਮੇਂ ‘ਤੇ ਉਨ੍ਹਾਂ ਦਾ ਵੱਖਰਾ ਚੈਕਅੱਪ ਵੀ ਕਰਵਾਇਆ ਜਾਂਦਾ ਹੈ।
ਬਲਾਕ ਮਾਸ ਮੀਡੀਆ ਇੰਚਾਰਜ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਇਸ ਦਿਨ ਸਾਰੀਆਂ ਗਰਭਵਤੀ ਔਰਤਾਂ ਦੇ ਸਾਰੇ ਟੈਸਟ ਬਿਲਕੁੱਲ ਮੁਫ਼ਤ ਕੀਤੇ ਜਾਂਦੇ ਹਨ ਅਤੇ ਜੇਕਰ ਕੋਈ ਗਰਭਵਤੀ ਔਰਤ ਜ਼ਿਆਦਾ ਖਤਰੇ ਵਿੱਚ ਆਉਂਦੀ ਹੈ ਤਾਂ ਉਸ ਦਾ ਪੂਰਾ ਡਾਟਾ ਅਗਾਊਂ ਤਿਆਰ ਕਰਕੇ ਸਰਕਾਰੀ ਸਿਹਤ ਵਿਭਾਗ ਦੇ ਤਜਰਬੇਕਾਰ ਸਟਾਫ਼ ਵੱਲੋਂ ਉਸ ਨੂੰ ਡਿਲੀਵਰ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਜਣੇਪੇ ਦੌਰਾਨ ਕੋਈ ਦਿੱਕਤ ਨਾ ਆਵੇ ਅਤੇ ਜੱਚਾ-ਬੱਚਾ ਪੂਰੀ ਤਰ੍ਹਾਂ ਸੁਰੱਖਿਅਤ ਰਹਿ ਸਕੇ।