ਮਿਸ਼ਨ ਉੱਨਤ ਕਿਸਾਨ ਤਹਿਤ ਵੱਖ-ਵੱਖ ਪਿੰਡਾਂ ਵਿੱਚ ਨਰਮੇਂ ਦੀ ਫਸਲ ਹੇਠ ਰਕਬਾ ਵਧਾਉਣ ਲਈ ਲਗਾਏ ਗਏ ਕਿਸਾਨ ਸਿਖਲਾਈ ਕੈਂਪ

ਮਲੋਟ/ਸ੍ਰੀ ਮੁਕਤਸਰ ਸਾਹਿਬ, 5 ਮਈ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਉੱਨਤ ਕਿਸਾਨ ਮਿਸ਼ਨ ਅਧੀਨ ਮਲੋਟ ਸਬ-ਡਿਵੀਜ਼ਨ ਦੇ ਪਿੰਡ ਕੱਟਿਆਂਵਾਲੀ, ਔਲਖ ਅਤੇ ਪਿੰਡ ਖੁੰਨਣ ਕਲਾਂ ਵਿਖੇ ਬੀਤੇ ਦਿਨੀਂ ਨਰਮੇਂ ਦੀ ਫਸਲ ਹੇਠ ਰਕਬਾ ਵਧਾਉਣ ਲਈ ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਸ੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਪਰਮਿੰਦਰ ਸਿੰਘ ਧੰਜੂ ਬਲਾਕ ਖੇਤੀਬਾੜੀ ਅਫਸਰ, ਮਲੋਟ ਦੀ ਯੋਗ ਅਗਵਾਈ ਹੇਠ ਕਿਸਾਨ ਸਿਖਲਾਈ ਕੈਂਪ ਲਗਾਏ ਗਏ।
ਇਨ੍ਹਾਂ ਕੈਂਪਾਂ ਦੌਰਾਨ ਕਿਸਾਨਾਂ ਨੂੰ ਨਰਮੇ ਦੀ ਫਸਲ ਦੀਆਂ ਸਿਫਾਰਸ਼ਸ਼ੁੱਦਾ ਕਿਸਮਾਂ, ਪੰਜਾਬ ਸਰਕਾਰ ਵੱਲੋਂ ਨਰਮੇਂ ਦੇ ਬੀਜਾਂ ਉਪਰ ਦਿੱਤੀ ਜਾ ਰਹੀ 33 ਪ੍ਰਤੀਸ਼ਤ ਸਬਸਿਡੀ ਅਤੇ ਪੰਜਾਬ ਸਰਕਾਰ ਵੱਲੋਂ ਨਰਮੇਂ ਦੀ ਬਿਜਾਈ ਵਾਲੇ ਪਿੰਡਾਂ ਵਿੱਚ ਨਿਯੁਕਤ ਕੀਤੇ ਕਿਸਾਨ ਮਿੱਤਰ ਅਤੇ ਸੁਪਰਵਾਇਜ਼ਰਾਂ ਬਾਰੇ ਜਾਣਕਾਰੀ ਦਿੱਤੀ, ਮੂੰਗੀ ਦੀ ਫਸਲ ਨੂੰ ਨਰਮੇਂ ਵਾਲੇ ਪਿੰਡਾਂ ਵਿੱਚ ਨਾ ਬੀਜਣ ਦੀ ਸਲਾਹ ਦਿੱਤੀ ਗਈ ਅਤੇ ਚਿੱਟੀ ਮੱਖੀ ਦੀ ਰੋਕਥਾਮ ਲਈ ਖੇਤਾਂ ਅਤੇ ਖਾਲੀ ਥਾਵਾਂ ’ਤੇ ਖੜ੍ਹੇ ਨਦੀਨਾਂ ਨੂੰ ਜਿਵੇਂ ਕਿ ਪੀਲੀ ਬੂਟੀ, ਕੰਘੀ ਬੂਟੀ, ਪੁੱਠ ਕੰਡਾ, ਭੰਗ, ਧਤੂਰਾ ਆਦਿ ਨੂੰ ਨਸ਼ਟ ਕਰਨ ਬਾਰੇ ਕਿਹਾ ਗਿਆ, ਜਿਸ ਤੇ ਚਿੱਟੀ ਮੱਖੀ ਪੱਲਦੀ ਹੈ ਅਤੇ ਬਾਅਦ ਵਿੱਚ ਨਰਮੇ ਦੀ ਫਸਲ ’ਤੇ ਹਮਲਾ ਕਰਦੀ ਹੈ।
ਇਸ ਮੌਕੇ ਕਿਸਾਨਾਂ ਨੂੰ ਨਰਮੇਂ ਦੀ ਬਿਜਾਈ ਅਤੇ ਨਰਮੇਂ ਵਿੱਚ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਅਤੇ ਪੋਰਟਲ ਉਪਰ ਸਬਸਿਡੀ ’ਤੇ ਲਏ ਹੋਏ ਬੀਜ਼ ਦੀ ਰਜਿਸਟ੍ਰੇਸ਼ਨ ਕਰਨ ਦੀ ਸਿਖਲਾਈ ਦਿੱਤੀ ਗਈ ਅਤੇ ਕਿਸਾਨਾਂ ਨੂੰ ਐਗਰੀ ਮਸ਼ੀਨਰੀ ਪੋਰਟਲ ਉਪਰ ਬਿੱਲ ਅਪਲੋਡ ਕਰਨ ਸਬੰਧੀ ਟ੍ਰੈਨਿੰਗ ਦਿੱਤੀ ਗਈ ਅਤੇ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਵੱਧ ਤੋਂ ਵੱਧ ਨਰਮੇਂ ਦੀ ਬਿਜਾਈ ਕਰਕੇ ਸਬਸਿਡੀ ਲਈ ਬਿੱਲ ਅਪਲੋਡ ਕੀਤੇ ਜਾਣ। ਕਿਸਾਨਾਂ ਨੂੰ ਮਿੱਟੀ ਪਾਣੀ ਦੇ ਸੈਂਪਲ ਲੈਣ ਦੀ ਵਿਧੀ ਅਤੇ ਪਰਖ ਕਰਾਉਣ ਬਾਰੇ ਜਾਗਰੂਕ ਕੀਤਾ।
ਕਿਸਾਨਾਂ ਨੂੰ ਕੈਂਪ ਦੌਰਾਨ ਕੰਪਿਊਟਰ ਸੈਂਟਰ ਵਾਲਿਆ ਨਾਲ ਜਾਣ-ਪਛਾਣ ਕਰਵਾਈ ਗਈ ਅਤੇ ਕਿਸਾਨਾਂ ਨੂੰ ਉਸ ਕੋਲ ਜਾ ਕੇ ਨਰਮੇਂ ਬੀਜ ਦੀ ਸਬਸਿਡੀ ਲਈ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਾਉਣ ਅਤੇ ਇਸ ਦੇ ਨਾਲ ਹੀ ਭਾਰਤ ਸਰਕਾਰ ਦੀ ਚੱਲ ਰਹੀ ਪੀ.ਐਮ. ਕਿਸਾਨ ਸਨਮਾਨ ਨਿੱਧੀ ਯੋਜਨਾ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ।
ਇਹਨਾਂ ਕੈਂਪਾਂ ਵਿੱਚ ਪਿੰਡ ਕੱਟਿਆਂਵਾਲੀ ਵਿੱਚ ਡਾ. ਪਰਮਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸਰਕਲ ਕੱਟਿਆਵਾਲੀ, ਪਿੰਡ ਔਲਖ ਡਾ. ਮੰਗਲ ਸੈਨ, ਖੇਤੀਬਾੜੀ ਵਿਕਾਸ ਅਫਸਰ (ਬਲਾਕ ਮਲੋਟ) ਅਤੇ ਪਿੰਡ ਖੁੰਨਣ ਕਲਾਂ ਵਿੱਚ ਡਾ. ਪਰਮਿਦਰ ਸਿੰਘ ਧੰਜ਼ੂ (ਏ.ਪੀ.ਪੀ.ੳ, ਮਲੋਟ), ਅਤੇ ਡਾ. ਜਸਨੀਨ ਕੋਰ ਖੇਤੀਬਾੜੀ ਵਿਕਾਸ ਅਫਸਰ, ਸਰਕਲ ਮਿੱਡਾ ਨੇ ਕਿਸਾਨਾਂ ਨੂੰ ਨਰਮੇਂ ਦੀ ਕਾਸ਼ਤ ਲਈ ਪ੍ਰੇਰਿਤ ਕੀਤਾ।
ਇਸ ਕੈਂਪ ਦੌਰਾਨ ਵਿਭਾਗ ਦੇ ਮਨਦੀਪ ਸਿੰਘ ਏ.ਐਸ.ਆਈ, ਸੁਰਿੰਦਰ ਸਿੰਘ ਏ.ਐਸ.ਆਈ, ਕੋਸ਼ਲ ਸਿਆਗ ਏ.ਐਸ.ਆਈ, ਲਵਜੀਤ ਸਿੰਘ ਏ.ਟੀ.ਐਮ ਅਤੇ ਗੁਰਬਾਜ ਸਿੰਘ ਏ.ਟੀ.ਐਮ. ਅਤੇ ਸਮੂਹ ਪਿੰਡਾਂ ਵਿੱਚ ਰੱਖੇ ਗਏ ਕਿਸਾਨ ਮਿੱਤਰ, ਸੁਪਰਵਾਇਜ਼ਰ ਅਤੇ ਪਿੰਡ ਦੇ ਮੋਹਤਵਾਰ ਕਿਸਾਨ ਹਾਜ਼ਰ ਸਨ।


