ਪੰਜਾਬ ਦੇ ਪੌਣ-ਪਾਣੀ ਨੂੰ ਬਚਾਉਣ ਲਈ ਖੇਤੀ ਵਿਭਿੰਨਤਾ ਅਪਨਾਉਣਾ ਸਮੇਂ ਦੀ ਲੋੜ-ਗੁਰਮੀਤ ਸਿੰਘ ਖੁੱਡੀਆਂ

ਬਠਿੰਡਾ 24 ਮਾਰਚ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਬਠਿੰਡਾ ਵਿਖੇ ਸਾਉਣੀ ਦੀਆਂ ਫਸਲਾਂ ਦਾ ਕਿਸਾਨ ਮੇਲਾ ਲਗਾਇਆ ਗਿਆ ਜਿਸ ਵਿੱਚ ਵੱਡੀ ਤਾਦਾਦ ਵਿੱਚ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਸਿਰਕਤ ਕੀਤੀ। ‘ਖੇਤੀ ਵਿਭਿੰਨਤਾ ਅਪਣਾਓ, ਵਡਮੁੱਲਾ ਵਾਤਾਵਰਣ ਬਚਾਓ’ ਦੇ ਉਦੇਸ ਨੂੰ ਲੈ ਕੇ ਲਗਾਏ ਇਸ ਕਿਸਾਨ ਮੇਲੇ ਵਿੱਚ ਸ੍ਰ ਗੁਰਮੀਤ ਸਿੰਘ ਖੁੱਡੀਆਂ, ਮਾਨਯੋਗ ਕੈਬਨਿਟ ਮੰਤਰੀ, ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ ਤੇ ਡੇਅਰੀ ਵਿਕਾਸ, ਮੱਛੀ ਪਾਲਣ ਅਤੇ ਫੂਡ ਪ੍ਰੋਸੈਸਿੰਗ, ਪੰਜਾਬ ਮੁੱਖ ਮਹਿਮਾਨ ਵਜੋਂ, ਸ ਮੋਹਨ ਸਿੰਘ ਜਾਖੜ, ਮੈਬਂਰ ਪ੍ਰਬੰਧਕੀ ਬੋਰਡ, ਪੀਏਯੂ ਅਤੇ ਸ ਜਗਰੂਪ ਸਿੰਘ ਗਿੱਲ, ਹਲਕਾ ਵਿਧਾਇਕ ਬਠਿੰਡਾ (ਸਹਿਰੀ) ਵਿਸੇਸ ਮਹਿਮਾਨ ਵਜੋ ਸਾਮਲ ਹੋਏ। ਕਿਸਾਨ ਮੇਲੇ ਦੀ ਪ੍ਰਧਾਨਗੀ ਡਾ ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕੀਤੀ। ਇਸ ਮੌਕੇ ਸ੍ਰੀ ਜਤਿੰਦਰ ਸਿੰਘ ਭੱਲਾ, ਚੇਅਰਮੈਨ, ਇੰਪਰੂਵਮੈਟਂ ਟਰੱਸਟ, ਬਠਿੰਡਾ ਤੋ ਇਲਾਵਾ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਵਿਗਿਆਨੀ ਸਾਮਲ ਹੋਏ।
ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਵਿੱਚ ਅਨੇਕਾਂ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ ਪਰ ਖੇਤੀ ਪ੍ਰਧਾਨ ਸੂਬੇ ਦੇ ਖੇਤੀ ਸਭਿਆਚਾਰ ਦੀਆਂ ਝਲਕੀਆਂ ਪੇਸ ਕਰਦੇ ਪੀਏਯੂ ਵੱਲੋ ਲਗਾਏ ਜਾਂਦੇ ਕਿਸਾਨ ਮੇਲਿਆਂ ਦੀ ਆਪਣੀ ਹੀ ਵਿਲੱਖਣਤਾ ਹੈ। ਉਨ੍ਹਾਂ ਕਿਹਾ ਕਿ ਖੇਤੀ ਜਲਵਾਯੂ ਵਿੱਚ ਹੋ ਰਹੀ ਹਲ-ਚਲ ਕਰਕੇ ਬਦਲ ਰਹੀਆਂ ਪ੍ਰਸਥਿਤੀਆਂ ਕਾਰਨ ਗਿਆਨ, ਵਿਗਿਆਨ ਅਤੇ ਤਕਨਾਲੋਜੀ ਦੇ ਇਸ ਯੁੱਗ ਵਿੱਚ ਖੇਤੀ ਦੀਆਂ ਤਕਨੀਕਾਂ ਵੀ ਨਿਤਾ ਪ੍ਰਤੀ ਬਦਲ ਰਹੀਆਂ ਹਨ ਅਤੇ ਸਮੇਂ ਦੇ ਹਾਣ ਦਾ ਹੋਣ ਲਈ ਕਿਸਾਨ ਮੇਲਿਆਂ ਵਿੱਚ ਵੱਧ ਤੋਂ ਵੱਧ ਸਿਰਕਤ ਕਰਕੇ ਇਸ ਨਵੀਨ ਗਿਆਨ ਨੂੰ ਹਾਸਿਲ ਕਰਨ ਦੀ ਲੋੜ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਦੇਸ ਦੀਆਂ 75 ਖੇਤੀ ਯੂਨੀਵਰਸਿਟੀਆਂ ਵਿੱਚ ਲਗਾਤਾਰ ਤੀਜੇ ਸਾਲ ਪਹਿਲੇ ਨੰਬਰ ਤੇ ਆਉਣ ਤੇ ਖੇਤੀ ਵਿਗਿਆਨੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ 153 ਪ੍ਰਤੀਸਤ ਰਕਬੇ ਵਾਲੇ ਛੋਟੇ ਜਿਹੇ ਸੂਬੇ ਦੇ ਮਿਹਨਕਸ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੇ ਸਖਤ ਮਿਹਨਤ ਕਰਕੇ ਅੰਨ ਦੇ ਅੰਬਾਰ ਲਗਾ ਕੇ ਦੇਸ ਨੂੰ ਅਨਾਜ ਸੁਰੱਖਿਆ ਪ੍ਰਦਾਨ ਕੀਤੀ ਹੈ, ਪਰ ਖਮਿਆਜੇ ਵਜੋ ਹੁਣ ਸਾਡਾ ਪੌਣ-ਪਾਣੀ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨੂੰ ਬਚਾਉਣ ਲਈ ਸਾਨੂੰ ਖੇਤੀ ਵਿਭਿੰਨਤਾ ਵੱਲ ਜਾਣਾ ਸਮੇ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਵੇਂ ਖੇਤੀ ਸਾਡਾ ਵਿਰਾਸਤੀ ਕਿੱਤਾ ਹੈ ਜਿਥੋਂ ਸਾਡਾ ਚੰਗਾ ਗੁਜ਼ਾਰਾ ਹੁੰਦਾ ਹੈ ਪਰ ਖੇਤੀ ਆਮਦਨ ਨੂੰ ਵਧਾਉਣ ਲਈ ਸਾਨੂੰ ਡੇਅਰੀ ਪਾਲਣ, ਮੁਰਗੀ ਪਾਲਣ, ਬੱਕਰੀ ਪਾਲਣ ਅਤੇ ਮਧੂ-ਮੱਖੀ ਪਾਲਣ ਆਦਿ ਵਰਗੇ ਸਹਾਇਕ ਧੰਦਿਆ ਨੂੰ ਵੱਧ ਤੋਂ ਵੱਧ ਅਪਨਾਉਣਾ ਪਵੇਗਾ। ਪੌਣ-ਪਾਣੀ ਨੂੰ ਬਚਾਉਣ ਅਤੇ ਖੇਤੀ ਖੇਤਰ ਨੂੰ ਹੁਲਾਰਾ ਦੇਣ ਲਈ ਸਰਕਾਰੀ ਨੀਤੀਆ ਸਾਂਝੀਆਂ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਖੇਤੀ ਨੂੰ ਉਤਸਾਹਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਮੌਕੇ ਸ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਦੇ ਮਿਹਨਤਕਸ ਕਿਸਾਨਾਂ ਨੇ ਖੇਤੀ ਦੇ ਹਰ ਖੇਤਰ ਵਿੱਚ ਵੱਡੀਆਂ ਮੱਲਾਂ ਮਾਰੀਆਂ। ਉਨ੍ਹਾਂ ਕਿਹਾ ਕਿ ਸਾਡੇ ਸਿਰੜੀ ਕਿਸਾਨ ਉਸ ਬੰਜਰ ਧਰਤੀ ਵਿਚੋ ਪੈਦਾ ਹੋਣ ਵਾਲੇ ਲੋਕ ਹਨ, ਜਿਨ੍ਹਾਂ ਨੇ ਵੱਧ ਤੋਂ ਵੱਧ ਫਲ ਦਿੱਤਾ ਪਰ ਖੇਤੀ ਜਿਨਸਾਂ ਦੇ ਉਚਿਤ ਮੰਡੀਕਰਨ ਦੀ ਘਾਟ ਕਾਰਨ ਅਸੀ ਜਿਆਦਾ ਮੁਨਾਫਾ ਨਾ ਕਮਾ ਸਕੇ। ਉਨ੍ਹਾਂ ਕਿਹਾ ਕਿ ਖੁਦ ਮੰਡੀਕਰਨ ਕਰਕੇ ਹੀ ਅਸੀ ਖੇਤੀ ਦੇ ਕਿੱਤੇ ਨੂੰ ਲਾਹੇਵੰਦ ਬਣਾ ਸਕਦੇ ਹਾਂ ਅਤੇ ਇਸ ਲਈ ਸਾਨੂੰ ਵਪਾਰਕ ਖੇਤੀ ਸਿੱਖਣੀ ਪਵੇਗੀ।
ਕਿਸਾਨਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਡਾ ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਿਸਾਨ ਮੇਲੇ ਵਿੱਚ ਵੱਡੀ ਗਿਣਤੀ ਕਿਸਾਨਾਂ ਦਾ ਸਿਰਕਤ ਕਰਨਾ ਉਨ੍ਹਾਂ ਦਾ ਯੂਨੀਵਰਸਿਟੀ ਦੀਆਂ ਖੋਜ ਅਤੇ ਪਸਾਰ ਸੇਵਾਵਾਂ ਪ੍ਰਤੀ ਅਥਾਹ ਵਿਸਵਾਸ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋ ਲਗਾਏ ਜਾਂਦੇ ਕਿਸਾਨ ਮੇਲੇ ਕਿਸਾਨਾਂ ਅਤੇ ਖੇਤੀ ਵਿਗਿਆਨੀਆਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦੇ ਹਨ ਅਤੇ ਕਿਸਾਨਾਂ ਵੱਲੋਂ ਯੂਨੀਵਰਸਿਟੀ ਦੀਆਂ ਸਿਫਾਰਿਸਾਂ ਨੂੰ ਲੈ ਕੇ ਦਿੱਤਾ ਜਾਂਦਾ ਫੀਡਬੈਕ ਯੂਨੀਵਰਸਿਟੀ ਦੀਆਂ ਖੋਜ ਅਤੇ ਪਸਾਰ ਸੇਵਾਵਾਂ ਨੂੰ ਨਵੇਂ ਦਿਸਾ ਨਿਰਦੇਸ ਦੇਣ ਵਿੱਚ ਸਹਾਈ ਹੁੰਦਾ ਹੈ। ਕਿਸਾਨ ਮੇਲੇ ਦੇ ਉਦੇਸ ਬਾਰੇ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਾਨੂੰ ਕਣਕ ਝੋਨੇ ਦੇ ਰਿਵਾਇਤੀ ਫਸਲੀ ਚੱਕਰ ਵਿਚੋਂ ਨਿਕਲ ਕੇ ਖੇਤੀ ਵਿਭਿੰਨਤਾ ਨੂੰ ਅਪਨਾਉਣਾ ਪਵੇਗਾ ਤਾਂ ਜੋ ਸਾਡਾ ਵਾਤਾਵਰਣ ਸੁਰੱਖਿਅਤ ਰਹਿ ਸਕੇ ਅਤੇ ਖੇਤੀ ਨਿਰੰਤਰਤਾ ਬਣੀ ਰਹੇ। ਪੌਣ-ਪਾਣੀ ਨੂੰ ਵੱਡਮੁੱਲਾ ਸਰਮਾਇਆ ਦੱਸਦਿਆਂ ਉਨ੍ਹਾਂ ਨੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਤੇ ਜੋਰ ਦਿੰਦਿਆਂ ਕਿਹਾ ਕਿ ਖੇਤੀ ਵੰਨ-ਸੁਵੰਨਤਾ ਨੂੰ ਹੁਲਾਰਾ ਦੇਣ ਲਈ ਮੁੱਲ ਵਾਧੇ ਵਾਲੀਆਂ ਗੁਣਵੱਤਾ ਭਰਪੂਰ ਫਸਲਾਂ ਜਿਵੇਂ ਕਿ ਦਾਲਾਂ, ਤੇਲ ਬੀਜ, ਫਲਾਂ, ਫੁੱਲਾਂ ਅਤੇ ਸਬਜੀਆਂ ਆਦਿ ਫਸਲਾਂ ਦੀ ਕਾਸਤ ਕਰਨ ਦੀ ਲੋੜ ਹੈ। ਖੇਤੀ ਨੂੰ ਮੁਨਾਫੇ ਦਾ ਧੰਦਾ ਬਨਾਉਣ ਲਈ ਬਾਹਰਲੇ ਮੁਲਕਾਂ ਦੀ ਤਰਜ ਤੇ ਐਗਰੀ ਬਿਜਨੈਸ ਕਰਨ ਦਾ ਮਸਵਰਾ ਦਿੰਦਿਆਂ ਡਾ ਗੋਸਲ ਨੇ ਕਿਸਾਨਾਂ ਨੂੰ ਖੇਤੀ ਜਿਨਸਾਂ ਨੂੰ ਸਿੱਧਾ ਮੰਡੀ ਵਿੱਚ ਲਿਜਾਣ ਦੀ ਬਜਾਏ ਇਨ੍ਹਾਂ ਦੀ ਪ੍ਰੋਸੈਸਿੰਗ ਕਰਨ, ਡੱਬਾਬੰਦੀ ਕਰਨ ਅਤੇ ਮੰਡੀਕਰਨ ਖੁਦ ਕਰਨ ਦੀ ਸਿਫਾਰਿਸ ਕੀਤੀ| ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਅਤੇ ਇੰਸਟੀਚਿਊਟ ਆਫ ਐਗਰੀਕਲਚਰ, ਬਠਿੰਡਾ ਅਤੇ ਗੁਰਦਾਸਪੁਰ ਵੱਲੋਂ ਚਲਾਏ ਜਾ ਰਹੇ ਅਕਾਦਮਿਕ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ ਗੋਸਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ 10ਵੀਂ ਤੱਕ ਦੀ ਪੜ੍ਹਾਈ ਪਿੰਡਾਂ ਦੇ ਸਕੂਲਾਂ ਵਿੱਚ ਹਾਸਲ ਕਰਨ ਵਾਲੇ ਕਿਸਾਨਾਂ ਦੇ ਬੱਚਿਆਂ ਲਈ ਦਸ ਪ੍ਰਤੀਸਤ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ, ਇਸ ਕਰਕੇ ਕਿਸਾਨਾਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋ ਵੱਧ ਖੇਤੀ ਸਿੱਖਿਆ ਮੁਹੱਈਆ ਕਰਵਾਉਣ ਦੀ ਲੋੜ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਗਿਆਨ ਵਿਗਿਆਨ ਅਤੇ ਤਕਨਾਲੋਜੀ ਨਾਲ ਜੁੜ ਕੇ ਖੇਤੀ ਨੂੰ ਲਾਹੇਵੰਦ ਧੰਦਾ ਬਣਾ ਸਕਣ| ਕਣਕ ਦੀ ਭਰਵੀ ਫਸਲ ਆਉਣ ਦੀ ਕਾਮਨਾ ਕਰਦਿਆਂ ਡਾ ਗੋਸਲ ਨੇ ਕਿਸਾਨਾਂ ਨੂੰ ਆਉਦੇ ਸਾਉਣੀ ਸੀਜਨ ਵਿੱਚ ਯੂਨੀਵਰਸਿਟੀ ਵੱਲੋ ਫਸਲਾਂ ਦੇ ਪ੍ਰਮਾਣਿਤ ਬੀਜਾਂ ਦੀ ਕਾਸਤ ਕਰਨ ਅਤੇ ਖੇਤੀ ਸਿਫਾਰਸਾਂ ਅਪਨਾਉਣ ਲਈ ਕਿਹਾ।
ਡਾ ਅਜਮੇਰ ਸਿੰਘ ਢੱਟ, ਨਿਰਦੇਸਕ ਖੋਜ, ਨੇ ਤਕਨਾਲੋਜੀ ਦੇ ਇਸ ਕਿਸਾਨ ਮੇਲੇ ਮੌਕੇ ਪੀਏਯੂ ਵੱਲੋ ਵਿਕਸਤ ਕੀਤੀਆਂ ਫਸਲਾਂ ਦੀਆਂ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਅਤੇ ਖੇਤ ਮਸੀਨਰੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਯੂਨੀਵਰਸਿਟੀ ਦੇ ਖੇਤ ਵਿਗਿਆਨੀਆਂ ਵੱਲੋ ਹੁਣ ਤੱਕ 991 ਤੋਂ ਵੱਧ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋ ਲੱਗਭੱਗ 250 ਕਿਸਮਾਂ ਦੀ ਪਛਾਣ ਰਾਸਟਰੀ ਪੱਧਰ ਤੇ ਕਾਸਤ ਕਰਨ ਲਈ ਵੀ ਹੋਈ ਹੈ| ਉਨ੍ਹਾਂ ਨੇ ਝੋਨੇ ਦੀ 28-29 ਕੁਇੰਟਲ ਪ੍ਰਤੀ ਏਕੜ ਝਾੜ ਦੇਣ ਵਾਲੀ ਨਵੀ ਕਿਸਮ ਪੀਆਰ-133, ਕਪਾਹ ਦਾ 11 ਕੁਇੰਟਲ ਪ੍ਰਤੀ ਏਕੜ ਝਾੜ ਦੇਣ ਵਾਲੀ ਦੇਸੀ ਕਿਸਮ ਪੀਬੀਡੀ 88 ਅਤੇ ਮੱਕੀ ਦਾ 25 ਕੁਇੰਟਲ ਪ੍ਰਤੀ ਏਕੜ ਝਾੜ ਦੇਣ ਵਾਲੀ ਕਿਸਮ ਐਨਕੇ 7328 ਤੋਂ ਇਲਾਵਾ ਸਬਜੀਆਂ ਦੀਆਂ ਫਸਲਾਂ ਦੀਆਂ ਕਿਸਮਾਂ ਵਿੱਚ ਖਰਬੂਜੇ ਦੀ ਹਾਈਬ੍ਰਿਡ ਕਿਸਮ ਐਮਐਚ 56, ਨੈਟੱ ਪੋਲੀਹਾਊਸ ਵਿੱਚ ਕਾਸਤ ਕਰਨ ਲਈ ਬੈਗਂਣ ਦੀ ਹਾਈਬ੍ਰਿਡ ਕਿਸਮ ਪੀਸੀਬੀਐਚ 7, ਕਾਲੀ ਤੋਰੀ ਪੀਐਸਜੀਐਚ-1 ਅਤੇ ਪੀਐਸਜੀਐਚ-2, ਘੀਆ ਤੋਰੀ 5 ਅਤੇ 18, ਮਟਰ ਅਗੇਤਾ 8 ਅਤੇ ਪੰਜਾਬ 90 ਦੇ ਨਾਲ-ਨਾਲ ਫਲਾਂ ਦੀਆਂ ਕਿਸਮਾਂ ਵਿੱਚ ਪੰਜਾਬ ਆੜੂ 1 ਅਤੇ ਪੰਜਾਬ ਆੜੂ 2, ਪੰਜਾਬ ਨੈਕਟ੍ਰਨ 2 ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। ਪੌਦ ਸੁਰੱਖਿਆ ਵਿੱਚ ਯੂਨੀਵਰਸਿਟੀ ਵੱਲੋਂ ਦਿੱਤੀਆਂ 23 ਸਿਫਾਰਿਸਾਂ ਸਾਂਝੀਆਂ ਕਰਦਿਆਂ ਵਾਤਾਵਰਣ ਦੀ ਸਾਂਭ-ਸੰਭਾਲ ਲਈ ਉਨ੍ਹਾਂ ਨੇ ਫਸਲਾਂ ਦੀ ਰਹਿੰਦ-ਖੂਹਦ ਦੀ ਉਚਿਤ ਸਾਂਭ-ਸੰਭਾਲ ਅਤੇ ਖੇਤੀ ਰਸਾਇਣਾਂ ਦੀ ਯੂਨੀਵਰਸਿਟੀ ਸਿਫਾਰਸਾਂ ਮੁਤਾਬਿਕ ਵਰਤੋ ਕਰਨ ਦੀ ਤਾਕੀਦ ਕੀਤੀ।
ਕਿਸਾਨ ਮੇਲੇ ਵਿੱਚ ਸਿਰਕਤ ਕਰ ਰਹੇ ਕਿਸਾਨਾਂ, ਪਤਵੰਤਿਆਂ ਅਤੇ ਵਿਗਿਆਨੀਆਂ ਨੂੰ ਨਿੱਘਾ ਜੀ ਆਇਆਂ ਕਹਿੰਦਿਆਂ ਡਾ ਮੱਖਣ ਸਿੰਘ ਭੁੱਲਰ, ਨਿਰਦੇਸਕ ਪਸਾਰ ਸਿੱਖਿਆ ਨੇ ਪੀਏਯੂ ਵੱਲੋ ਲਗਾਏ ਜਾਂਦੇ ਕਿਸਾਨ ਮੇਲਿਆਂ ਨੂੰ ਗਿਆਨ, ਵਿਗਿਆਨ ਅਤੇ ਤਕਨਾਲੋਜੀ ਦਾ ਮਹਾਂਕੁੰਭ ਦੱਸਦਿਆਂ ਕਿਹਾ ਕਿ ਖੇਤੀ ਸਬੰਧੀ ਅਤਿ-ਆਧੁਨਿਕ ਜਾਣਕਾਰੀ ਹਾਸਿਲ ਕਰਨ ਲਈ ਅਤੇ ਖੇਤੀ ਸਮੱਸਿਆਵਾਂ ਦਾ ਹੱਲ ਕਰਨ ਲਈ ਇਹ ਕਿਸਾਨ ਮੇਲੇ ਬਹੁਤ ਸਹਾਈ ਹੁੰਦੇ ਹਨ। ਯੂਨੀਵਰਸਿਟੀ ਵੱਲੋ ਲਗਾਈਆਂ ਖੇਤ ਪ੍ਰਦਰਸਨੀਆਂ ਅਤੇ ਨੁਮਾਇਸਾਂ ਦਾ ਦੌਰਾ ਕਰਨ ਦੀ ਅਪੀਲ ਕਰਦਿਆਂ ਡਾ ਭੁੱਲਰ ਨੇ ਕਿਸਾਨਾਂ ਨੂੰ ਖੇਤੀ ਸਹਾਇਕ ਧੰਦਿਆਂ ਨੂੰ ਉਤਸਾਹਿਤ ਕਰਨ ਲਈ ਯੂਨੀਵਰਸਿਟੀ ਦੇ ਵੱਖ-ਵੱਖ ਕ੍ਰਿਸੀ ਵਿਗਿਆਨ ਕੇਦਂਰਾਂ ਵੱਲੋ ਦਿੱਤੀਆਂ ਜਾਂਦੀਆਂ ਸਿਖਲਾਈਆਂ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। ਵਿਗਿਆਨਕ ਲੀਹਾਂ ਤੇ ਖੇਤੀ ਕਰਨ ਲਈ ਯੂਨੀਵਰਸਿਟੀ ਵੱਲੋ ਪ੍ਰਕਾਸਿਤ ਕੀਤੇ ਜਾਂਦੇ ਖੇਤੀ ਸਹਿਤ ਨਾਲ ਜੁੜਨ ਲਈ ਪ੍ਰੇਰਦਿਆਂ ਉਨ੍ਹਾਂ ਨੇ ਖੇਤੀ ਰਸਾਲੇ, ‘ਚੰਗੀ ਖੇਤੀ’ ਅਤੇ ‘ਪ੍ਰੋਗਰੈਸਿਵ ਫਾਰਮਿੰਗ’ ਦੇ ਮੈਬਂਰ ਬਣਨ ਅਤੇ ਸਾਉਣੀ ਦੀਆਂ ਫਸਲਾਂ ਦੀਆਂ ਸਿਫਾਰਿਸਾਂ ਪੁਸਤਕ ਪੜ੍ਹਨ ਲਈ ਕਿਹਾ।
ਮੰਚ ਸੰਚਾਲਨ ਕਰਦਿਆਂ ਡਾ ਤੇਜਿੰਦਰ ਸਿੰਘ ਰਿਆੜ, ਅੱਪਰ ਨਿਰਦੇਸਕ ਸੰਚਾਰ, ਪੀਏਯੂ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਇਸ ਯੁੱਗ ਵਿੱਚ ਕਿਸਾਨਾਂ ਨੂੰ ਸਮੇਂ ਦਾ ਹਾਣੀ ਬਣ ਕੇ ਖੇਤੀ ਸਬੰਧਿਤ ਅਤਿ-ਆਧੁਨਿਕ ਜਾਣਕਾਰੀ ਹਾਸਿਲ ਕਰਨ ਲਈ ਪੀਏਯੂ ਦੇ ਹਫਤਾਵਰ ਡਿਜੀਟਲ ਅਖਬਾਰ, ਖੇਤੀ ਸੰਦੇਸ, ਪੀਏਯੂ ਫੇਸਬੁੱਕ ਲਾਈਵ ਪ੍ਰੋਗਰਾਮ, ਪੀਏਯੂ ਵੱਟਸਐਪ ਗਰੁੱਪਾਂ ਅਤੇ ਯੂ-ਟਿਊਬ ਚੈਨਲਾਂ ਨਾਲ ਵੱਧ ਤੋ ਵੱਧ ਜੁੜਨ ਲਈ ਕਿਹਾ। ਖੇਤੀ ਆਮਦਨ ਵਿੱਚ ਵਾਧਾ ਕਰਨ ਲਈ ਯੂਨੀਵਰਸਿਟੀ ਦੇ ਸਕਿੱਲ ਡਿਵੈਲਪਮੈਟਂ ਸੈਟਂਰ ਨਾਲ ਰਾਬਤਾ ਕਾਇਮ ਕਰਕੇ ਖੇਤੀ ਪ੍ਰੋਸੈਸਿੰਗ ਨੂੰ ਉਤਸਾਹਿਤ ਕਰਦਿਆਂ ਡਾ ਰਿਆੜ ਨੇ ਯੂਨੀਵਰਸਿਟੀ ਵੱਲੋ ਤਿਆਰ ਕੀਤੇ ਸੰਯੁਕਤ ਖੇਤੀ ਮਾਡਲ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਬਾਗਬਾਨੀ ਖੇਤਰ ਵਿੱਚ (ਫਲਾਂ, ਸਬਜੀਆਂ ਅਤੇ ਫੁੱਲਾਂ ਦੀ ਕਾਸਤ ਲਈ) ਜਥੇਦਾਰ ਗੁਰਾਦਿੱਤਾ ਸਿੰਘ ਮਾਹਲ ਯਾਦਗਾਰੀ ਪੁਰਸਕਾਰ ਸ ਜਰਨੈਲ ਸਿੰਘ ਪੁੱਤਰ ਸ ਅਜੀਤ ਸਿੰਘ, ਪਿੰਡ ਜਗਤਪੁਰਾ, ਬਲਾਕ ਗੰਢੀਵਿੰਡ, ਜਿਲ੍ਹਾ ਤਰਨਤਾਰਨ ਨੂੰ ਪ੍ਰਦਾਨ ਕੀਤਾ ਗਿਆ।
ਡਾ ਕਰਮਜੀਤ ਸਿੰਘ ਸੇਖੋਂ, ਨਿਰਦੇਸ਼ਕ, ਖੇਤਰੀ ਖੋਜ ਕੇਂਦਰ, ਬਠਿੰਡਾ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਸਬਜੀਆਂ, ਤੇਲਬੀਜਾਂ, ਮੋਟੇ ਅਨਾਜਾਂ ਅਤੇ ਚਾਰੇ ਦੀਆਂ ਫਸਲਾਂ ਦੀਆਂ ਕਿੱਟਾਂ, ਫਲਾਂ ਅਤੇ ਫੁੱਲਾਂ ਦੇ ਬੂਟੇ ਖਰੀਦਣ ਲਈ ਕਿਹਾ।

CATEGORIES
Share This

COMMENTS

Wordpress (0)
Disqus ( )
Translate