ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਵਿਖੇ ਬੀ.ਐਸ.ਸੀ. (ਖੇਤੀਬਾੜੀ) ਕੋਰਸ ਜਲਦ ਹੋਵੇਗਾ ਸ਼ੁਰੂ: ਸਪੀਕਰ ਕੁਲਤਾਰ ਸਿੰਘ ਸੰਧਵਾਂ

ਸਪੀਕਰ ਸ. ਸੰਧਵਾਂ ਨੇ ਖੇਤੀਬਾੜੀ ਵਿਭਾਗ, ਉਚੇਰੀ ਸਿੱਖਿਆ, ਪੰਜਾਬੀ ਯੂਨੀਵਰਸਿਟੀ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪ੍ਰਗਤੀ ਦਾ ਜਾਇਜ਼ਾ ਲਿਆ

ਚੰਡੀਗੜ, 10 ਅਗਸਤ:

ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਹੈ ਕਿ ਫ਼ਰੀਦਕੋਟ ਦੇ ਸਰਕਾਰੀ ਬਰਜਿੰਦਰਾ ਕਾਲਜ ਵਿਖੇ ਬੀ.ਐਸ.ਸੀ. (ਖੇਤੀਬਾੜੀ) ਕੋਰਸ ਜਲਦ ਸ਼ੁਰੂ ਹੋ ਜਾਵੇਗਾ ਅਤੇ ਛੇਤੀ ਹੀ ਇਸ ਸਬੰਧੀ ਲੋੜੀਂਦੀਆਂ ਕਾਰਵਾਈਆਂ ਮੁਕੰਮਲ ਕਰ ਲਈਆਂ ਜਾਣਗੀਆਂ।

ਸਰਕਾਰੀ ਬਰਜਿੰਦਰਾ ਕਾਲਜ ਵਿਖੇ ਬੀ.ਐਸ.ਸੀ. (ਖੇਤੀਬਾੜੀ) ਕੋਰਸ ਮੁੜ ਸ਼ੁਰੂ ਕਰਨ ਬਾਰੇ, ਸਪੀਕਰ ਸ. ਸੰਧਵਾਂ ਨੇ ਅੱਜ ਪੰਜਾਬ ਵਿਧਾਨ ਸਭਾ ਸਕੱਤਰੇਤ ਵਿਖੇ ਖੇਤੀਬਾੜੀ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਅਤੇ ਉਚੇਰੀ ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਅਤੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪ੍ਰਗਤੀ ਦਾ ਜਾਇਜ਼ਾ ਲਿਆ।

ਸ. ਸੰਧਵਾਂ ਨੇ ਦੱਸਿਆ ਕਿ ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਮਾਲਵੇ ਖੇਤਰ ਦੀ ਅਹਿਮ ਵਿੱਦਿਅਕ ਸੰਸਥਾ ਹੈ, ਜਿੱਥੇ ਹੋਰਨਾਂ ਡਿਗਰੀਆਂ ਦੇ ਨਾਲ-ਨਾਲ ਬੀ.ਐਸ.ਸੀ. (ਖੇਤੀਬਾੜੀ) ਕੋਰਸ ਵੀ ਪੜ੍ਹਾਇਆ ਜਾਂਦਾ ਸੀ। ਉਨਾਂ ਦੱਸਿਆ ਕਿ ਸਾਲ 2019 ਦੌਰਾਨ ਵਿਦਿਆਰਥੀਆਂ ਦੇ ਆਖ਼ਰੀ ਬੈਚ ਨੇ ਬੀ.ਐਸ.ਸੀ. (ਖੇਤੀਬਾੜੀ) ਕੋਰਸ ਲਈ ਕਾਲਜ ਵਿਖੇ ਦਾਖ਼ਲਾ ਲਿਆ ਸੀ ਅਤੇ ਇਸ ਵਰੇ ਉਸ ਬੈਚ ਦਾ ਆਖ਼ਰੀ ਸਾਲ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਕੋਰਸ ਕਰਨ ਦੇ ਚਾਹਵਾਨ ਇਲਾਕੇ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਹੋਣ ਤੋਂ ਰੋਕਣ ਲਈ ਬੰਦ ਕੀਤੇ ਗਏ ਇਸ ਕੋਰਸ ਨੂੰ ਮੁੜ ਸ਼ੁਰੂ ਕਰਵਾਇਆ ਜਾ ਰਿਹਾ ਹੈ।

ਸ. ਸੰਧਵਾਂ ਨੇ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਕਾਲਜ ਵਿੱਚ ਇਸੇ ਸੈਸ਼ਨ ਤੋਂ ਖੇਤੀਬਾੜੀ ਕੋਰਸ ਦੇ ਦਾਖ਼ਲੇ ਸ਼ੁਰ ਕਰਨ ਲਈ ਵਿਜ਼ਟਿੰਗ ਪ੍ਰੋਫੈਸਰਾਂ ਦੀ ਭਰਤੀ, ਲੈਬਾਂ ਆਦਿ ਵਿਖੇ ਲੋੜੀਂਦੇ ਉਪਕਰਨ ਅਤੇ ਹੋਰ ਲੋੜੀਂਦੀਆਂ ਕਾਰਵਾਈਆਂ ਛੇਤੀ ਮੁਕੰਮਲ ਕਰਨੀਆਂ ਯਕੀਨੀ ਬਣਾਈਆਂ ਜਾਣ।

ਇਸ ਮੌਕੇ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ, ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਸ੍ਰੀ ਕੇ.ਏ.ਪੀ. ਸਿਨਹਾ, ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਸ੍ਰੀਮਤੀ ਜਸਪ੍ਰੀਤ ਤਲਵਾੜ, ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਪ੍ਰੋ. ਅਰਵਿੰਦ, ਡੀਨ ਕਾਲਜ ਖੇਤੀਬਾੜੀ ਪੀ.ਏ.ਯੂ. ਡਾ. ਰਵਿੰਦਰ ਕੌਰ ਧਾਲੀਵਾਲ, ਡਾ. ਮਾਨਵ ਇੰਦਰ ਸਿੰਘ, ਡਿਪਟੀ ਡਾਇਰੈਕਟਰ ਉਚੇਰੀ ਸਿੱਖਿਆ ਡਾ. ਅਸ਼ਵਨੀ ਭੱਲਾ, ਪ੍ਰਿੰਸੀਪਲ ਬਰਜਿੰਦਰਾ ਕਾਲਜ ਸ੍ਰੀ ਰਾਜੇਸ਼ ਕੁਮਾਰ ਅਤੇ ਡਾ. ਨਰਿੰਦਰਜੀਤ ਸਿੰਘ ਬਰਾੜ ਆਦਿ ਹਾਜ਼ਰ ਸਨ। 

CATEGORIES
Share This

COMMENTS

Wordpress (0)
Disqus (0 )
Translate