ਆਮ ਆਦਮੀ ਕਲੀਨਿਕ ਆਮ ਲੋਕਾਂ ਲਈ ਹੋ ਰਹੇ ਹਨ ਲਾਹੇਵੰਦ ਸਿੱਧ – ਧੀਮਾਨ
- ਜ਼ਿਲ੍ਹੇ ਵਿੱਚ 72,689 ਮਰੀਜਾਂ ਨੇ ਆਮ ਆਦਮੀ ਕਲੀਨਿਕਾਂ ਰਾਹੀਂ ਕਰਵਾਇਆ ਇਲਾਜ – ਡੀ.ਸੀ.
- ਜ਼ਿਲ੍ਹੇ ਵਿੱਚ 21 ਆਮ ਆਦਮੀ ਕਲੀਨਿਕਾਂ ਰਾਹੀਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਸਿਹਤ ਸਹੂਲਤਾਂ
ਫਿਰੋਜ਼ਪੁਰ, 25 ਅਪ੍ਰੈਲ 2023()
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੀ ਰਹਿਨੁਮਾਈ ਹੇਠ ਸੂਬੇ ਵਿੱਚ ਚਲਾਏ ਜਾ ਰਹੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ 21 ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਲਈ ਓਪ.ਪੀ.ਡੀ. ਸੇਵਾਵਾਂ ਉਪਲੱਬਧ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ੍ਰੀ ਰਾਜੇਸ਼ ਧੀਮਾਨ ਨੇ ਕੀਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ 21 ਆਮ ਆਦਮੀ ਕਲੀਨਿਕ ਫ਼ਿਰੋਜ਼ਪੁਰ ਸ਼ਹਿਰ, ਜ਼ੀਰਾ, ਗੁਰੂਹਰਸਹਾਏ, ਮੇਹਰ ਸਿੰਘ ਵਾਲਾ, ਕੋਟ ਕਰੋੜ ਕਲਾਂ, ਯੂ.ਪੀ.ਐਚ.ਸੀ. ਫਿਰੋਜ਼ਪੁਰ ਸ਼ਹਿਰ, ਯੂ.ਪੀ.ਐਚ.ਸੀ. ਫ਼ਿਰੋਜ਼ਪੁਰ ਕੈਂਟ, ਮੱਲਾਂਵਾਲਾ, ਕੱਸੋਆਣਾ, ਲੱਲ੍ਹੇ, ਮੁੱਦਕੀ, ਮੱਲਵਾਲ ਕਦੀਮ, ਤਲਵੰਡੀ ਭਾਈ, ਜੀਵਾਂ ਅਰਾਈਂ, ਸੋਹਨਗੜ੍ਹ, ਪੰਜੇ ਕੇ ਉਤਾੜ, ਖਾਈ ਫੇਮੇ ਕੀ, ਲੱਖੋ ਕੇ ਬਹਿਰਾਮ, ਆਰਿਫ਼ ਕੇ, ਨੂਰਪੁਰ ਸੇਠਾਂ ਅਤੇ ਝੋਕ ਹਰੀਹਰ ਵਿਖੇ ਚਲਾਏ ਜਾ ਰਹੇ ਹਨ ਜਿੱਥੇ ਹੁਣ ਤੱਕ 72,689 ਲੋਕਾਂ ਨੂੰ ਸਿਹਤ ਸਬੰਧੀ ਸੇਵਾਵਾਂ/ਇਲਾਜ ਮੁਹੱਈਆ ਕਰਵਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਨਵਰੀ ਮਹੀਨੇ ਦੇ ਵਿੱਚ ਉਕਤ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਓ.ਪੀ.ਡੀ ਰਾਹੀ 4763 ਮਰੀਜਾਂ ਵੱਲੋਂ 627 ਟੈਸਟ, ਫਰਵਰੀ ਮਹੀਨੇ ਵਿੱਚ 30116 ਮਰੀਜਾਂ ਵੱਲੋਂ 3744 ਟੈਸਟ, ਮਾਰਚ ਮਹੀਨੇ ਵਿੱਚ ਓ.ਪੀ.ਡੀ. ਰਾਹੀ 22531 ਮਰੀਜਾਂ ਵੱਲੋਂ 2583 ਟੈਸਟ ਅਤੇ ਅਪ੍ਰੈਲ ਮਹੀਨੇ ਵਿੱਚ 15279 ਮਰੀਜਾਂ ਵੱਲੋਂ 2118 ਟੈਸਟ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਾਰੇ ਆਮ ਆਦਮੀ ਕਲੀਨਿਕਾਂ ਵਿੱਚ ਹੁਣ ਤੱਕ ਕੁੱਲ 72689 ਮਰੀਜਾਂ ਨੇ 9072 ਮੁਫ਼ਤ ਮੈਡੀਕਲ ਟੈਸਟ ਕਰਵਾ ਕੇ ਸਿਹਤ ਸਹੂਲਤਾਂ ਹਾਸਲ ਕੀਤੀਆਂ ਹਨ।
ਡਿਪਟੀ ਕਮਿਸ਼ਨਰ ਨੇ ਸਮੂਹ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜਰੂਰਤ ਪੈਣ ਤੇ ਸਭ ਤੋਂ ਪਹਿਲਾਂ ਆਮ ਆਦਮੀ ਕਲੀਨਿਕਾਂ ਰਾਹੀਂ ਮੁੱਢਲੀਆਂ ਸਿਹਤ ਸਹੂਲਤਾਂ ਲੈਣ ਅਤੇ ਜੇਕਰ ਫਿਰ ਵੀ ਜ਼ਰੂਰਤ ਪੈਂਦੀ ਹੈ ਤਾਂ ਉਹ ਜ਼ਿਲ੍ਹੇ ਵਿੱਚ ਖੋਲ੍ਹੇ ਗਏ ਬਾਕੀ ਸਿਹਤ ਕੇਂਦਰਾਂ ਰਾਹੀਂ ਵੀ ਆਪਣਾ ਇਲਾਜ ਕਰਵਾ ਸਕਦੇ ਹਨ। ਸ੍ਰੀ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਲਗਭਗ 150 ਤਰ੍ਹਾਂ ਦੀਆਂ ਦਵਾਈਆਂ ਅਤੇ 41 ਤਰ੍ਹਾਂ ਦੇ ਕਲੀਨੀਕਲ ਟੈੱਸਟ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ ।
CATEGORIES ਮਾਲਵਾ