ਜ਼ਿਲ੍ਹਾ ਫ਼ਾਜ਼ਿਲਕਾ ਦੇ ਤਿੰਨ ਪ੍ਰਿੰਸੀਪਲ ਸਿਖਲਾਈ ਲਈ ਜਾਣਗੇ ਸਿੰਗਾਪੁਰ

ਫਾਜਿਲਕਾ 25 ਜਨਵਰੀ

ਸਿੱਖਿਆ ਪੰਜਾਬ ਸਰਕਾਰ ਦੇ ਏਜੰਡੇ ਦਾ ਮੁੱਖ ਹਿੱਸਾ ਹੈ। ਭਗਵੰਤ ਮਾਨ ਸਰਕਾਰ ਪਹਿਲੇ ਦਿਨ ਤੋਂ ਹੀ ਪੰਜਾਬ ਨੂੰ ਸਿੱਖਿਆ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ।

ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਦੇ ਪਹਿਰਾ ਦਿੰਦਿਆਂ ਅਤੇ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੇ ਢਾਚਾਗਤ ਵਿਕਾਸ ਅਤੇ ਸਿੱਖਿਆ ਸੁਧਾਰਾਂ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ।

ਇਸ ਪ੍ਰੋਗਰਾਮ ਨੂੰ ਅੱਗੇ ਵਧਾਉਂਦਿਆਂ ਪੰਜਾਬ ਦੇ 36 ਪ੍ਰਿੰਸੀਪਲਾਂ ਨੂੰ ਅੰਤਰਰਾਸ਼ਟਰੀ ਸਿਖਲਾਈ ਲਈ ਸਿੰਗਾਪੁਰ ਭੇਜਿਆ ਜਾ ਰਿਹਾ ਹੈ। ਜਿਸ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਵਾਲਾ ਹਾਜ਼ਰ ਖਾਂ ਦੇ ਪ੍ਰਿੰਸੀਪਲ ਕਮ ਜ਼ਿਲਾ ਸਮਾਰਟ ਸਕੂਲ ਮੈਂਟਰ ਪ੍ਰਦੀਪ ਕੰਬੋਜ,ਡਾਇਟ ਪ੍ਰਿੰਸੀਪਲ ਡਾਂ ਰਚਨਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਤਰੇ ਵਾਲਾ ਦੇ ਪ੍ਰਿੰਸੀਪਲ ਮੈਡਮ ਨਵਜੋਤ ਖੈਰਾ ਦੀ ਇਸ ਅੰਤਰਰਾਸ਼ਟਰੀ ਸਿਖਲਾਈ ਪ੍ਰੋਗਰਾਮ ਲਈ ਚੋਣ ਹੋਈ ਹੈ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ, ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਪੰਕਜ਼ ਕੁਮਾਰ ਅੰਗੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਚੁਣੇ ਗਏ ਪ੍ਰਿੰਸੀਪਲ ਸਿੰਗਾਪੁਰ ਦੀ ਪ੍ਰਿੰਸੀਪਲ ਅਕੈਡਮੀ ਤੋਂ ਸਿਖਲਾਈ ਪ੍ਰਾਪਤ ਕਰਕੇ ਆਪਣੇ ਹੁਨਰ ਨੂੰ ਹੋਰ ਨਿਖਾਰਨਗੇ। ਉਹਨਾਂ ਕਿਹਾ ਕਿ ਇਸ ਅੰਤਰਰਾਸ਼ਟਰੀ ਸਿਖਲਾਈ ਨਾਲ ਇਹਨਾਂ ਪ੍ਰਿੰਸੀਪਲਾਂ ਦੇ ਲੀਡਰਸ਼ਿਪ ਦੇ ਗੁਣਾਂ ਵਿੱਚ ਹੋਰ ਨਿਖਾਰ ਆਵੇਗਾ। ਇਸ ਮੌਕੇ ਤੇ ਪ੍ਰਿੰਸੀਪਲ ਪ੍ਰਦੀਪ ਕੰਬੋਜ,ਡਾਂ ਰਚਨਾ ਅਤੇ ਮੈਡਮ ਨਵਜੋਤ ਖੈਰਾ ਨੇ ਕਿਹਾ ਕਿ ਵਿਭਾਗ ਵੱਲੋਂ ਉਹਨਾਂ ਤੇ ਪ੍ਰਗਟਾਏ ਵਿਸ਼ਵਾਸ ਤੇ ਪੂਰੀ ਤਰ੍ਹਾਂ ਖਰਾ ਉਤਰਨਗੇ ਅਤੇ ਟਰੇਨਿੰਗ ਲੈ ਕੇ ਇਸ ਦਾ ਅੱਗੇ ਪ੍ਰਸਾਰ ਕਰਨਗੇ। ਇਸ ਮੌਕੇ ਤੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਸਮੂਹ ਬੀਐਨਓ,ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਵੱਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

CATEGORIES
Share This

COMMENTS

Wordpress (0)
Disqus (1 )
Translate