ਵਧੀਕ ਡਿਪਟੀ ਕਮਿਸ਼ਨਰ ਜਨਰਲ ਮਨਦੀਪ ਕੌਰ ਨੇ ਅਧਿਆਪਕ ਬਣ ਵਿਦਿਆਰਥੀਆਂ ਨੂੰ ਦੱਸੇ ਸਫਲਤਾ ਦੇ ਸੂਤਰ
ਫਾਜਿ਼ਲਕਾ, 25 ਜਨਵਰੀ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਦੀ ਪਹਿਲ ਕਦਮੀ ਨਾਲ ਫਾਜਿ਼ਲਕਾ ਜਿ਼ਲ੍ਹੇ ਵਿਚ ਸ਼ੁਰੂ ਹੋਏ ਲਰਨ ਐਂਡ ਗ੍ਰੋਅ ਪ੍ਰੋਗਰਾਮ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ ਡਾ: ਮਨਦੀਪ ਕੌਰ ਨੇ ਸਰਕਾਰੀ ਹਾਈ ਸਕੂਲ ਮੁਹਾਰ ਸੋਨਾ ਵਿਚ 9ਵੀਂ ਜਮਾਤ ਦੇ ਵਿਦਿਆਰਥੀਆਂ ਦੀ ਕਲਾਸ ਲਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਫਲਤਾ ਦੇ ਸੂਤਰ ਸਮਝਾਏ, ਜਿੰਨ੍ਹਾਂ ਦਾ ਪਾਲਣ ਕਰਕੇ ਵਿਦਿਆਰਥੀ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ।
ਜਿਕਰਯੋਗ ਹੈ ਕਿ ਲਰਨ ਐਂਡ ਗ੍ਰੋਅ ਪ੍ਰੋਗਰਾਮ ਤਹਿਤ ਹਰ ਹਫਤੇ ਜਿ਼ਲ੍ਹੇ ਦਾ ਇਕ ਸੀਨਿਅਰ ਅਧਿਕਾਰੀ ਵਿਦਿਆਰਥੀਆਂ ਨਾਲ ਸਿੱਧੇ ਸੰਵਾਦ ਲਈ ਕਿਸੇ ਸਕੂਲ ਦਾ ਦੌਰਾ ਕਰਕੇ ਇਕ ਜਮਾਤ ਵਿਚ ਵਿਦਿਆਰਥੀਆਂ ਨਾਲ ਗਲਬਾਤ ਕਰਦਾ ਹੈ। ਇਸ ਵਿਚ ਵਿਦਿਆਰਥੀਆਂ ਨੂੰ ਸੇਧ ਦੇਣ ਦੇ ਨਾਲ ਵਿਦਿਆਰਥੀਆਂ ਦੇ ਵਿਚਾਰ ਵੀ ਲਏ ਜਾਂਦੇ ਹਨ।
ਇਸ ਮੌਕੇ ਸਕੂਲ ਪੁੱਜਣ ਤੇ ਸਕੂਲ ਮੁੱਖੀ ਵਿਕਾਸ ਗਰੋਵਰ ਨੇ ਵਧੀਕ ਡਿਪਟੀ ਕਮਿਸ਼ਨਰ ਡਾ: ਮਨਦੀਪ ਕੌਰ ਦਾ ਸਵਾਗਤ ਕੀਤਾ। ਇਸ ਮੌਕੇ ਡਿਪਟੀ ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰੀ ਪੰਕਜ ਅੰਗੀ, ਸਤਿੰਦਰ ਬੱਤਰਾ, ਸ੍ਰੀ ਮਨੀਸ਼ ਠੁਕਰਾਲ, ਸ੍ਰੀ ਗਗਨਦੀਪ ਸਿੰਘ ਵੀ ਹਾਜਰ ਸਨ।
ਬਾਕਸ ਲਈ ਪ੍ਰਸਤਾਵਿਤ
ਏਡੀਸੀ ਨੇ ਵਿਦਿਆਰਥੀਆਂ ਨੂੰ ਦੱਸੇ ਸਫਤਲਾ ਦੇ ਸੂਤਰ
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ: ਮਨਦੀਪ ਕੌਰ ਨੇ ਵਿਦਿਆਰਥੀਆਂ ਦੀ ਕਲਾਸ ਲੈਂਦਿਆਂ ਉਨ੍ਹਾਂ ਨੂੰ ਜਿੰਦਗੀ ਵਿਚ ਸਫਲਤਾ ਲਈ ਕੁਝ ਸੂਤਰ ਦੱਸੇੇ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਪਹਿਲਾਂ ਜਿੰਦਗੀ ਵਿਚ ਆਪਣਾ ਟੀਚਾ ਨਿਰਧਾਰਤ ਕਰਨ ਅਤੇ ਫਿਰ ਉਸ ਟੀਚੇ ਦੀ ਪ੍ਰਾਪਤੀ ਲਈ ਯੋਜਨਾਬੰਦੀ ਕਰਕੇ, ਅਨੁਸ਼ਾਸਨ ਵਿਚ ਰਹਿੰਦੇ ਹੋਏ ਦ੍ਰਿੜ ਇੱਛਾ ਸ਼ਕਤੀ ਨਾਲ ਸਖ਼ਤ ਮਿਹਨਤ ਕਰਨ। ਉਨ੍ਹਾਂ ਨੇ ਵਿਦਿਆਰਥੀਆ ਨੂੰ ਸੇਧ ਦਿੰਦਿਆਂ ਕਿਹਾ ਕਿ ਉਹ ਆਪਣੇ ਲਈ ਕਿਸੇ ਮੌਕੇ ਦੀ ਉਡੀਕ ਨਾ ਕਰਨ ਸਗੋਂ ਆਪਣੇ ਲਈ ਖੁਦ ਮੌਕੇ ਪੈਦਾ ਕਰਨ, ਇਸ ਲਈ ਉਹ ਸਮੇਂ ਦੇ ਪਾਬੰਦ ਹੋ ਕੇ, ਆਪਣਾ ਸਵੈ ਵਿਸਵਾਸ਼ ਕਾਇਮ ਰੱਖਦੇ ਹੋਏ ਟੀਚੇ ਦੀ ਪ੍ਰਾਪਤੀ ਲਈ ਅੱਗੇ ਵਧਣ ਤਾਂ ਸਫਲਤਾ ਉਨ੍ਹਾਂ ਦੇ ਕਦਮ ਜਰੂਰ ਚੁੰਮੇਗੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਬੁਰੀਆਂ ਆਦਤਾਂ ਤੋਂ ਬਚ ਕੇ ਰਹਿਣ ਲਈ ਵੀ ਪ੍ਰੇਰਿਤ ਕੀਤਾ।
ਬਾਕਸ ਲਈ ਪ੍ਰਸਤਾਵਿਤ
ਵਿਦਿਆਰਥੀਆਂ ਨੇ ਪੁੱਛੇ ਸਵਾਲ
ਇਸ ਮੌਕੇ ਵਿਦਿਆਰਥੀ ਅਕਾਸ਼, ਜ਼ੋ ਕਿ ਆਈਏਐਸ ਅਫਸਰ ਬਣਨਾ ਲੋਚਦਾ ਹੈ ਨੇ ਇਸ ਸਬੰਧੀ ਤਿਆਰੀ ਕਿਵੇਂ ਕਰਨੀ ਹੈ ਬਾਰੇ ਸਵਾਲ ਪੁੱਛਿਆ। ਮੋਨਿਕਾ ਨੇ ਪੁੱਛਿਆ ਕਿ ਉਹ ਅਧਿਆਪਕ ਬਣਨਾ ਚਾਹੁੰਦੀ ਹੈ ਇਸ ਲਈ ਉਹ ਆਪਣੀ ਪੜਾਈ ਨੂੰ ਕਿਵੇਂ ਦਾ ਰੁੱਖ ਦੇਵੇੇੇ। ਸਨਮਪ੍ਰੀਤ ਨੇ ਕਿਹਾ ਕਿ ਉਸਨੂੰ ਗਣਿਤ ਦਾ ਵਿਸ਼ਾ ਮੁਸਕਿਲ ਲੱਗਦਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ ਅਤੇ ਕਿਹਾ ਕਿ ਜ਼ੇਕਰ ਕਿਸੇ ਵਿਸ਼ੇ ਪ੍ਰਤੀ ਰੂਚੀ ਪੈਦਾ ਕਰ ਲਈ ਜਾਵੇ ਤਾਂ ਕੋਈ ਵੀ ਵਿਸ਼ਾ ਮੁਸਕਿਲ ਨਹੀਂ ਰਹਿ ਜਾਂਦਾ ਹੈ।



