ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨੀ ਖੇੜਾ ਦੀ ਮਾਪੇ ਅਧਿਆਪਕ ਮਿਲਣੀ ਵਿੱਚ ਡਿਪਟੀ ਕਮਿਸ਼ਨਰ ਡਾਂ ਸੇਨੂੰ ਦੁੱਗਲ ਨੇ ਕੀਤੀ ਸ਼ਿਰਕਤ
ਵਿਦਿਆਰਥੀਆਂ ਮਾਪਿਆਂ ਅਤੇ ਅਧਿਆਪਕਾਂ ਦਾ ਵਧਾਇਆ ਉਤਸ਼ਾਹ
ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਵੱਲੋਂ ਰੱਖੇ ਗਏ ਮੈਗਾ ਪੀ.ਟੀ.ਐਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਨੀ ਖੇੜਾ ਵਿਖੇ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਵਿੱਚ ਵਿਜਿਟ ਕੀਤੀ। ਇਸ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾਂ ਸੇਨੂੰ ਦੁੱਗਲ ਨੇ ਅੱਜ ਦੇ ਮੈਗਾ ਪੀ. ਟੀ.ਐਮ ਦਾ ਨਰੀਖਣ ਕੀਤਾ ਅਤੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਗੱਲ ਬਾਤ ਕੀਤੀ।
ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਠਕਰਾਲ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਅੱਜ ਦੀ ਮਾਪੇ ਅਧਿਆਪਕ ਮਿਲਣੀ ਸਬੰਧੀ ਸਾਰੀਆਂ ਤਿਆਰੀਆਂ ਕੱਲ ਹੀ ਪੂਰੀਆਂ ਕਰ ਲਈਆਂ ਗਈਆਂ ਸਨ ਅਤੇ ਅੱਜ ਸਵੇਰ ਤੋਂ ਹੀ ਵਿਦਿਆਰਥੀਆਂ ਦੇ ਮਾਪਿਆਂ ਨੇ ਸਕੂਲ ਆਣਾ ਸ਼ੁਰੂ ਕਰ ਦਿੱਤਾ ਅਤੇ ਇਸ ਦੌਰਾਨ ਉਹਨਾਂ ਸਕੂਲ ਪ੍ਰਿੰਸਿਪਲ, ਜਮਾਤ ਇੰਚਾਰਜ ਅਤੇ ਵਿਸ਼ਾ ਅਧਿਆਪਕਾਂ ਨਾਲ ਮਿਸ਼ਨ 100%, ਵਿਦਿਆਰਥੀਆਂ ਦੀ ਪੜ੍ਹਾਈ, ਦਿਸੰਬਰ ਟੈਸਟ ਦੇ ਨਤੀਜੇ ਅਤੇ ਫਾਈਨਲ ਇਮਤਿਹਾਨਾਂ ਬਾਰੇ ਵਿਚਾਰ ਚਰਚਾ ਕੀਤੀ ਗਈ।
ਸਕੂਲ ਦੇ ਮੀਡੀਆ ਕੋਆਰਡੀਨੇਟਰ ਵਿਸ਼ਾਲ ਵਾਟਸ ਨੇ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਦਾ ਪ੍ਰੋਗਰਾਮ ਸਫ਼ਲ ਰਿਹਾ ਅਤੇ ਇਸ ਦੌਰਾਨ ਨਵੇਂ ਸੈਸ਼ਨ ਵਿੱਚ ਦਾਖਲੇ ਬਾਰੇ ਵੀ ਵਿਦਿਆਰਥੀਆਂ ਅਤੇ ਮਾਪਿਆਂ ਨਾਲ ਗੱਲ ਬਾਤ ਕੀਤੀ ਗਈ।
ਅੱਜ ਦੇ ਮੈਗਾ ਪੀ ਟੀ ਐਮ ਦਾ ਸਮੁੱਚਾ ਪ੍ਰਬੰਧ ਸਕੂਲ ਦੇ ਪ੍ਰੋਗਰਾਮ ਨੋਡਲ ਇੰਚਾਰਜ ਰੋਕਸੀ ਫੁੱਟੇਲਾ ਅਤੇ ਮੈਡਮ ਜਤਿੰਦਰ ਕੌਰ ਨੇ ਸੰਭਾਲਿਆ ਅਤੇ ਸਕੂਲ ਦੇ ਸਮੁੱਚੇ ਸਟਾਫ਼ ਨੇ ਇਸ ਵਿੱਚ ਵੱਧ ਚੜ ਕੇ ਹਿੱਸਾ ਲਿਆ।