ਜੈ ਸ਼ਾਹ ਬਣੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਦੇ ਚੇਅਰਮੈਨ
ਨਵੀਂ ਦਿੱਲੀ 27 ਅਗਸਤ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਬੀਸੀਸੀਆਈ ਦੇ ਸੈਕਟਰੀ ਰਹੇ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁੱਤਰ ਜੈ ਸ਼ਾਹ ਬਿਨਾਂ ਮੁਕਾਬਲਾ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਚੇਅਰਮੈਨ ਚੁਣੇ ਗਏ ਹਨ। ਲਗਭਗ ਸਾਰੀਆਂ ਵੋਟਾਂ ਉਹਨਾਂ ਦੇ ਹੱਕ ਵਿੱਚ ਪਈਆਂ। ਉਹ ਸਭ ਤੋਂ ਘੱਟ ਉਮਰ ਦੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਦੇ ਚੇਅਰਮੈਨ ਬਣੇ ਹਨ। ਉਹ 1 ਦਸੰਬਰ 2024 ਤੋਂ ਆਪਣਾ ਚਾਰਜ ਸੰਭਾਲਣਗੇ। ਜੈ ਸ਼ਾਹ ਦੇ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਚੇਅਰਮੈਨ ਬਣਨ ਤੇ ਭਾਰਤੀ ਖਿਡਾਰੀਆਂ ਤੇ ਦੇਸ਼ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।
ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਭਾਰਤ ਤੋਂ ਚਾਰ ਜਣੇ ਆਈਸੀਸੀ ਦੇ ਚੇਅਰਮੈਨ ਰਹਿ ਚੁੱਕੇ ਹਨ। ਜੈ ਸ਼ਾਹ ਪੰਜਵੇਂ ਭਾਰਤੀ ਹਨ,ਜਿਨਾਂ ਨੂੰ ਇਹ ਅਹਿਮ ਅਹੁਦਾ ਮਿਲਿਆ। ਇਸ ਤੋਂ ਪਹਿਲਾਂ ਜਗਮੋਹਣ ਡਾਲਮੀਆ, ਸ਼ਰਦ ਪਵਾਰ, ਐਨ ਸ਼੍ਰੀ ਨਿਵਾਸਨ ਅਤੇ ਸਸ਼ਾਂਕ ਮਨੋਹਰ ਆਈਸੀਸੀ ਦੇ ਚੇਅਰਮੈਨ ਰਹਿ ਚੁੱਕੇ ਹਨ। ਜੈ ਸ਼ਾਹ ਨੂੰ ਬੀਸੀਸੀਆਈ ਦੇ ਸੈਕਟਰੀ ਵਜੋਂ ਆਪਣੀ ਜਿੰਮੇਵਾਰੀ ਛੱਡਣੀ ਹੋਵੇਗੀ।
35 ਸਾਲ ਦੇ ਜੈ ਸ਼ਾਹ ਮੌਜੂਦਾ ਆਈਸੀਸੀ ਦੇ ਚੇਅਰਮੈਨ ਗਰੇਗ ਬਾਰਕਲੇ ਦੀ ਥਾਂ ਲੈਣਗੇ। ਜਿਹੜੇ ਦੋ ਵਾਰ ਇਸ ਅਹੁਦੇ ਤੇ ਰਹੇ ਹਨ ਤੇ ਉਨਾਂ ਨੇ ਤੀਜੀ ਵਾਰ ਦਾਵੇਦਾਰੀ ਨਾ ਕਰਨ ਦਾ ਫੈਸਲਾ ਕੀਤਾ ਸੀ। ਆਈਸੀਸੀ ਦਾ ਚੇਅਰਮੈਨ ਚੁਣੇ ਜਾਣ ਤੋਂ ਬਾਅਦ ਜੈ ਸ਼ਾਹ ਨੇ ਕਿਹਾ ਕਿ ਮੈਨੂੰ ਆਈਸੀਸੀ ਦਾ ਚੇਅਰਮੈਨ ਚੁਣਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਉਨਾਂ ਕਿਹਾ ਕਿ ਮੈਂ ਕ੍ਰਿਕਟ ਨੂੰ ਦੁਨੀਆਂ ਭਰ ਵਿੱਚ ਵਧਾਉਣ ਲਈ ਕੰਮ ਕਰਾਂਗਾ ਤੇ ਕ੍ਰਿਕਟ ਦੇ ਵੱਖ-ਵੱਖ ਫਾਰਮੈਟ ਨੂੰ ਅੱਗੇ ਲਿਆਉਣਾ ਜਰੂਰੀ ਹੈ। ਖੇਡ ਵਿੱਚ ਨਵੀਂ ਤਕਨੀਕ ਲਿਆਉਣ ਲਈ ਵੀ ਯਤਨਸ਼ੀਲ ਰਹਾਂਗਾ। ਵਰਲਡ ਕੱਪ ਵਰਗੇ ਈਵੈਂਟਸ ਨੂੰ ਗਲੋਬਲ ਮਾਰਕੀਟਸ ਤੱਕ ਲੈ ਕੇ ਜਾਵਾਂਗਾ।