ਪੰਜਾਬੀ ਵਿਰਸੇ,ਧੀਆਂ ਦੇ ਸਨਮਾਨ ਤੇ ਪਰਿਵਾਰਕ ਰਿਸ਼ਤਿਆਂ ਦੀ ਤਰਜਮਾਨੀ ਕਰਦਾ ਪਿੰਡ ਸਮਾਓ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋਇਆ ਮੇਲਾ ਰਵਾਇਤੀ ਤੀਆਂ ਦਾ
ਪਦਮ ਸ਼੍ਰੀ ਨਿਰਮਲ ਰਿਸ਼ੀ, ਬਲਕੌਰ ਸਿੰਘ ਮੂਸੇ ਵਾਲਾ ਤੇ ਪਾਲ ਸਿੰਘ ਸਮਾਓ ਨੇ ਵੱਡੀ ਗਿਣਤੀ ਚ ਧੀਆਂ ਨੂੰ ਸੰਧਾਰੇ ਭੇਂਟ ਕੀਤੇ
ਮਾਨਸਾ 5 ਅਗਸਤ। ਬਾਬਾ ਸ਼੍ਰੀ ਚੰਦ ਜੀ ਕਲਚਰ ਐਂਡ ਸੋਸ਼ਲ ਵੈਲਫੇਅਰ ਟਰੱਸਟ ਸਮਾਓ ਵੱਲੋਂ ਗਿੱਧਾ ਕੋਚ ਪਾਲ ਸਿੰਘ ਸਮਾਓ ਦੀ ਅਗਵਾਈ ਹੇਠ ਪਿੰਡ ਸਮਾਓ ਵਿਖੇ 15 ਰੋਜ਼ਾ ਮੇਲਾ ਰਵਾਇਤੀ ਤੀਆਂ ਦਾ ਉਤਸਾਹ ਤੇ ਧੂਮ ਧੜੱਕੇ ਨਾਲ ਸ਼ੁਰੂ ਹੋਇਆ। ਇਸ ਮੌਕੇ ਤੇ ਕਲਾਕਾਰਾਂ ਨੇ ਸੱਭਿਅਕ ਗੀਤ ਤੇ ਬੋਲੀਆਂ ਪੇਸ਼ ਕਰਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਦੱਸਣਯੋਗ ਹੈ ਕਿ ਤੀਆਂ ਦਾ ਇਹ ਮੇਲਾ 18 ਅਗਸਤ ਤੱਕ ਚੱਲੇਗਾ। ਇਸ ਮੌਕੇ ਤੇ ਵੱਖ-ਵੱਖ ਕੁੜੀਆਂ ਨੂੰ ਸੰਧਾਰੇ ਵੀ ਦਿੱਤੇ ਗਏ ਤੇ ਸੰਧਾਰੇ ਲੈਣ ਮੌਕੇ ਕੁੜੀਆਂ ਭਾਵੁਕ ਨਜ਼ਰ ਆਈਆਂ।
ਇਸ ਮੌਕੇ ਤੇ ਕੌਮਾਂਤਰੀ ਗਿੱਧਾ ਕੋਚ ਪਾਲ ਸਿੰਘ ਸਮਾਓ ਨੇ ਦੱਸਿਆ ਕਿ ਉਨਾਂ ਵੱਲੋਂ ਧੀਆਂ ਦੇ ਮਾਨ ਸਨਮਾਨ ਲਈ ਪਿਛਲੇ 25 ਸਾਲਾਂ ਤੋਂ ਲਗਾਤਾਰ ਤੀਆਂ ਦਾ ਇਹ ਤਿਉਹਾਰ ਮਨਾਇਆ ਜਾਂਦਾ ਹੈ। ਟਰੱਸਟ ਵੱਲੋਂ ਇਹ ਮੇਲਾ ਸਿਰਫ ਬੋਲੀਆਂ ਜਾਂ ਗਿੱਧੇ ਤੱਕ ਸੀਮਤ ਨਹੀਂ ਹੁੰਦਾ ਸਗੋਂ ਧੀਆਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਹੋਇਆ ਇਹ ਮੇਲਾ ਪਰਿਵਾਰਕ ਸਾਂਝਾਂ ਨੂੰ ਹੋਰ ਗੂੜਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨਾਂ ਕਿਹਾ ਕਿ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬ ਹਰਿਆਣੇ ਤੋਂ ਧੀਆਂ ਆਪਣੇ ਮਾਪਿਆਂ ਨਾਲ ਇੱਥੇ ਆਉਂਦੀਆਂ ਹਨ।
ਅੱਜ ਦੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬੀ ਸਿਨੇਮੇ ਜਗਤ ਦੀ ਮਸ਼ਹੂਰ ਹਸਤੀ ਤੇ ਪਦਮ ਸ਼੍ਰੀ ਅਵਾਰਡ ਨਾਲ ਸਨਮਾਨਿਤ ਨਿਰਮਲ ਰਿਸ਼ੀ ਨੇ ਕਿਹਾ ਕਿ ਵਿਗਿਆਨਿਕ ਯੁੱਗ ਵਿੱਚ ਤੇਜ਼ੀ ਨਾਲ ਬਦਲ ਰਹੇ ਹਾਲਾਤਾਂ ਕਾਰਨ ਇਨਸਾਨ ਆਪਣੇ ਵਿਰਸੇ ਤੇ ਸੱਭਿਆਚਾਰ ਤੋਂ ਦੂਰ ਹੋ ਰਿਹਾ ਹੈ। ਲੋਕ ਵਿਦੇਸ਼ਾਂ ਵੱਲ ਭੱਜ ਰਹੇ ਹਨ ਤੇ ਆਪਣੇ ਵਿਰਸੇ ਤੋਂ ਟੁੱਟ ਰਹੇ ਹਨ। ਜਿਸ ਦਾ ਨਤੀਜਾ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣਾ ਪਵੇਗਾ। ਉਨਾਂ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਵਧਾਈ ਦਿੱਤੀ।
ਇਸ ਮੌਕੇ ਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕਿਹਾ ਕਿ ਅੱਜ ਦੇ ਸਮੇਂ ਚ ਜਿੱਥੇ ਰਿਸ਼ਤਿਆਂ ਉੱਪਰ ਲੋਕਾਂ ਦੀ ਖੁਦਗਰਜੀ ਭਾਰੂ ਪੈ ਰਹੀ ਹੈ ਉਥੇ ਪਾਲ ਸਿੰਘ ਸਮਾਓ ਵਰਗਿਆਂ ਵੱਲੋਂ ਧੀਆਂ ਦੇ ਸਤਿਕਾਰ ਵਿੱਚ ਕੀਤੇ ਜਾ ਰਹੇ ਵਿਲੱਖਣ ਤੇ ਵਡਮੁੱਲੇ ਉਪਰਾਲੇ ਸ਼ਲਾਂਗਾਯੋਗ ਹਨ। ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਰਿਸ਼ਤਿਆਂ ਦੀ ਤਾਂਘ ਕਿਤੇ ਨਾ ਕਿਤੇ ਵਧਦੀ ਜਰੂਰ ਹੈ। ਉਹਨਾਂ ਸੰਸਥਾ ਵੱਲੋਂ ਧੀਆਂ ਲਈ ਕੀਤੇ ਜਾ ਰਹੇ ਅਜਿਹੇ ਉਪਰਾਲਿਆਂ ਲਈ ਵਧਾਈ ਦਿੱਤੀ ਤੇ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਆਈਆਂ ਹੋਈਆਂ ਮੁੱਖ ਸ਼ਖਸ਼ੀਅਤਾਂ ਵੱਲੋਂ ਇਸ ਮੌਕੇ ਤੇ ਵੱਡੀ ਗਿਣਤੀ ਚ ਧੀਆਂ ਨੂੰ ਸੰਧਾਰੇ ਭੇਂਟ ਕੀਤੇ ਗਏ। ਮੰਚ ਦਾ ਸੰਚਾਲਨ ਸਟੇਟ ਅਵਾਰਡੀ ਥਾਣੇਦਾਰ ਬਲਵੰਤ ਸਿੰਘ ਭੇਖੀ ਨੇ ਕੀਤਾ। ਇਸ ਮੌਕੇ ਤੇ ਅਜੀਤ ਉਪ ਦਫਤਰ ਮਾਨਸਾ ਦੇ ਜਿਲਾ ਇੰਚਾਰਜ ਬਲਵਿੰਦਰ ਸਿੰਘ ਧਾਲੀਵਾਲ, ਅਦਾਕਾਰਾ ਚੰਨ ਬਰਾੜ, ਪ੍ਰੋਫੈਸਰ ਕਮਲਦੀਪ ਕੌਰ, ਪ੍ਰਿੰਸੀਪਲ ਜਸਪਾਲ ਸਿੰਘ, ਇੰਸਪੈਕਟਰ ਬੇਅੰਤ ਕੌਰ, ਐਡਵੋਕੇਟ ਗੁਰਪ੍ਰੀਤ ਕੌਰ, ਸਿਮਰਜੀਤ ਕੌਰ ਲੁਧਿਆਣਾ ਤੇ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।