ਗਰੀਬ ਕਿਸਾਨ ਪਰਿਵਾਰ ਨਾਲ ਵਾਪਰ ਗਿਆ ਵੱਡਾ ਹਾਦਸਾ, ਡਿੱਗੀ ਚ ਡੁੱਬਣ ਕਾਰਨ ਕਿਸਾਨ ਤੇ ਦੋ ਬੇਟਿਆਂ ਦੀ ਹੋਈ ਮੌਤ
ਤਿੰਨਾਂ ਦੇ ਇਕੱਠੇ ਸਿਵੇ ਬਲੇ, ਪਰਿਵਾਰ ਵਿੱਚ ਮਾਂ ਤੇ ਧੀ ਰਹਿ ਗਈਆਂ ਇਕੱਲੀਆਂ
ਰਾਜਸਥਾਨ 7 ਫਰਵਰੀ। ਰਾਜਸਥਾਨ ਦੇ ਜ਼ਿਲਾ ਹਨੂੰਮਾਨਗੜ੍ਹ ਦੇ ਪਿੰਡ ਰਾਸੂਵਾਲਾ (ਚੱਕ 7 IDG) ਵਿੱਚ ਇੱਕ ਦੁੱਖ ਦਾਇਕ ਘਟਨਾ ਵਾਪਰੀ ਹੈ। ਖੇਤ ਵਿੱਚ ਬਣੀ ਪਾਣੀ ਦੀ ਡਿੱਗੀ ਵਿੱਚ ਇੱਕੋ ਹੀ ਕਿਸਾਨ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਹੋ ਗਈ ਹੈ। ਮਿਰਤਕਾਂ ਵਿੱਚ ਪਰਿਵਾਰ ਦਾ ਮੁਖੀ ਗੁਰਦੀਪ ਸਿੰਘ ਅਤੇ ਉਸ ਦੇ ਦੋ ਬੇਟੇ ਲਖਵੀਰ ਸਿੰਘ 23 ਸਾਲ ਅਤੇ ਰਾਜਬਿੰਦਰ ਸਿੰਘ 15 ਸਾਲ ਸ਼ਾਮਿਲ ਹਨ। ਇਸ ਘਟਨਾ ਮਗਰੋਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ। ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਪਰਿਵਾਰ ਵਿੱਚ ਮਿਰਤਕ ਗੁਰਦੀਪ ਸਿੰਘ ਦੀ ਪਤਨੀ ਅਤੇ ਇੱਕ 18 ਸਾਲਾ ਬੇਟੀ ਬਾਕੀ ਬਚੇ ਹਨ। ਉਸ ਦਾ ਬਜੁਰਗ ਪਿਤਾ ਮੇਜਰ ਸਿੰਘ ਕਰੀਬ 20 ਸਾਲ ਪਹਿਲਾਂ ਵੀ ਅਜਿਹਾ ਸਦਮਾ ਝੱਲ ਚੁੱਕਾ ਹੈ। ਉਸ ਦਾ ਇੱਕ ਬੇਟਾ ਪਹਿਲਾਂ ਵੀ ਪਾਣੀ ਵਾਲੀ ਡਿੱਗੀ ਵਿੱਚ ਡਿੱਗ ਕੇ ਰੱਬ ਨੂੰ ਪਿਆਰਾ ਹੋ ਚੁੱਕਾ ਹੈ। ਹੁਣ ਪਰਿਵਾਰ ਵਿੱਚ ਕਮਾਉਣ ਵਾਲਾ ਕੋਈ ਵੀ ਜੀਅ ਨਹੀਂ ਹੈ। ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਆਪਣੇ ਦੋਨਾਂ ਪੁੱਤਰਾਂ ਦੇ ਨਾਲ ਖੇਤ ਵਿੱਚ ਕਣਕ ਨੂੰ ਸਪਰੇਅ ਕਰਨ ਲਈ ਗਿਆ ਸੀ। ਜਿੱਥੇ ਉਸ ਦਾ ਛੋਟਾ ਪੁੱਤਰ ਜਿਸ ਦੀ ਉਮਰ 15 ਸਾਲ ਹੈ ਉਹ ਆਪਣੇ ਪਿਤਾ ਦੇ ਨਾਲ ਖੇਤ ਵਿੱਚ ਬਣੀ ਪਾਣੀ ਦੀ ਡਿੱਗੀ ਵਿੱਚੋਂ ਪਾਣੀ ਕੱਢ ਕੇ ਮਦਦ ਕਰ ਰਿਹਾ ਸੀ ਅਤੇ ਵੱਡਾ ਬੇਟਾ ਖੇਤ ਵਿੱਚ ਪੱਠੇ ਵੱਢ ਰਿਹਾ ਸੀ। ਗੁਰਦੀਪ ਸਿੰਘ ਕਣਕ ਨੂੰ ਡਰੰਮੀ ਦੇ ਨਾਲ ਸਪਰੇਅ ਕਰ ਰਿਹਾ ਸੀ। ਤਿੰਨਾਂ ਦੀ ਪਾਣੀ ਵਾਲੀ ਡਿੱਗੀ ਵਿੱਚ ਡਿੱਗਣ ਕਰਕੇ ਮੌਤ ਹੋ ਗਈ। ਇਸ ਦਾ ਪਤਾ ਉਸ ਵੇਲੇ ਲੱਗਾ ਜਦ ਇਹ ਤਿੰਨੋ ਜਣੇ ਖੇਤੋਂ ਘਰ ਦੇਰ ਰਾਤ ਤੱਕ ਨਾ ਪਰਤੇ। ਇਨਾਂ ਦੀ ਭਾਲ ਕੀਤੀ ਗਈ ਤਾਂ ਪਾਣੀ ਦੀ ਡਿੱਗੀ ਵਿੱਚ ਟੋਪੀ ਤੈਰ ਰਹੀ ਸੀ ਅਤੇ ਪੈਰਾਂ ਵਾਲੀਆਂ ਚੱਪਲਾਂ , ਸਪਰੇ ਵਾਲੀ ਡਰਮੀ ਕੋਲ ਹੀ ਪਈ ਸੀ। ਮੌਕੇ ਤੇ ਵੱਡੀ ਗਿਣਤੀ ਵਿੱਚ ਪੁੱਜ ਕੇ ਪਿੰਡ ਵਾਸੀਆਂ ਅਤੇ ਪ੍ਰਸ਼ਾਸਨ ਵੱਲੋਂ ਇਨਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਮੰਨਿਆ ਜਾ ਰਿਹਾ ਹੈ ਕਿ ਛੋਟਾ ਬੇਟਾ ਪਾਣੀ ਦੇ ਵਿੱਚ ਫਿਸਲ ਗਿਆ ਹੋਵੇਗਾ। ਜਿਸ ਨੂੰ ਬਚਾਉਣ ਦੇ ਲਈ ਉਸ ਦੇ ਪਿਓ ਵੱਲੋਂ ਪਾਣੀ ਵਿੱਚੋਂ ਉਸ ਨੂੰ ਬਾਹਰ ਕੱਢਿਆ ਜਾ ਰਿਹਾ ਹੋਵੇਗਾ ਤਾਂ ਗੁਰਦੀਪ ਸਿੰਘ ਨੇ ਆਪਣੇ ਵੱਡੇ ਬੇਟੇ ਤੋਂ ਮਦਦ ਮੰਗੀ ਹੋਵੇਗੀ। ਜਿਸ ਨੇ ਆਪਣੀ ਪੈਂਟ ਨਾਲ ਬੰਨੀ ਹੋਈ ਬੈਲਟ ਨੂੰ ਲਮਕਾ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਹੋਵੇਗੀ। ਇਸ ਕੋਸ਼ਿਸ਼ ਦੇ ਵਿੱਚ ਵੱਡਾ ਬੇਟਾ ਵੀ ਹੇਠਾਂ ਡਿੱਗੀ ਵਿੱਚ ਡਿੱਗ ਪਿਆ ਹੋਵੇਗਾ। ਜਿਸ ਕਾਰਨ ਇਨਾਂ ਤਿੰਨਾਂ ਦੀ ਪਾਣੀ ਵਿੱਚ ਡੁੱਬਣ ਕਰਕੇ ਦਰਦਨਾਕ ਮੌਤ ਹੋ ਗਈ ਹੋਵੇਗੀ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦੀਪ ਸਿੰਘ ਕੋਲ ਸਿਰਫ ਦੋ ਏਕੜ ਜਮੀਨ ਸੀ ਅਤੇ ਉਹ ਪੰਜਾਬੀ ਕਿਸਾਨ ਸੀ। ਪਰਿਵਾਰ ਵਿੱਚ ਬਾਕੀ ਉਸ ਦੀ ਪਤਨੀ ਅਤੇ ਇੱਕ ਬੇਟੀ ਬਚੀ ਹੈ। ਜਿਨਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਭਾਰਤ ਜੋਸ਼ੀ ਨੇ ਕਿਹਾ ਕਿ ਉਨਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਤਿੰਨਾਂ ਪਰਿਵਾਰਕ ਮੈਂਬਰਾਂ ਦੇ ਸਿਵੇ ਬਲੇ। ਉਨਾਂ ਕਿਹਾ ਕਿ ਗੁਰਦੀਪ ਸਿੰਘ ਬਹੁਤ ਮਿਹਨਤੀ ਸੀ। ਉਸ ਨੇ ਸਪਰੇਅ ਕਰਕੇ ਮਜਦੂਰੀ ਲਈ ਭੱਠੇ ਉੱਤੇ ਕੰਮ ਕਰਨ ਜਾਣਾ ਸੀ। ਉਸ ਨੇ ਕੰਮ ਦੇ ਲਈ ਜਲਦੀ ਜਾਣਾ ਸੀ ਜਿਸ ਕਰਕੇ ਉਸ ਨੇ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦੇ ਆਪਣੇ ਛੋਟੇ ਬੇਟੇ ਨੂੰ ਸਕੂਲੋਂ ਲਿਆ ਕੇ ਸਪਰੇਅ ਕਰਨ ਦੇ ਲਈ ਨਾਲ ਸਹਾਇਤਾ ਵਾਸਤੇ ਲਗਾਇਆ ਸੀ। ਵੱਡਾ ਬੇਟਾ ਨੀਟ ਦੀ ਤਿਆਰੀ ਕਰ ਰਿਹਾ ਸੀ।ਪਰਿਵਾਰ ਕੋਲ ਕੋਈ ਵੀ ਕਮਾਊ ਮੈਂਬਰ ਨਹੀਂ ਰਿਹਾ। ਪਿੰਡ ਵਾਸੀਆਂ ਨੇ ਪਰਿਵਾਰ ਦੀ ਸਹਾਇਤਾ ਕਰਨ ਲਈ ਦਾਨੀ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਹੈ।



