ਪੰਜਾਬ ਵਿਧਾਨ ਸਭਾ ਵਿੱਚ ਹੋਣਗੀਆਂ ਕਿਸਾਨਾਂ ਦੇ ਹੱਕਾਂ ਦੀਆਂ ਗੱਲਾਂ : ਕੁਲਤਾਰ ਸਿੰਘ ਸੰਧਵਾਂ

–ਕਿਹਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਭ ਦਾ ਸਾਥ ਜ਼ਰੂਰੀ

–ਦੇਸ਼ ਨੂੰ ਤਕੜਾ ਕਰਨ ਅਤੇ ਪੰਜਾਬ ਨੂੰ ਰੰਗਲਾ ਬਣਾਉਣ ਦਾ ਰਸਤਾ ਲੰਘਦਾ ਹੈ ਖੇਤਾਂ ਵਿੱਚੋਂ

–2100 ਤੋਂ ਵਧੇਰੇ ਵਾਤਾਵਰਨ ਪ੍ਰੇਮੀਆਂ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ ਕੀਤਾ ਜਾ ਚੁੱਕਾ ਹੈ ਸਨਮਾਨਿਤ

–ਖੇਤੀ ਮਾਹਿਰਾਂ ਤੇ ਹੋਰ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਸ਼ਖਸ਼ੀਅਤਾਂ ਨੂੰ ਕੀਤਾ ਸਨਮਾਨਿਤ

–ਪ੍ਰਬੰਧਕਾਂ ਨੂੰ 2 ਲੱਖ ਰੁਪਏ ਦੇਣ ਦਾ ਕੀਤਾ ਐਲਾਨ

–ਪੁਸਤਕ ਪ੍ਰਦਰਸ਼ਨੀ ਅਤੇ ਵੱਖ-ਵੱਖ ਸਟਾਲਾਂ ਦਾ ਕੀਤਾ ਦੌਰਾ

ਬਠਿੰਡਾ, 3 ਦਸੰਬਰ : ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਦੇਸ਼ ਨੂੰ ਤਕੜਾ ਕਰਨ ਅਤੇ ਪੰਜਾਬ ਨੂੰ ਰੰਗਲਾ ਬਣਾਉਣ ਦਾ ਰਸਤਾ ਖੇਤਾਂ ਵਿੱਚੋਂ ਦੀ ਲੰਘਦਾ ਹੈ ਤੇ ਕਿਸਾਨਾਂ ਨੂੰ ਆਪਣੀ ਦਰਿਆ ਦਿਲੀ ਦਿਖਾਉਂਦਿਆਂ ਪੰਜਾਬ ਨੂੰ ਮੁੜ ਤਰੱਕੀ ਦੀਆਂ ਰਾਹਾਂ ਤੇ ਪਹੁੰਚਾਉਣ ਲਈ ਸੜ੍ਹਕਾਂ ਚਾਲੂ ਰੱਖਣੀਆਂ ਹੋਣਗੀਆਂ ਤਾਂ ਜੋ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾ ਸਕੇ। ਉਨ੍ਹਾਂ ਇੱਥੇ ਸ਼ਨਿੱਚਰਵਾਰ ਨੂੰ ਸਾਹਿਤ ਪਸਾਰ ਮੰਚ ਪੰਜਾਬ, ਪ੍ਰੋਗਰੈਸਿਵ ਬੀ ਕੀਪਰਜ਼ ਐਸੋਸ਼ੀਏਸ਼ਨ ਅਤੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਚਾਰ ਰੋਜ਼ਾ “ਮੇਲਾ ਜਾਗਦੇ ਜੁਗਨੂੰਆਂ ਦਾ” ਚ ਸ਼ਿਰਕਤ ਕਰਨ ਮੌਕੇ ਮੇਲਾ ਪ੍ਰਬੰਧਕਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਮੇਲਾ ਕਿਸਾਨਾਂ ਨੂੰ ਨਵੀਂ, ਬਦਲਵੀਂ ਤੇ ਟਿਕਾਊ ਖੇਤੀ ਦੇ ਨਾਲ-ਨਾਲ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਸਹਾਈ ਸਿੱਧ ਹੋਵੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ, ਚੈਅਰਮੇਨ ਜੰਗਲਾਤ ਵਿਭਾਗ ਸ੍ਰੀ ਰਾਕੇਸ਼ ਪੁਰੀ ਅਤੇ ਆਪ ਦੇ ਸੂਬਾ ਬੁਲਾਰੇ ਅਤੇ ਜੁਆਇੰਟ ਸੈਕਟਰੀ ਸ੍ਰੀ ਨੀਲ ਗਰਗ ਵਿਸ਼ੇਸ ਤੌਰ ਤੇ ਹਾਜ਼ਰ ਰਹੇ।

        ਸਪੀਕਰ ਸ. ਸੰਧਵਾਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਦੀਆਂ ਗੱਲਾਂ ਹੁਣ ਪੰਜਾਬ ਵਿਧਾਨ ਵਿੱਚ ਵੀ ਹੋਣਗੀਆਂ, ਜਦ ਕਿ ਇਸ ਤੋਂ ਪਹਿਲਾਂ ਵਾਲੀਆਂ ਸਰਕਾਰਾਂ ਇੱਕ-ਦੂਸਰੇ ਨੂੰ ਗਾਲਾਂ ਤੇ ਨਿੰਦਦੀਆਂ ਹੀ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸਮੇਂ ਦੀ ਮੁੱਖ ਲੋੜ ਹੈ ਕਿ ਕਿਸਾਨੀ ਨੂੰ ਬਚਾਉਣ ਅਤੇ ਪ੍ਰਫੁੱਲਤ ਕਰਨ ਲਈ ਡਾਇਲਾਗ ਤੇ ਆਪਸੀ ਸੰਵਾਦ ਆਦਿ ਦੀ ਆਦਤ ਪਾਉਣੀ ਪੈਣੀ ਹੋਵੇਗੀ। ਉਨ੍ਹਾਂ ਇਸ ਨਿਵੇਕਲੇ ਮੇਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜਾਗਦੇ ਜੁਗਨੂੰਆਂ ਦਾ ਇਹ ਮੇਲਾ ਆਮ ਲੋਕਾਂ ਨੂੰ ਪੁਰਾਤਨ ਵਸਤਾਂ, ਆਰਗੈਨਿਕ ਖੇਤੀ ਤੇ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਸਹਾਈ ਸਿੱਧ ਹੋਵੇਗਾ।

        ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਭਾਈ ਘਨੱਈਆ ਕੈਂਸਰ ਰੋਕੂ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਸਹਿਯੋਗ ਨਾਲ ਹੁਣ ਤੱਕ 2100 ਤੋਂ ਵਧੇਰੇ ਝੋਨੇ ਦੀ ਪਰਾਲੀ ਨਾ ਸਾੜਨ ਵਾਲੇ ਤੇ ਅਗਾਂਹ ਵਧੂ ਸੋਚ ਦੇ ਮਾਲਕ ਕਿਸਾਨਾਂ ਤੇ ਵਾਤਾਵਰਨ ਪ੍ਰੇਮੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਚੁੱਕਾ ਹੈ।

        ਇਸ ਮੌਕੇ ਉਨ੍ਹਾਂ ਵੱਲੋਂ ਮੇਲਾ ਪ੍ਰਬੰਧਕਾਂ ਨੂੰ 2 ਲੱਖ ਰੁਪਏ ਸਹਿਯੋਗ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਵੱਲੋਂ ਖਾਸ ਤੌਰ ਤੇ ਝੋਨੇ ਦੀ ਸਿੱਧੀ ਬਿਜਾਈ ਤੇ ਵੱਟਾਂ ਤੇ ਝੋਨਾ ਲਾਉਣ ਦੀ ਤਕਨੀਕ ਪੈਦਾ ਕਰਨ ਅਤੇ ਪਾਣੀ ਨੂੰ ਬਚਾਉਣ ਲਈ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਡਾ. ਦਲੇਲ ਸਿੰਘ ਅਤੇ ਗੈਰ ਮਸ਼ੀਨੀ ਮਰਚਰ ਵਾਲੀ ਤਕਨੀਕ ਨਾਲ ਕਣਕ ਦੀ ਬਿਜਾਈ ਵਾਲੀ ਤਕਨੀਕ ਬਣਾਉਣ ਵਾਲੇ ਸ. ਗਿਆਨ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਅਤੇ ਮੇਲਾ ਪ੍ਰਬੰਧਕਾਂ ਨੂੰ ਵਿਸੇ਼ਸ਼ ਤੌਰ ਤੇ ਸਨਮਾਨਿਤ ਕੀਤਾ।

        ਇਸ ਤੋਂ ਪਹਿਲਾਂ ਸਪੀਕਰ ਸ. ਸੰਧਵਾਂ ਵੱਲੋਂ ਲਗਾਈਆਂ ਗਈਆਂ ਵੱਖ-ਵੱਖ ਤਰ੍ਹਾਂ ਦੀਆਂ ਪੁਰਾਤਨ ਵਸਤਾਂ ਅਤੇ ਆਰਗੈਨਿਕ ਉਤਪਾਦਾਂ ਦੀਆਂ ਸਟਾਲਾਂ ਤੋਂ ਇਲਾਵਾ ਪੁਸਤਕ ਪ੍ਰਦਰਸ਼ਨੀਆਂ ਦਾ ਵੀ ਦੌਰਾ ਕੀਤਾ ਅਤੇ ਉਨ੍ਹਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਭਵਿੱਖ ਵਿੱਚ ਵੀ ਹੋਰ ਹੰਭਲੇ ਮਾਰਨ ਲਈ ਪ੍ਰੇਰਿਤ ਕੀਤਾ।

        ਇਸ ਤੋਂ ਪਹਿਲਾਂ ਉਘੇ ਖੇਤੀ ਮਾਹਰ ਡਾ. ਦਵਿੰਦਰ ਸ਼ਰਮਾ ਨੇ ਮੌਜੂਦਾ ਕਿਸਾਨੀ ਸੰਕਟ ਅਤੇ ਭਵਿੱਖੀ ਖੇਤੀਬਾੜੀ ਸੰਭਾਵਨਾਵਾਂ ਸਬੰਧੀ ਜਾਣੂ ਕਰਵਾਉਂਦਿਆਂ ਆਪਣੇ ਵਡਮੁੱਲੇ ਵਿਚਾਰ ਸਾਂਝੇ ਕੀਤੇ।

        ਇਸ ਮੌਕੇ ਆਰ.ਟੀ.ਏ. ਸ੍ਰੀ ਰਾਜਦੀਪ ਸਿੰਘ ਬਰਾੜ, ਜ਼ਿਲ੍ਹਾ ਫ਼ੰਕਸ਼ਨਲ ਮੈਨੇਜਰ ਸ੍ਰੀ ਸੁੱਖਵਿੰਦਰ ਸਿੰਘ ਚੱਠਾ, ਸ੍ਰੀ ਜਗਤਾਰ ਸਿੰਘ ਅਣਜਾਣ, ਹਰਜਿੰਦਰ ਸਿੰਘ ਸਿੱਧੂ, ਸੁਖਰਾਜ ਸਿੰਘ, ਹਰਵਿੰਦਰ ਮਹਿਮਾ, ਸ੍ਰੀ ਉਜਾਗਰ ਢਿੱਲੋਂ, ਹਰਮਿਲਾਪ ਗਰੇਵਾਲ, ਪ੍ਰੀਤ ਕੈਂਥ ਅਤੇ ਰਣਜੀਤ ਸਿੰਘ ਮਾਈਸਰਖਾਨਾ, ਹਰਜਿੰਦਰ ਸਿੰਘ, ਰੁਪਿੰਦਰ ਕੌਰ ਆਦਿ ਮੇਲਾ ਪ੍ਰਬੰਧਕ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

CATEGORIES
TAGS
Share This

COMMENTS

Wordpress (0)
Disqus (0 )
Translate