ਲਾਲ ਚੰਦ ਕਟਾਰੂਚੱਕ ਨੇ ਪੈਰਿਸ ਓਲੰਪਿਕਸ ਵਿੱਚ ਆਸਟਰੇਲੀਆ ਖ਼ਿਲਾਫ਼ ਜਿੱਤ ਲਈ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ

ਚੰਡੀਗੜ੍ਹ, ਅਗਸਤ 2:

ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ, ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚਕ ਨੇ ਪੈਰਿਸ ਓਲੰਪਿਕਸ ਵਿੱਚ ਪੂਲ ‘ਬੀ’ ਦੇ ਆਪਣੇ ਆਖਰੀ ਮੈਚ ਵਿੱਚ ਆਸਟਰੇਲੀਆ ਨੂੰ 3-2 ਨਾਲ ਹਰਾਉਣ ਲਈ ਭਾਰਤੀ ਪੁਰਸ਼ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ।

ਮੰਤਰੀ ਨੇ ਕਿਹਾ ਕਿ 52 ਸਾਲਾਂ ਬਾਅਦ ਭਾਰਤ ਨੇ ਆਸਟਰੇਲੀਆਈ ਹਾਕੀ ਟੀਮ ਨੂੰ ਉਲੰਪਿਕ ਖੇਡਾਂ ਵਿੱਚ ਹਰਾਇਆ ਹੈ। ਇਸ ਤੋਂ ਪਹਿਲੋਂ ਭਾਰਤ ਨੇ 1972 ਮਿਊਨਿਖ ਓਲੰਪਿਕਸ ਦੌਰਾਨ ਆਸਟ੍ਰੇਲੀਆ ਨੂੰ ਹਰਾਇਆ ਸੀ।

ਭਾਰਤੀ ਟੀਮ ਨੂੰ ਅਗਲੇ ਸਫ਼ਰ ਲਈ ਸ਼ੁਭਕਾਮਨਾਵਾਂ ਦਿੰਦਿਆਂ ਮੰਤਰੀ ਨੇ ਭਰੋਸਾ ਪ੍ਰਗਟਾਇਆ ਕਿ ਭਾਰਤੀ ਟੀਮ ਇਸ ਵਾਰ ਵੀ ਤਮਗ਼ਾ ਜ਼ਰੂਰ ਜਿੱਤੇਗੀ।

ਜ਼ਿਕਰਯੋਗ ਹੈ ਕਿ ਅੱਜ ਦੇ ਮੈਚ ਵਿੱਚ ਅਭਿਸ਼ੇਕ ਨੇ 12ਵੇਂ ਮਿੰਟ ਵਿੱਚ ਗੋਲ ਕੀਤਾ ਜਦਕਿ ਕਪਤਾਨ ਹਰਮਨਪ੍ਰੀਤ ਸਿੰਘ ਨੇ 13ਵੇਂ ਅਤੇ 32ਵੇਂ ਮਿੰਟ ਵਿੱਚ ਗੋਲ ਕੀਤੇ। ਆਸਟ੍ਰੇਲੀਆ ਲਈ ਟੌਮ ਕ੍ਰੇਗ ਨੇ 25ਵੇਂ ਮਿੰਟ ‘ਚ ਜਦਕਿ ਬਲੇਕ ਗੋਵਰਸ ਨੇ 55ਵੇਂ ਮਿੰਟ ‘ਚ ਗੋਲ ਕੀਤਾ।

ਦੱਸਣਯੋਗ ਹੈ ਕਿ ਇਸ ਸਮੇਂ ਭਾਰਤ ਆਪਣੇ ਪੂਲ ਬੀ ਵਿੱਚ ਦੂਜੇ ਸਥਾਨ ‘ਤੇ ਹੈ।

CATEGORIES
Share This

COMMENTS

Wordpress (0)
Disqus (0 )
Translate