ਖੇਡਾਂ ਵਤਨ ਪੰਜਾਬ ਦੀਆਂ’ ਦੇ ਮਸ਼ਾਲ ਮਾਰਚ ਦਾ ਹੁਸ਼ਿਆਰਪੁਰ ਪਹੁੰਚਣ ’ਤੇ ਹੋਇਆ ਸ਼ਾਨਦਾਰ ਸਵਾਗਤ

ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਮੇਅਰ ਸੁਰਿੰਦਰ ਕੁਮਾਰ ਸਮੇਤ ਅੰਤਰਰਾਸ਼ਟਰੀ ਖਿਡਾਰੀ ਮਸ਼ਾਲ ਮਾਰਚ ’ਚ ਹੋਏ ਸ਼ਾਮਲ
ਹੁਸ਼ਿਆਰਪੁਰ, 25 ਅਗਸਤ (ਜਗਜੀਤ ਸਿੰਘ ਧਾਲੀਵਾਲ)
ਸਿਹਤਮੰਦ ਤੇ ਰੰਗਲੇ ਪੰਜਾਬ ਦੀ ਸਿਰਜਣਾ ਅਤੇ ਸੂਬੇ ਨੂੰ ਖੇਡਾਂ ਵਿਚ ਦੇਸ਼ ਦਾ ਮੋਹਰੀ ਰਾਜ ਬਣਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਵਿਚ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ-2 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕੱਢੇ ਗਏ ਮਸ਼ਾਲ ਮਾਰਚ ਦਾ ਅੱਜ ਹੁਸ਼ਿਆਰਪੁਰ ਪਹੁੰਚਣ ’ਤੇ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਮੇਅਰ ਸੁਰਿੰਦਰ ਕੁਮਾਰ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਹ ਮਸ਼ਾਲ ਮਾਰਚ ਸਥਾਨਕ ਲਾਜਵੰਤੀ ਸਟੇਡੀਅਮ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦੇ ਹੋਏ ਇੰਡੋਰ ਸਟੇਡੀਅਮ ਹੁਸ਼ਿਆਰਪੁਰ ਪਹੁੰਚਿਆ, ਜਿਥੇ ਇਸ ਨੂੰ ਜਲੰਧਰ ਵੱਲ ਰਵਾਨਾ ਕਰ ਦਿੱਤਾ ਗਿਆ। ਇਸ ਮੌਕੇ ਪਦਮਸ਼੍ਰੀ ਪ੍ਰੇਮ ਚੰਦ ਡੋਗਰਾ, ਐਸ. ਪੀ (ਹੈਡਕੁਆਟਰ) ਅਤੇ ਸਾਬਕਾ ਓਲੰਪੀਅਨ ਮਨਜੀਤ ਕੌਰ, ਅਰਜਨ ਅਵਾਰਡੀ ਸਰੋਜ ਬਾਲਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸੈਣੀ, ਏਸ਼ੀਅਨ ਮੈਡਲਿਸਟ ਪ੍ਰਦੀਪ ਡੋਗਰਾ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਪ੍ਰੀਤ ਕੋਹਲੀ ਅਤੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਕੋਚ ਸਾਹਿਬਾਨ ਤੇ ਖਿਡਾਰੀ ਵੀ ਮੌਜੂਦ ਸਨ।
ਮਸ਼ਾਲ ਮਾਰਚ ਵਿਚ ਹਿੱਸਾ ਲੈ ਰਹੇ ਸਮੂਹ ਖੇਡ ਪ੍ਰੇਮੀਆਂ, ਖਿਡਾਰੀਆਂ ਅਤੇ ਕੋਚਾਂ ਦਾ ਲਾਜਵੰਤੀ ਸਟੇਡੀਅਮ ਵਿਚ ਸਵਾਗਤ ਕਰਦੇ ਹੋਏ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਪਿਛਲੇ ਸਾਲ ਤੋਂ ਸ਼ੁਰੂ ‘ਖੇਡਾਂ ਵਤਨ ਪੰਜਾਬ ਦੀਆਂ’ ਸੂਬੇ ਵਿਚ ਖੇਡ ਸੱਭਿਆਚਾਰ ਪੈਦਾ ਕਰਨ ਵਿਚ ਆਪਣਾ ਅਹਿਮ ਯੋਗਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਜਵਾਨੀ ਖੇਡਾਂ ਨਾਲ ਜੁੜ ਕੇ ਨਸ਼ੇ ਤੋਂ ਦੂਰ ਰਹੇਗੀ ਅਤੇ ਪੰਜਾਬ ਇਕ ਵਾਰ ਫਿਰ ਹੱਸਦਾ-ਵੱਸਦਾ, ਖੇਡਦਾ ਅਤੇ ਰੰਗਲਾ ਪੰਜਾਬ ਬਣ ਸਕੇਗਾ। ਉਨ੍ਹਾਂ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਸੂਬੇ ਵਿਚ ਇਕ ਵਾਰ ਫਿਰ ਖੇਡਾਂ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਖੇਡਾਂ ਵਿਚ ਬਹੁਤ ਕਾਬਲੀਅਤ ਰੱਖਦੇ ਹਨ, ਬਸ ਉਨ੍ਹਾਂ ਨੂੰ ਸਹੀ ਪਲੇਟਫਾਰਮ ਦੀ ਜ਼ਰੂਰਤ ਸੀ, ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਰਾਹੀਂ ਮੁਹੱਈਆ ਕਰਵਾਇਆ ਹੈ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਇਹ ਮਸ਼ਾਲ ਮਾਰਚ ਨੌਜਵਾਨਾਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਨਾਲ ਜੋੜਨ ਵਿਚ ਸਫ਼ਲ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਬਲਾਕ, ਜ਼ਿਲ੍ਹਾ ਤੇ ਸੂਬਾ ਪੱਧਰ ਤੱਕ ਖੇਡਾਂ ਕਰਵਾਈਆਂ ਜਾਣਗੀਆਂ ਅਤੇ ਖਿਡਾਰੀਆਂ ਨੂੰ ਨਕਦ ਇਨਾਮ ਵੀ ਦਿੱਤੇ ਜਾਣਗੇ। ਉਨ੍ਹਾਂ ਜ਼ਿਲ੍ਹੇ ਦੇ ਸਾਰੇ ਖਿਡਾਰੀਆਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਕੱਢੇ ਜਾ ਰਹੇ ਮਸ਼ਾਲ ਮਾਰਚ ਦੀ ਸ਼ੁਰੂਆਤ 22 ਅਗਸਤ ਨੂੰ ਜ਼ਿਲ੍ਹਾ ਲੁਧਿਆਣਾ ਤੋਂ ਹੋਈ ਹੈ ਅਤੇ ਇਹ ਮਸ਼ਾਲ ਮਾਰਚ ਪੂਰੇ ਪੰਜਾਬ ਵਿਚ ਮਾਰਚ ਕਰਨ ਤੋਂ ਬਾਅਦ ਬਠਿੰਡਾ ਵਿਚ 29 ਅਗਸਤ ਨੂੰ ਪਹੁੰਚੇਗਾ, ਜਿਥੇ ਖੇਡਾਂ ਦੇ ਦੂਜੇ ਸੀਜ਼ਨ ਦਾ ਉਦਘਾਟਨ ਹੋਵੇਗਾ।
ਜ਼ਿਕਰਯੋਗ ਹੈ ਕਿ ਇਸ ਮਸ਼ਾਲ ਮਾਰਚ ਵਲੋਂ ਹੁਸ਼ਿਆਰਪੁਰ ਤੋਂ ਬਾਅਦ ਜਲੰਧਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਰੂਪ ਨਗਰ ਕਵਰ ਕੀਤਾ ਗਿਆ ਹੈ। 26 ਅਗਸਤ ਨੂੰ ਇਹ ਮਸ਼ਾਲ ਮਾਰਚ ਐਸ.ਏ.ਐਸ. ਨਗਰ, ਫਤਹਿਗੜ੍ਹ ਸਾਹਿਬ ਅਤੇ ਮਲੇਰਕੋਟਲਾ, 27 ਅਗਸਤ ਨੂੰ ਪਟਿਆਲਾ ਸੰਗਰੂਰ ਅਤੇ ਮਾਨਸਾ, 28 ਅਗਸਤ ਨੂੰ ਬਰਨਾਲਾ, ਫਰੀਦਕੋਟ ਅਤੇ ਫਾਜ਼ਿਲਕਾ ਅਤੇ 29 ਅਗਸਤ ਨੂੰ ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਵਿਖੇ ਪਹੁੰਚੇਗਾ। ਇਸ ਮੌਕੇ ਅੰਤਰਰਾਸ਼ਟਰੀ ਪੈਰਾ ਅਥਲੀਟ ਮਿਥੁਨ, ਅੰਤਰਰਾਸ਼ਟਰੀ ਅਥਲੀਟ ਹਰਮਿਲਨ ਬੈਂਸ, ਵੈਟਰਨ ਅਥਲੀਟ ਸੁਰਿੰਦਰ ਕੌਰ, ਵੈਟਰਨ ਅਥਲੀਟ ਐਸ.ਪੀ ਸ਼ਰਮਾ, ਵੈਟਰਨ ਅਥਲੀਟ ਇੰਦਰਜੀਤ ਕੌਰ, ਅੰਤਰਰਾਸ਼ਟਰੀ ਜੂਡੋ ਖਿਡਾਰਨ ਕੰਵਰਪ੍ਰੀਤ ਕੌਰ, ਕੌਂਸਲਰ ਮੁਖੀ ਰਾਮ, ਕਾਮਰੇਡ ਗੰਗਾ ਪ੍ਰਸ਼ਾਦ, ਵਰਿੰਦਰ ਵੈਦ, ਸੁਮੇਸ਼ ਸੋਨੀ, ਮਨੀ ਗੋਗੀਆ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।

CATEGORIES
Share This

COMMENTS

Wordpress (0)
Disqus (0 )
Translate