ਮੋਹਾਲੀ ਪੁਲਿਸ ਵੱਲੋ ਟਾਰਗੇਟ ਕਿਲਿੰਗ ਮਡਿਊਲ ਦਾ ਪਰਦਾਫਾਸ਼ ਕਰਦੇ ਹੋਏ 02 ਦੋਸ਼ੀ ਸਮੇਤ ਕਾਬੂ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਅਗਸਤ। ਡਾ. ਸੰਦੀਪ ਕੁਮਾਰ ਗਰਗ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲਾ ਪੁਲਿਸ ਮੋਹਾਲੀ ਵੱਲੋ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਦੌਰਾਨ ਡਾ: ਜੋਤੀ ਯਾਦਵ, ਆਈ.ਪੀ.ਐਸ. ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ. ਹਰਸਿਮਰਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜਿਲਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲੀ ਕੈਂਪ ਐਂਟ ਖਰੜ ਦੀ ਟੀਮ ਵੱਲੋ ਟਾਰਗੇਟ ਕਿਲਿੰਗ ਮਡਿਊਲ ਦਾ ਪਰਦਾਫਾਸ਼ ਕਰਦੇ ਹੋਏ 02 ਦੋਸ਼ੀ ਗ੍ਰਿਫਤਾਰ ਕਰਕੇ, ਉਨ੍ਹਾ ਪਾਸੋਂ 90 ਰੋਂਦ 9 ਐਮ.ਐਮ. ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਡਾ. ਗਰਗ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 28.07.2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਨੇੜੇ ਬਾਂਸਾਵਾਲੀ ਚੁੰਗੀ, ਖਰੜ ਮੌਜੂਦ ਸੀ, ਜਿੱਥੇ ਕਿ ਸੀ.ਆਈ.ਏ. ਦੀ ਪੁਲਿਸ ਪਾਰਟੀ ਨੂੰ ਸੂਚਨਾ ਮਿਲੀ ਕਿ ਮੋਹਿਤ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਸੁਲਤਾਨਪੁਰ ਲੋਧੀ, ਜਿਲਾ ਕਪੂਰਥਲਾ, ਜਿਸਨੇ ਐਲ.ਆਈ.ਸੀ. ਕਲੋਨੀ, ਮੁੰਡੀ ਖਰੜ ਜਿਲਾ ਐਸ.ਏ.ਐਸ. ਨਗਰ ਵਿਖੇ ਕਿਰਾਏ ਤੇ ਕਮਰਾ ਲਿਆ ਹੋਇਆ ਹੈ, ਜਿਸ ਪਾਸ ਇਸਦੇ ਹੋਰ ਕਈ ਸਾਥੀ ਆਉਂਦੇ ਜਾਂਦੇ ਰਹਿੰਦੇ ਹਨ। ਮੋਹਿਤ ਕੁਮਾਰ ਅਤੇ ਇਸਦੇ ਸਾਥੀਆਂ ਵਿਰੁੱਧ ਪਹਿਲਾਂ ਵੀ ਲੜਾਈ-ਝਗੜੇ ਅਤੇ ਹੋਰ ਅੱਡ-ਅੱਡ ਕਿਸਮ ਦੇ ਮੁਕੱਦਮੇ ਦਰਜ ਹਨ ਅਤੇ ਇਨ੍ਹਾਂ ਪਾਸ ਨਜਾਇਜ ਹਥਿਆਰ ਵੀ ਹਨ। ਜਿਨ੍ਹਾਂ ਨਾਲ ਮਿਲ ਕੇ ਮੋਹਿਤ ਕੁਮਾਰ ਨੇ ਆਪਣੇ ਪਾਸ ਭਾਰੀ ਮਾਤਰਾ ਵਿੱਚ ਨਜਾਇਜ ਗੋਲੀ ਸਿੱਕਾ ਇਕੱਠਾ ਕੀਤਾ ਹੋਇਆ ਹੈ। ਜੋ ਕਿਸੇ ਵੀ ਸਮੇਂ ਨਜਾਇਜ ਹਥਿਆਰ ਅਤੇ ਭਾਰੀ ਗੋਲੀ ਸਿੱਕੇ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਜਿਸ ਤੇ ਦੋਸ਼ੀ ਮੋਹਿਤ ਕੁਮਾਰ ਦੇ ਵਿਰੁੱਧ ਮੁਕੱਦਮਾ ਨੰ: 268 ਮਿਤੀ 28-07-2024 ਅ/ਧ 25 ਅਸਲਾ ਐਕਟ, ਥਾਣਾ ਸਿਟੀ ਖਰੜ ਦਰਜ ਰਜਿਸਟਰ ਕਰਕੇ ਅਤੇ ਗ੍ਰਿਫਤਾਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।
ਮੁਕੱਦਮਾ ਦੀ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਮੋਹਿਤ ਕੁਮਾਰ ਨੇ ਇਹ 90 ਰੋਂਦ ਲਾਂਡਰਾ ਤੋਂ ਸਰਹਿੰਦ ਰੋਡ ਤੇ ਬੇ-ਅਬਾਦ ਜਗਾ ਤੋਂ ਮਨਿੰਦਰ ਸਿੰਘ ਵਾਸੀ ਪਿੰਡ ਅਲੀ ਚੱਕ, ਜਿਲਾ ਜਲੰਧਰ ਦੀ ਨਿਸ਼ਾਨਦੇਹੀ ਤੋਂ ਚੁੱਕ ਕੇ ਆਪਣੇ ਕੋਲ ਰੱਖੇ ਸਨ, ਜੋ ਉਸਨੇ ਮਨਿੰਦਰ ਸਿੰਘ ਦੇ ਕਹਿਣ ਤੇ ਅੱਗੇ ਭੇਜਣੇ ਸਨ। ਦੋਸ਼ੀ ਮੋਹਿਤ ਕੁਮਾਰ ਦੀ ਗ੍ਰਿਫਤਾਰੀ ਤੋਂ ਬਾਅਦ ਮਨਿੰਦਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਅਲੀਚੱਕ ਜਿਲਾ ਜਲੰਧਰ ਨੂੰ ਵੀ ਮਿਤੀ 01-08-2024 ਨੂੰ ਉਸਦੇ ਪਿੰਡ ਅਲੀ ਚੱਕ ਤੋਂ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਮਨਿੰਦਰ ਸਿੰਘ ਵਿਰੁੱਧ ਲੜਾਈ-ਝਗੜੇ ਅਤੇ ਆਰਮਜ ਐਕਟ ਦੇ ਜਿਲਾ ਜਲੰਧਰ ਅਤੇ ਕਪੂਰਥਲਾ ਵਿਖੇ 09 ਮੁਕਦਮੇ ਦਰਜ ਹਨ। ਦੋਸ਼ੀ ਮਨਿੰਦਰ ਸਿੰਘ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਸਨੂੰ ਇਹ ਰੋਂਦ ਹਰਜੀਤ ਭੰਡਾਲ ਵਾਸੀ ਪਿੰਡ ਚਿੱਟੀ, ਜਿਲਾ ਜਲੰਧਰ ਨੇ ਭੇਜੇ ਸਨ। ਜਿਸਦੇ ਵਿਰੁੱਧ ਵੀ ਜਿਲਾ ਕਪੂਰਥਲਾ ਵਿਖੇ ਆਰਮਜ ਐਕਟ ਅਤੇ ਫਰੋਤੀਆਂ ਮੰਗਣ ਦੇ ਮੁਕੱਦਮੇ ਦਰਜ ਹਨ, ਜੋ ਇਸ ਸਮੇਂ ਇੰਗਲੈਂਡ ਵਿਖੇ ਰਹਿ ਰਿਹਾ ਹੈ। ਹਰਜੀਤ ਭੰਡਾਲ ਜੋ ਕਿ ਗੋਪੀ ਵਾਸੀ ਨਵਾਂ ਸ਼ਹਿਰ ਦਾ ਸਾਥੀ ਹੈ, ਗੋਪੀ ਜੋ ਕਿ ਰਤਨਦੀਪ ਸਿੰਘ ਕਤਲ ਕੇਸ ਵਿੱਚ ਲੋੜੀਂਦਾ ਹੈ ਅਤੇ ਇਸ ਸਮੇਂ ਯੂ.ਐਸ.ਏ. ਵਿਖੇ ਰਹਿ ਰਿਹਾ ਹੈ। ਦੋਸ਼ੀ ਮਨਿੰਦਰ ਸਿੰਘ ਦੀ ਪੁੱਛਗਿੱਛ ਤੋਂ ਇਹ ਵੀ ਖੁਲਾਸਾ ਹੋਇਆ ਕਿ ਉਹਨਾਂ ਨੂੰ ਨਜਾਇਜ ਹਥਿਆਰ ਵੀ ਹਰਜੀਤ ਭੰਡਾਲ ਨੇ ਭੇਜਣੇ ਸਨ, ਉਸ ਤੋਂ ਬਾਅਦ ਉਹਨਾਂ ਨੇ ਹਰਜੀਤ ਭੰਡਾਲ ਅਤੇ ਗੋਪੀ ਵਾਸੀ ਨਵਾਂ ਸ਼ਹਿਰ ਦੇ ਸਾਥੀਆਂ ਨਾਲ ਮਿਲਕੇ ਉਹਨਾਂ ਵੱਲੋਂ ਦਿੱਤੇ ਟਾਰਗੇਟ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ।
ਮੁਕੱਦਮਾ ਨੰਬਰ: 268 ਮਿਤੀ 28-07-2024 ਅ/ਧ 25-54-59 ਅਸਲਾ ਐਕਟ, ਥਾਣਾ ਸਿਟੀ ਖਰੜ, ਐਸ ਨਗਰ
ਗ੍ਰਿਫਤਾਰ ਦੋਸ਼ੀਆਨ :
1. ਮੋਹਿਤ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਮੁਹੱਲਾ ਸ਼ਾਹ ਸੁਲਤਾਨ, ਗੁਰਦੁਆਰਾ ਹੱਟ ਸਾਹਿਬ ਰੋਡ, ਥਾਣਾ ਸਿਟੀ ਸੁਲਤਾਨਪੁਰ ਲੋਧੀ, ਜਿਲਾ ਕਪੂਰਥਲਾ ਹਾਲ ਵਾਸੀ ਮਕਾਨ ਨੰ: 479, ਐਲ.ਆਈ.ਸੀ. ਕਲੋਨੀ, ਗਿਲਕੋ ਵੈਲੀ, ਖਰੜ, ਜਿਲਾ ਐਸ.ਏ.ਐਸ. ਨਗਰ।
2. ਮਨਿੰਦਰ ਸਿੰਘ ਉਰਫ ਬੌਬੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਅਲੀ ਚੱਕ ਥਾਣਾ ਲਾਂਬੜਾ, ਜਿਲਾ ਜਲੰਧਰ
ਬ੍ਰਾਮਦਗੀ : 90 ਰੌਂਦ 09 ਐਮ.ਐਮ.