ਫ਼ਾਜ਼ਿਲਕਾ ਸ਼ਹਿਰ ‘ਚੋਂ ਬੱਸ ਅੱਡਾ ਬਾਹਰ ਆਉਣ ਨਾਲ ਟ੍ਰੈਫ਼ਿਕ ਦੀ ਸਮੱਸਿਆ ਹੋਵੇਗੀ ਹੱਲ
ਫ਼ਾਜ਼ਿਲਕਾ ਬੱਸ ਸਟੈਂਡ ਦਾ ਰੇੜਕਾ ਖ਼ਤਮ ਹੋਣ ਵੱਲ ਵਧਿਆ ਕਦਮ: ਲਾਲਜੀਤ ਸਿੰਘ ਭੁੱਲਰ ਵੱਲੋਂ ਬੱਸ ਸਟੈਂਡ ਟਰਾਂਸਪੋਰਟ ਵਿਭਾਗ ਨੂੰ ਤਬਦੀਲ ਕਰਨ ਸਬੰਧੀ ਕਾਰਵਾਈ ਅਰੰਭਣ ਦੀ ਹਦਾਇਤ*
*• ਟਰਾਂਸਪੋਰਟ ਮੰਤਰੀ ਵੱਲੋਂ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਦੋਵਾਂ ਥਾਵਾਂ ਦੀਆਂ ਕੀਮਤਾਂ ਤੁਰੰਤ ਤੈਅ ਕਰਨ ਦੇ ਨਿਰਦੇਸ਼*
*• ਸਰਹੱਦੀ ਖੇਤਰ ਦੇ ਲੋਕਾਂ ਨੂੰ ਮਿਲਣਗੀਆਂ ਬਿਹਤਰ ਬੱਸ ਸਫ਼ਰ ਸਹੂਲਤਾਂ*
*ਫਾਜ਼ਿਲਕਾ 6 ਦਸੰਬਰ:*
ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਫ਼ਾਜ਼ਿਲਕਾ ਦੇ ਨਵੇਂ ਬੱਸ ਸਟੈਂਡ ਨੂੰ ਛੇਤੀ ਤੋਂ ਛੇਤੀ ਸੁਚਾਰੂ ਢੰਗ ਨਾਲ ਚਲਾਉਣ ਦਾ ਹੱਲ ਕੱਢਦਿਆਂ ਇਸ ਨੂੰ ਟਰਾਂਸਪੋਰਟ ਵਿਭਾਗ ਨੂੰ ਤਬਦੀਲ ਕਰਨ ਲਈ ਚਾਰਾਜੋਈ ਅਰੰਭਣ ਦੀ ਹਦਾਇਤ ਕੀਤੀ ਹੈ।
ਲੰਮੇ ਸਮੇਂ ਤੋਂ ਖ਼ਸਤਾ ਹਾਲਤ ਵੱਲ ਵਧ ਰਹੇ ਨਵੇਂ ਬੱਸ ਸਟੈਂਡ ਨੂੰ ਚਲਾਉਣ ਸਬੰਧੀ ਪੰਜਾਬ ਸਿਵਲ ਸਕੱਤਰੇਤ ਵਿਖੇ ਟਰਾਂਸਪੋਰਟ ਤੇ ਸਥਾਨਕ ਸਰਕਾਰਾਂ ਵਿਭਾਗਾਂ ਸਣੇ ਫ਼ਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਲੋਕਾਂ ਦੇ ਪੈਸੇ ਨੂੰ ਇਸ ਤਰ੍ਹਾਂ ਬਰਬਾਦ ਨਹੀਂ ਹੋਣ ਦੇਵੇਗੀ।
ਮੀਟਿੰਗ ਦੌਰਾਨ ਫ਼ੈਸਲਾ ਲਿਆ ਗਿਆ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਨਵੇਂ ਬੱਸ ਸਟੈਂਡ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਪੁਰਾਣੇ ਬੱਸ ਸਟੈਂਡ ਦੀ ਮਲਕੀਅਤ ਇੱਕ-ਦੂਜੇ ਨੂੰ ਤਬਦੀਲ ਕੀਤੀ ਜਾਵੇਗੀ। ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਛੇਤੀ ਤੋਂ ਛੇਤੀ ਥਾਂ ਤਬਦੀਲ ਕਰਨ ਬਾਰੇ ਚਾਰਾਜੋਈ ਕਰਨ ਅਤੇ ਵੱਧ ਕੀਮਤ ਦੂਜੇ ਵਿਭਾਗ ਨੂੰ ਤੁਰੰਤ ਟਰਾਂਸਫ਼ਰ ਕਰਕੇ ਇਸ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਬੱਸਾਂ ਦੇ ਨਵੇਂ ਬੱਸ ਅੱਡੇ ਵਿੱਚ ਤਬਦੀਲ ਹੋਣ ਨਾਲ ਸ਼ਹਿਰ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਹੱਲ ਹੋ ਜਾਵੇਗੀ ਅਤੇ ਸ਼ਹਿਰ ਵਾਸੀ ਬਿਹਤਰ ਸਫ਼ਰ ਸਹੂਲਤਾਂ ਦਾ ਫ਼ਾਇਦਾ ਲੈ ਸਕਣਗੇ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਨੂੰ ਬੱਸ ਸਟੈਂਡ ਤਬਦੀਲ ਕਰਨ ਪਿੱਛੋਂ ਅਗਲੇ ਪੜਾਅ ਦੌਰਾਨ ਉਥੇ ਲੋੜੀਂਦੀਆਂ ਸਹੂਲਤਾਂ ਜਿਵੇਂ ਬੱਸਾਂ ਲਈ ਵਰਕਸ਼ਾਪ ਅਤੇ ਡੀਜ਼ਲ ਪੰਪ ਲਗਾਉਣ ਦੀ ਯੋਜਨਾ ਵੀ ਉਲੀਕੀ ਜਾਵੇਗੀ।