ਅਬੋਹਰ ਦੇ ਕੰਨਿਆ ਸਕੂਲ ਦੀ ਵਿਦਿਆਰਥਣ ਸੁਮਿਤਾ ਲਗਾਤਾਰ ਦੂਜੀ ਵਾਰ ਮੈਰਿਟ ਵਿੱਚ ਆਈ
ਸੁਮਿਤਾ ਦਾ ਐਨ ਐਮ ਐਮ ਐਸ ਸਕਾਲਰਸ਼ਿਪ ਦਾ ਪੇਪਰ ਵੀ ਕਲੀਅਰ ਹੈ।
ਅਬੋਹਰ। ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਦੇ ਯਤਨਾਂ ਸਦਕਾ ਸਕੂਲ ਦੀਆਂ ਵਿਦਿਆਰਥਣਾਂ ਤਰੱਕੀ ਦੀਆਂ ਰਾਹਾਂ ‘ਤੇ ਚੱਲ ਰਹੀਆਂ ਹਨ ਅਤੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਰਹੀਆਂ ਹਨ। ਇਸ ਦਾ ਸਬੂਤ ਹਰ ਸਾਲ ਆਉਣ ਵਾਲੇ ਸਾਲਾਨਾ ਨਤੀਜਿਆਂ ਤੋਂ ਮਿਲਦਾ ਹੈ। ਇਸ ਸਾਲ ਵੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਜਮਾਤ ਦੀ ਮੈਰਿਟ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿੱਚ ਸਕੂਲ ਦੀ ਵਿਦਿਆਰਥਣ ਸੁਮਿਤਾ ਨੇ ਮੈਰਿਟ ਸੂਚੀ ਵਿੱਚ ਆਪਣਾ ਸਥਾਨ ਬਣਾ ਕੇ ਸਕੂਲ, ਅਧਿਆਪਕਾਂ ਅਤੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ।
ਜਾਣਕਾਰੀ ਦਿੰਦਿਆਂ ਸਕੂਲ ਦੇ ਮੀਡੀਆ ਇੰਚਾਰਜ ਅਮਿਤ ਬੱਤਰਾ ਨੇ ਦੱਸਿਆ ਕਿ ਗਰਲਜ਼ ਸਕੂਲ ਦੀ ਸੁਨੀਤਾ ਪੁੱਤਰੀ ਬਾਬੂ ਰਾਮ ਕਰਮਜੀਤ ਜਿਸ ਨੇ ਪੰਜਾਬ ਸਕੂਲ ਵੱਲੋਂ ਐਲਾਨੀ 10ਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ ਆਪਣਾ ਸਥਾਨ ਬਣਾ ਕੇ ਸਕੂਲ, ਅਧਿਆਪਕਾਂ ਅਤੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਸਿੱਖਿਆ ਬੋਰਡ ਦੀ ਮੈਰਿਟ ਸੂਚੀ ਵਿੱਚ ਸੁਮਿਤਾ 12ਵੇਂ ਸਥਾਨ ‘ਤੇ ਹੈ, ਇਸ ਵਿਦਿਆਰਥਣ ਨੇ 634/650 97.54% ਅੰਕ ਪ੍ਰਾਪਤ ਕੀਤੇ ਹਨ। ਸੁਮਿਤਾ ਨੇ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਜਾਰੀ ਕੀਤੀ ਜ਼ਿਲ੍ਹਾ ਮੈਰਿਟ ਸੂਚੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।ਪਹਿਲਾਂ 8ਵੀਂ ਜਮਾਤ ਦੀ ਮੈਰਿਟ ਸੂਚੀ ਵਿੱਚ 13ਵੇਂ ਸਥਾਨ ਤੇ ਸੀ ਅਤੇ ਇਸ ਵਾਰ 10ਵੀਂ ਜਮਾਤ ਦੀ ਮੈਰਿਟ ਸੂਚੀ ਵਿਚ 12ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸ ਤੋਂ ਇਲਾਵਾ ਇਸ ਵਿਦਿਆਰਥਣ ਦਾ ਐੱਨ.ਐੱਮ.ਐੱਮ.ਐੱਸ. ਸਕਾਲਰਸ਼ਿਪ ਦਾ ਪੇਪਰ ਵੀ ਕਲੀਅਰ ਹੋ ਚੁੱਕਾ ਹੈ। ਉਸ ਨੇ ਨੈਸ਼ਨਲ ਮੈਰਿਟ ਕਮ ਮੀਨਜ਼ ਸਕਾਲਰਸ਼ਿਪ ਵਿੱਚ ਵੀ ਚੰਗੇ ਅੰਕ ਪ੍ਰਾਪਤ ਕੀਤੇ ਸਨ ਅਤੇ ਸਕੂਲ ਦਾ ਨਾਂ ਰੌਸ਼ਨ ਕੀਤਾ ਸੀ। ਇਸ ਸਕਾਲਰਸ਼ਿਪ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਸੁਮਿਤਾ ਨੂੰ ਹਰ ਮਹੀਨੇ 1000 ਰੁਪਏ ਦੀ ਸਕਾਲਰਸ਼ਿਪ ਮਿਲ ਰਹੀ ਹੈ।
ਇਸ ਵਿਦਿਆਰਥਣ ਨੂੰ ਪੜ੍ਹਾਉਣ ਵਾਲੇ ਸਾਰੇ ਅਧਿਆਪਕਾਂ ਨੇ ਬਹੁਤ ਮਿਹਨਤ ਕੀਤੀ ਸੀ। ਸਕੂਲ ਵਿੱਚ ਸਾਰੀਆਂ ਵਿਦਿਆਰਥਣਾਂ ਨੂੰ ਪੜ੍ਹਾਉਣ ਲਈ ਵਾਧੂ ਕਲਾਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਸੀ ਤਾਂ ਜੋ ਲੜਕੀਆਂ ਚੰਗੇ ਅੰਕ ਲੈ ਕੇ ਪਾਸ ਹੋ ਕੇ ਮੈਰਿਟ ਸੂਚੀ ਵਿੱਚ ਆਪਣਾ ਸਥਾਨ ਹਾਸਲ ਕਰ ਸਕਣ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ 10ਵੀਂ ਜਮਾਤ ਦੀਆਂ ਤਿੰਨ ਵਿਦਿਆਰਥਣਾਂ ਏਂਜਲ, ਵਰਸ਼ਾ ਅਤੇ ਹਰਸ਼ਿਤਾ ਨੇ ਵੀ ਮੈਰਿਟ ਸੂਚੀ ਵਿੱਚ ਆਪਣਾ ਸਥਾਨ ਬਣਾ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਸੀ। ਸੁਮਿਤਾ ਦੇ ਪਿਤਾ ਬਾਬੂਰਾਮ ਉਜੀਵਨ ਬੈਂਕ ਵਿੱਚ ਕੰਮ ਕਰਦੇ ਹਨ ।
ਪਿ੍ੰਸੀਪਲ ਸ੍ਰੀਮਤੀ ਸੁਨੀਤਾ ਬਿਲੰਦੀ ਨੇ ਸੁਮਿਤਾ ਨੂੰ ਇਸ ਸ਼ਾਨਦਾਰ ਪ੍ਰਾਪਤੀ ‘ਤੇ ਵਧਾਈ ਦਿੱਤੀ ਅਤੇ ਨਾਲ ਹੀ ਉਨ੍ਹਾਂ ਸਾਰੇ ਅਧਿਆਪਕਾਂ ਨੂੰ ਵੀ ਵਧਾਈ ਦਿੱਤੀ, ਜਿਨ੍ਹਾਂ ਨੇ ਸੁਮਿਤਾ ਦੇ ਨਾਲ-ਨਾਲ 10ਵੀਂ ਜਮਾਤ ਦੀਆਂ ਸਾਰਿਆਂ ਵਿਦਿਆਰਥਣਾ ਨੂੰ ਬਹੁਤ ਵਧੀਆ ਢੰਗ ਨਾਲ ਪੜ੍ਹਾਇਆ, ਜਿਨ੍ਹਾਂ ਦੀ ਬਦੌਲਤ ਇਹ ਪ੍ਰਾਪਤੀ ਸਕੂਲ ਦੀ ਝੋਲੀ ‘ਚ ਆਈ ਹੈ | ਸੁਮਿਤਾ ਭਵਿੱਖ ਵਿੱਚ ਵਿਗਿਆਨ ਉੱਤੇ ਖੋਜ ਕਰਨਾ ਚਾਹੁੰਦੀ ਹੈ ਅਤੇ ਇੱਕ ਵਿਗਿਆਨੀ ਬਣਨਾ ਚਾਹੁੰਦੀ ਹੈ।