ਨਸ਼ੇ ਦੀ ਓਵਰਡੋਜ ਕਾਰਨ ਨੌਜਵਾਨ ਦੀ ਮੌਤ

ਅਬੋਹਰ ਨੇੜਲੇ ਪਿੰਡ ਆਜ਼ਮਵਾਲਾ ਵਿਚ ਨਸ਼ੇ ਦੀ ਓਵਰਡੋਜ਼ ਨਾਲ ਇਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪਰਮਜੀਤ ਸਿੰਘ ਵਾਸੀ ਆਜ਼ਮਵਾਲਾ ਨੇ ਦੱਸਿਆ ਕਿ ਉਸ ਦਾ 24 ਸਾਲਾ ਲੜਕਾ ਅਕਾਸ਼ਦੀਪ ਮਾੜੀ ਸੰਗਤ ਕਾਰਨ ਨਸ਼ੇ ਦਾ ਆਦੀ ਹੋ ਗਿਆ ਸੀ। 7 ਮਾਰਚ ਨੂੰ ਸਵੇਰੇ 10 ਵਜੇ ਦੇ ਕਰੀਬ ਉਸ ਦਾ ਲੜਕਾ ਘਰੇ ਬਾਥਰੂਮ ਵਿਚ ਨਹਾਉਣ ਗਿਆ ਸੀ ਅਤੇ ਕਰੀਬ ਇਕ ਘੰਟੇ ਤੱਕ ਬਾਥਰੂਮ ਤੋਂ ਬਾਹਰ ਨਹੀਂ ਆਇਆ, ਉਨਾਂ ਕਾਫੀ ਰੌਲਾ ਪਾਇਆ ਪਰ ਬਾਥਰੂਮ ਵਿਚੋਂ ਕੋਈ ਆਵਾਜ਼ ਨਹੀਂ ਆਈ।
ਜਦੋਂ ਉਨ੍ਹਾਂ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਅਕਾਸ਼ਦੀਪ ਬਾਥਰੂਮ ਵਿਚ ਬੇਹੋਸ਼ ਪਿਆ ਸੀ, ਜਿਸ ਦੇ ਖੱਬੇ ਹੱਥ ਵਿੱਚ ਟੀਕਾ ਲੱਗਾ ਹੋਇਆ ਸੀ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਅਬੋਹਰ ਲਿਜਾਇਆ ਗਿਆ।

ਪਰਮਜੀਤ ਸਿੰਘ ਨੇ ਦੱਸਿਆ ਕਿ ਰਸਤੇ ਵਿਚ ਆਕਾਸ਼ਦੀਪ ਨੇ ਉਸ ਨੂੰ ਦੱਸਿਆ ਕਿ ਉਹ ਕੁਲਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਆਜ਼ਮਵਾਲਾ ਅਤੇ ਬਲਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮੰਮੂਖੇੜਾ ਪਾਸੋਂ ਨਸ਼ੀਲਾ ਪਦਾਰਥ ਲੈ ਕੇ ਆਇਆ ਹੈ ਅਤੇ ਦੋਵਾਂ ਨੇ ਉਸ ਨੂੰ ਨਸ਼ੀਲੇ ਟੀਕੇ ਲਗਾਏ ਸਨ। ਉਸ ਦੇ ਪੁੱਤਰ ਅਕਾਸ਼ਦੀਪ ਸਿੰਘ ਦੀ ਹਸਪਤਾਲ ਲਿਜਾਂਦਿਆਂ ਰਸਤੇ ਵਿੱਚ ਮੌਤ ਹੋ ਗਈ। ਦੱਸਣ ਯੋਗ ਹੈ ਕਿ ਆਕਾਸ਼ਦੀਪ ਦੀ ਤਿੰਨ ਮਹੀਨੇ ਪਹਿਲਾਂ ਹੀ ਸ਼ਾਦੀ ਹੋਈ ਸੀ। ਪੁਲਿਸ ਨੇ ਪਰਮਜੀਤ ਸਿੰਘ ਦੇ ਬਿਆਨਾਂ ’ਤੇ ਕੁਲਦੀਪ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਆਜ਼ਮਵਾਲਾ ਅਤੇ ਬਲਜੀਤ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਮੰਮੂਖੇੜਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

CATEGORIES
Share This

COMMENTS

Wordpress (0)
Disqus (0 )
Translate