ਵਿਆਹ ਤੋਂ ਕੁਝ ਘੰਟੇ ਪਹਿਲਾਂ ਪਿਓ ਨੇ ਮਾਰਿਆ ਆਵਦਾ ਪੁੱਤ
ਦੱਖਣੀ ਦਿੱਲੀ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪਿਓ ਨੇ ਆਪਣੇ ਪੁੱਤ ਦਾ ਵਿਆਹ ਤੋਂ ਕੁਝ ਘੰਟੇ ਪਹਿਲਾਂ ਹੀ ਕਤਲ ਕਰ ਦਿੱਤਾ। ਮਿਰਤਕ ਦੀ ਪਹਿਚਾਣ ਗੌਰਵ ਸਿੰਘਲ ਉਮਰ 29 ਸਾਲ ਵਜੋਂ ਹੋਈ ਹੈ। ਪੁਲਿਸ ਵੱਲੋਂ ਕਥਿਤ ਦੋਸ਼ੀ ਪਿਤਾ ਰੰਗ ਲਾਲ ਨੂੰ ਜੈਪੁਰ ਤੋਂ ਕਾਬੂ ਕਰ ਲਿਆ ਗਿਆ ਹੈ ਤੇ ਉਸ ਦੇ ਕਬਜ਼ੇ ਵਿੱਚੋਂ 15 ਲੱਖ ਰੁਪਏ ਦੀ ਨਗਦੀ ਤੇ 50 ਲੱਖ ਰੁਪਏ ਦੇ ਗਹਿਣੇ ਵੀ ਬਰਾਮਦ ਹੋਏ ਹਨ।
ਪੁਲਿਸ ਦੇ ਦੱਸਣ ਅਨੁਸਾਰ ਰੰਗ ਲਾਲ ਆਪਣੀ ਪਤਨੀ ਤੇ ਪੁੱਤਰ ਗੌਰਵ ਤੋਂ ਵੱਖ ਰਹਿੰਦਾ ਸੀ। ਗੌਰਵ ਰਾਜੂ ਪਾਰਕ ਏਰੀਏ ਦੇ ਵਿੱਚ ਜਿਮ ਚਲਾਉਂਦਾ ਸੀ ਤੇ ਉਸਦਾ 7 ਮਾਰਚ ਨੂੰ ਵਿਆਹ ਹੋਣਾ ਸੀ। ਘਰ ਵਿੱਚ ਸੰਗੀਤ ਦਾ ਪ੍ਰੋਗਰਾਮ ਕੀਤਾ ਗਿਆ ਤੇ ਗੌਰਵ ਨੇ ਵੀ ਪ੍ਰੋਗਰਾਮ ਵਿੱਚ ਸ਼ਾਮਿਲ ਹੋਣਾ ਸੀ। ਪਰ ਉਸ ਨੂੰ ਉਸ ਦਾ ਗਵਾਂਢੀ ਨੌਜਵਾਨ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਉਸ ਨੂੰ ਉਸ ਦਾ ਪਿਓ ਬੁਲਾ ਰਿਹਾ ਹੈ ਤੇ ਗੌਰਵ ਪ੍ਰੋਗਰਾਮ ਵਿਚਾਲੇ ਛੱਡ ਕੇ ਆਪਣੇ ਪਿਤਾ ਨੂੰ ਮਿਲਣ ਚਲਾ ਗਿਆ। ਜਿੱਥੇ ਪਿਤਾ ਨੇ ਆਪਣੇ ਹੋਰ ਦੋਸਤਾਂ ਨਾਲ ਮਿਲ ਕੇ ਆਪਣੇ ਪੁੱਤਰ ਦਾ ਕੈਂਚੀਆਂ ਤੇ ਡੰਡਿਆਂ ਨਾਲ ਕਤਲ ਕਰ ਦਿੱਤਾ। ਤੇ ਉਸ ਦੀ ਲਾਸ਼ ਉਸਾਰੀ ਅਧੀਨ ਇਮਾਰਤ ਦੇ ਕਮਰੇ ਵਿੱਚ ਸੁੱਟ ਦਿੱਤੀ। ਉਧਰ ਜਦੋਂ ਗੌਰਵ ਕਾਫੀ ਸਮਾਂ ਪ੍ਰੋਗਰਾਮ ਵਿੱਚ ਨਾ ਆਇਆ ਤਾਂ ਉਸ ਦੀ ਭਾਲ ਕੀਤੀ ਗਈ ਕਾਫੀ ਭੱਜ ਦੌੜ ਤੋਂ ਬਾਅਦ ਉਸ ਦੀ ਲਾਸ਼ ਖੂਨ ਨਾਲ ਲਿਬੜੀ ਹੋਈ ਮਿਲੀ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਗੌਰਵ ਦੇ ਪਿਤਾ ਤੇ ਹੋਰ ਤਿੰਨ ਵਿਅਕਤੀਆਂ ਦੀ ਪਹਿਛਾਣ ਕੀਤੀ ਗਈ।
ਦੋਸ਼ੀ ਰੰਗ ਲਾਲ ਦਾ ਕਹਿਣਾ ਹੈ ਕਿ ਉਸ ਦਾ ਬੇਟਾ ਗੌਰਵ ਤੇ ਉਸ ਦੀ ਪਤਨੀ ਉਸ ਤੋਂ ਵੱਖ ਰਹਿੰਦੇ ਸਨ ਤੇ ਇਹਨਾਂ ਵਿਚਕਾਰ ਪਿਛਲੇ ਛੇ ਸਾਲਾਂ ਤੋਂ ਲੜਾਈ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੌਰਵ ਨੇ ਪਿੰਡ ਵਿੱਚ ਲੜਾਈ ਦੌਰਾਨ ਆਪਣੇ ਪਿਓ ਦੇ ਥੱਪੜ ਮਾਰਿਆ ਸੀ। ਤਾਂ ਇਸੇ ਕਰਕੇ ਉਸ ਨੇ ਬੇਜ਼ਤੀ ਦਾ ਬਦਲਾ ਲੈਣ ਲਈ ਇਹ ਕਾਰਾ ਕੀਤਾ।



