ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸਿੱਖਿਆ ਵਿਭਾਗ ਨੇ ਬੀਪੀਈਓ ਨੂੰ ਕੀਤਾ ਮੁਅੱਤਲ
ਸਿੱਖਿਆ ਵਿਭਾਗ ਵਿੱਚ ਅਜਿਹੇ ਵੀ ਗੰਧਲੀ ਸੋਚ ਵਾਲੇ ਲੋਕ ਹਨ ਜਿਹੜੇ ਲੋਕ ਇਸ ਵਿਭਾਗ ਦੀ ਮਾਣ ਮਰਿਆਦਾ ਨੂੰ ਭੰਗ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ। ਆਮ ਤੌਰ ਤੇ ਇਹ ਸ਼ਿਕਾਇਤਾਂ ਵੇਖਣ ਨੂੰ ਮਿਲਦੀਆਂ ਹਨ ਕਿ ਕਈ ਥਾਵਾਂ ਤੇ ਅਧਿਆਪਕ ਬੱਚਿਆਂ ਨਾਲ ਸਰੀਰਕ ਸ਼ੋਸ਼ਣ ਜਾਂ ਛੇੜਛਾੜ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਖੰਨੇ ਤੋਂ, ਜਿੱਥੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਬੀਪੀਈਓ) ਖਿਲਾਫ ਜਿਨਸੀ ਸ਼ੋਸ਼ਣ ਦੀਆਂ ਮਿਲੀਆਂ ਸ਼ਿਕਾਇਤਾਂ ਬਾਅਦ ਸਿੱਖਿਆ ਵਿਭਾਗ ਨੇ ਤੁਰੰਤ ਉਕਤ ਬੀਪੀਈਓ ਨੂੰ ਮੁਅਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਨੇ ਜਿਨਸੀ ਤੌਰ ‘ਤੇ ਉਤਪੀੜਨ ਦੀ ਮਿਲੀ ਗੰਭੀਰ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਅਵਤਾਰ ਸਿੰਘ ਬਲਾਕ ਪ੍ਰਾਈਮਰੀ ਸਿੱਖਿਆ ਅਫਸਰ ਬਲਾਕ ਖੰਨਾ 2 ਜਿਲਾ ਲੁਧਿਆਣਾ ਨੂੰ ਸਸਪੈਂਡ ਕਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਬੀਪੀਈਓ ਖਿਲਾਫ ਬਲਾਕ ਦੇ ਸਮੂਹ ਮੁਖੀਆਂ ਵੱਲੋਂ ਗੰਭੀਰ ਸ਼ਿਕਾਇਤਾਂ ਵਿਭਾਗ ਨੂੰ ਮਿਲੀਆਂ ਸਨ।
ਅਵਤਾਰ ਸਿੰਘ ਦੇ ਮਾਮਲੇ ‘ਚ ਸਿਵਿਲ ਸੇਵਾ (ਸਜਾ ਅਤੇ ਅਪੀਲ) ਐਕਟ 1970 ਦੇ ਨਿਯਮ 4 (1) ਤਹਿਤ ਕਾਰਵਾਈ ਕਰਦਿਆਂ ਸਿੱਖਿਆ ਵਿਭਾਗ ਨੇ ਅਵਤਾਰ ਸਿੰਘ ਨੂੰ ਤੁਰੰਤ ਪ੍ਰਭਾਵ ਤੋਂ ਸਸਪੈਂਡ ਕਰ ਦਿੱਤਾ। ਇਸ ਸਮੇਂ ਦੌਰਾਨ ਉਸਦਾ ਹੈਡਕੁਆਰਟਰ ਦਫਤਰ ਜਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਪਠਾਨਕੋਟ ਕੀਤਾ ਗਿਆ ਹੈ। ਇੱਕ ਬਲਾਕ ਸਿੱਖਿਆ ਅਧਿਕਾਰੀ ਅਧੀਨ ਕਰੀਬ 100 ਤੋਂ ਵੱਧ ਸਕੂਲ ਹੁੰਦੇ ਹਨ ਤੇ ਉਨਾਂ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਤੇ ਬੱਚਿਆਂ ਨਾਲ ਬੀਪੀਈਓ ਦਾ ਸਿੱਧਾ ਰਾਬਤਾ ਰਹਿੰਦਾ ਹੈ। ਜੇਕਰ ਅਜਿਹੀ ਗੰਧਲੀ ਸੋਚ ਵਾਲੇ ਬੀਪੀਈਓ ਸਮੇਤ ਹੋਰ ਅਧਿਕਾਰੀ ਸਿੱਖਿਆ ਵਿਭਾਗ ਵਿੱਚ ਹੋਣਗੇ ਤਾਂ ਸਿੱਖਿਆ ਵਿਭਾਗ ਨੂੰ ਕਲੰਕਿਤ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਸੰਬੰਧ ਵਿੱਚ ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਪੂਰੇ ਪੰਜਾਬ ਵਿੱਚ ਸਰਵੇ ਕਰਵਾਇਆ ਜਾਵੇ ਤੇ ਅਜਿਹੀ ਮਾੜੀ ਸੋਚ ਵਾਲੇ ਸਿੱਖਿਆ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਕਿਉਂਕਿ ਸਿੱਖਿਆ ਵਿਭਾਗ ਦੇ ਇਹ ਅਜਿਹੇ ਅਧਿਕਾਰੀ ਹਨ ਜਿੰਨਾਂ ਦੇਸ਼ ਦੇ ਭਵਿੱਖ ਸਾਡੇ ਬੱਚਿਆਂ ਦਾ ਮਾਰਗਦਰਸ਼ਨ ਕਰਨਾ ਹੁੰਦਾ।



