ਕੁੜੀ ਬਣ ਕੇ ਪੇਪਰ ਦੇ ਰਿਹਾ ਮੁੰਡਾ ਫੜਿਆ ਗਿਆ
ਬਾਬਾ ਫਰੀਦ ਯੂਨੀਵਰਸਿਟੀ ਦੇ ਉੱਡਣ ਦਸਤੇ ਵੱਲੋਂ ਮਲਟੀਪਰਪਜ ਹੈਲਥ ਵਰਕਰ ਦਾ ਕੁੜੀ ਬਣ ਕੇ ਪੇਪਰ ਦੇ ਰਿਹਾ ਮੁੰਡਾ ਕਾਬੂ ਕੀਤਾ ਗਿਆ। ਜਾਣਕਾਰੀ ਅਨੁਸਾਰ ਪਰਮਜੀਤ ਕੌਰ ਵਾਸੀ ਫਾਜ਼ਿਲਕਾ ਨੇ ਡੀਏਵੀ ਸਕੂਲ ਕੋਟਕਪੂਰਾ ਵਿੱਚ ਮਲਟੀ ਪਰਪਜ ਹੈਲਥ ਵਰਕਰ ਦਾ ਪੇਪਰ ਦੇਣਾ ਸੀ। ਪਰ ਉਸ ਦੀ ਥਾਂ ਤੇ ਫਾਜ਼ਿਲਕਾ ਨਿਵਾਸੀ ਹੀ ਅੰਗਰੇਜ਼ ਸਿੰਘ ਕੁੜੀ ਦਾ ਭੇਸ ਬਣਾ ਕੇ ਮੌਕੇ ਤੇ ਪਹੁੰਚ ਕੇ ਪੇਪਰ ਦੇਣ ਲੱਗ ਗਿਆ। ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੋਇਆ ਕਿ ਪੇਪਰ ਦੇਣ ਕੁੜੀ ਦੀ ਥਾਂ ਮੁੰਡਾ ਆਇਆ ਹੋਇਆ ਹੈ। ਫਿਰ ਜਦੋਂ ਉੱਡਣ ਦਸਤਾ ਪਹੁੰਚਿਆ ਤਾਂ ਉਹਨਾਂ ਨੇ ਕੁੜੀ ਦੇ ਭੇਸ ਵਿੱਚ ਬੈਠੇ ਮੁੰਡੇ ਨੂੰ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਜੀਵ ਸੂਦ ਨੇ ਦੱਸਿਆ ਕਿ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ 870 ਮਲਟੀ ਪਰਪਜ ਹੈਲਥ ਵਰਕਰਾਂ ਦੀਆਂ ਅਸਾਮੀਆਂ ਲਈ ਪੇਪਰ ਲਿਆ ਜਾ ਰਿਹਾ ਸੀ। ਇਸੇ ਦੌਰਾਨ ਕੁੜੀ ਦਾ ਭੇਸ ਬਣਾ ਕੇ ਇਹ ਮੁੰਡਾ ਆਇਆ ਹੋਇਆ ਸੀ। ਮੁੰਡੇ ਨੇ ਜਿੱਥੇ ਕੱਪੜੇ ਕੁੜੀਆਂ ਵਾਲੇ ਪਾਏ ਹੋਏ ਸਨ ਉੱਥੇ ਉਸ ਨੇ ਮੇਕਅਪ ਵੀ ਕੀਤਾ ਹੋਇਆ ਸੀ। ਯੂਨੀਵਰਸਿਟੀ ਵੱਲੋਂ ਜਿੱਥੇ ਪਰਮਜੀਤ ਕੌਰ ਦਾ ਦਾਖਲਾ ਰੱਦ ਕਰ ਦਿੱਤਾ ਗਿਆ ਉੱਥੇ ਅੰਗਰੇਜ਼ ਸਿੰਘ ਦੇ ਖਿਲਾਫ ਮੁਕਦਮਾ ਦਰਜ ਕਰਵਾਇਆ ਗਿਆ ਹੈ।



