ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਜਾ ਰਹੇ ਪਰਿਵਾਰ ਦੇ ਪੰਜ ਜੀਆਂ ਸਮੇਤ 6 ਦੀ ਹੋਈ ਮੌਤ
ਹਰਿਆਣਾ ਵਿਚ ਡੱਬਵਾਲੀ ਨੇੜੇ ਚੌਟਾਲਾ ਰੋਡ ਤੇ ਪਿੰਡ ਸ਼ੇਰਗੜ੍ਹ ਕੋਲ ਅੱਜ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਪਰਿਵਾਰ ਦੇ ਪੰਜ ਜੀਆਂ ਸਮੇਤ ਛੇ ਜਣਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਤਿੰਨ ਔਰਤਾਂ ਸ਼ਾਮਿਲ ਸਨ। ਹਾਦਸਾ ਇੰਨਾ ਭਿਆਨਕ ਵਾਪਰਿਆ ਕਿ ਡਿਜ਼ਾਇਰ ਕਾਰ ਬੁਰੀ ਤਰ੍ਹਾਂ ਚਕਣਾਚੂਰ ਹੋ ਗਈ। ਸੜਕ ਹਾਦਸੇ ਵਿੱਚ ਮਾਰੇ ਗਏ ਮਿਰਤਕਾਂ ਦੀ ਪਹਿਚਾਨ ਰਾਜਸਥਾਨ ਦੇ ਗੰਗਾਨਗਰ ਨਿਵਾਸੀ ਬਨਵਾਰੀ ਲਾਲ ਉਸ ਦੀ ਪਤਨੀ ਦਰਸ਼ਨਾ, ਉਸ ਦਾ ਭਰਾ ਕ੍ਰਿਸ਼ਨ ਕੁਮਾਰ ਉਸਦੀ ਪਤਨੀ ਗੁੱਡੀ ਦੇਵੀ,ਤੀਜੇ ਭਰਾ ਓਮ ਪ੍ਰਕਾਸ਼ ਦੀ ਪਤਨੀ ਚੰਦਰਕਲਾ ਤੇ ਕਾਰ ਡਰਾਈਵਰ ਸੁਭਾਸ਼ ਚੰਦਰ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਬਨਵਾਰੀ ਲਾਲ ਦੇ ਸਹੁਰੇ ਦੀ ਮੌਤ ਹੋ ਗਈ ਸੀ ਤੇ ਇਹ ਸਾਰਾ ਪਰਿਵਾਰ ਉਸ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਣ ਲਈ ਹਿਸਾਰ ਜਾ ਰਿਹਾ ਸੀ। ਇਹ ਹਾਦਸਾ ਸ਼ਾਮ ਕਰੀਬਨ 3 ਵਜੇ ਵਾਪਰਿਆ ਜਦੋਂ ਪਿੰਡ ਸ਼ੇਰਗੜ੍ਹ ਕੋਲ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਦੂਜੇ ਪਾਸੇ ਇੱਕ ਦਰਖਤ ਵਿੱਚ ਜਾ ਵੱਜੀ। ਕਾਰ ਵਿੱਚ ਸਵਾਰ ਪੰਜ ਜਣਿਆਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਬਨਵਾਰੀ ਲਾਲ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪਰ ਉੱਥੇ ਪਹੁੰਚਦੇ ਹੋਏ ਉਸਦੀ ਵੀ ਮੌਤ ਹੋ ਗਈ। ਉਧਰ ਸੂਚਨਾ ਮਿਲਣ ਤੇ ਥਾਣਾ ਡੱਬਵਾਲੀ ਦੇ ਮੁਖੀ ਸ਼ੈਲਿੰਦਰ ਕੁਮਾਰ ਟੀਮ ਸਮੇਤ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਕਾਰਵਾਈ ਸ਼ੁਰੂ ਕੀਤੀ ਗਈ।



