ਕੈਨੇਡਾ ‘ਚ 3 ਹੋਰ ਪੰਜਾਬੀ ਨੌਜਵਾਨਾ ਦੀਆਂ ਮੌਤ
ਕੈਨੇਡਾ ਵਿਚ ਨਵੇਂ ਸਾਲ ਤੋਂ ਪਹਿਲਾਂ ਵੱਖ-ਵੱਖ ਘਟਨਾਵਾਂ ਵਿਚ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਇਕ ਦਾ ਅਗਲੇ ਮਹੀਨੇ ਵਿਆਹ ਸੀ, ਜਦੋ ਕਿ ਇਕ ਨੌਜਵਾਨ ਨੇ ਅਗਲੇ ਹਫਤੇ ਘਰ ਆਉਣਾ ਸੀ।ਖੰਨਾ ਦੇ ਵਿਸ਼ਵਰਾਜ ਸਿੰਘ ਗਿੱਲ (ਰਾਜਾ ਗਿੱਲ) ਦੀ ਕੈਨੇਡਾ ਦੇ ਸ਼ਹਿਰ ਕੈਲੇਡਨ ’ਚ 31 ਦਸੰਬਰ ਨੂੰ ਵਾਪਰੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਵਿਸ਼ਵਰਾਜ ਸਿੰਘ ਗਿੱਲ 2018 ’ਚ ਪੜਾਈ ਲਈ ਕੈਨੇਡਾ ਗਿਆ ਸੀ, ਜੋ ਹੁਣ ਪੜ੍ਹਾਈ ਖ਼ਤਮ ਹੋਣ ਉਪਰੰਤ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰਹਿ ਰਿਹਾ ਸੀ। ਟਾਂਡਾ ਤੋਂ ਅੰਮ੍ਰਿਤਪਾਲ ਸਿੰਘ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।ਗਿੱਦੜਬਾਹਾ ਨਾਲ ਸਬੰਧਤ ਨੌਜਵਾਨ ਕਰਨ ਸਿੰਘ ਦੀ ਕੈਨੇਡਾ ਦੇ ਟੋਰਾਂਟੋ ਵਿਖੇ ਅਪਣੇ ਹੀ ਕਮਰੇ ਵਿਚ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਹੈ। ਕਰਨ ਸਿੰਘ ਕਰੀਬ 5 ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਉਸ ਨੇ 8 ਜਨਵਰੀ 2024 ਨੂੰ ਗਿੱਦੜਬਾਹਾ ਸਥਿਤ ਅਪਣੇ ਘਰ ਵਾਪਸ ਆਉਣਾ ਸੀ ਪਰ ਇਸ ਤੋਂ ਪਹਿਲਾਂ ਹੀ ਮੰਦਭਾਗੀ ਖ਼ਬਰ ਆ ਗਈ। ਉਧਰ ਕਨੇਡਾ ਵਿੱਚ ਲਗਾਤਾਰ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਕਾਰਨ ਮਾਪਿਆਂ ਵਿੱਚ ਬਹੁਤ ਜ਼ਿਆਦਾ ਫਿਕਰ ਪਾਇਆ ਜਾ ਰਿਹਾ ਹੈ। ਨੌਜਵਾਨਾਂ ਦੀ ਹੋਈ ਮੌਤ ਕਾਰਨ ਉਹਨਾਂ ਦੇ ਪਰਿਵਾਰਾਂ ਦੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
