15 ਦਸੰਬਰ 2023 ਤੋਂ ਸਰਕਾਰੀ ਸਕੂਲਾਂ ਵਿੱਚ ਲੱਗੇਗੀ ਆਨਲਾਈਨ ਹਾਜ਼ਰੀ
ਚੰਡੀਗੜ 25 ਨਵੰਬਰ 2023। ਸਰਕਾਰੀ ਸਕੂਲਾਂ ਵਿੱਚ ਸੁਧਾਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਤਹਿਤ ਹੁਣ 15 ਦਸੰਬਰ ਤੋਂ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਹਾਜ਼ਰੀ ਲੱਗਿਆ ਕਰੇਗੀ। ਬੱਚਿਆਂ ਦੀ ਹਾਜ਼ਰੀ ਤੇ ਗੈਰ ਹਾਜ਼ਰੀ ਬਾਰੇ ਮਾਪਿਆਂ ਨੂੰ ਮੋਬਾਈਲ ਤੇ ਮੈਸੇਜ ਆਵੇਗਾ।
ਬੱਚਿਆਂ ਦੀ ਹਾਜ਼ਰੀ ਸਕੂਲਾਂ ਵਿੱਚ ਯਕੀਨੀ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 12 ਦਸੰਬਰ ਤੱਕ ਇਸ ਸਬੰਧ ਵਿੱਚ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਤੇ ਸਿੱਖਿਆ ਵਿਭਾਗ ਆਨਲਾਈਨ ਹਾਜ਼ਰੀ ਨੂੰ ਲੈ ਕੇ ਭਾਵਾਂ ਭਾਰ ਹੋਇਆ ਪਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਨਾਲ ਲੈਸ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਦੇ ਸਿੱਖਿਆ ਸਿਸਟਮ ਵਿੱਚ ਹੁਣ ਤੱਕ ਮਿਸਾਲੀ ਸੁਧਾਰ ਵੀ ਹੋਏ ਹਨ ਤੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਕੇ ਚੰਗੀ ਸਿੱਖਿਆ ਲੈ ਰਹੇ ਨੇ। ਉਹਨਾਂ ਕਿਹਾ ਕਿ 15 ਦਸੰਬਰ 2023 ਤੋਂ ਆਨਲਾਈਨ ਹਾਜ਼ਰੀ ਲੱਗਣ ਨਾਲ ਜਿੱਥੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਹੋਵੇਗੀ ਉੱਥੇ ਮਾਪਿਆਂ ਦਾ ਵੀ ਸਕੂਲਾਂ ਨਾਲ ਤਾਲਮੇਲ ਵਧੇਗਾ। ਕਿਉਂਕਿ ਬੱਚਾ ਜੇ ਗੈਰ ਹਾਜ਼ਰ ਹੁੰਦਾ ਹੈ ਤਾਂ ਉਸਦੇ ਮਾਪਿਆਂ ਨੂੰ ਮੋਬਾਈਲ ਤੇ ਮੈਸੇਜ ਜਾਵੇਗਾ ਕਿ ਤੁਹਾਡਾ ਬੱਚਾ ਅੱਜ ਸਕੂਲ ਨਹੀਂ ਆਇਆ।