ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਦੇ ਅਭਿਮੰਨਿਯੂ ਨੇ ਰਾਸ਼ਟਰੀ ਕੁਸ਼ਤੀ ਮੁਕਾਬਲਿਆਂ ‘ਚ ਮਾਰੀਆਂ ਮੱਲਾਂ
ਅਬੋਹਰ 4 ਨਵੰਬਰ। ਸਥਾਨਕ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਦੇ ਵਿਦਿਆਰਥੀ ਅਭਿਮੰਨਿਯੂ ਨੇ 37 ਵੀਂਆਂ ਰਾਸ਼ਟਰੀ ਖੇਡਾਂ-2023 ਦੇ ਕੁਸ਼ਤੀ ਮੁਕਾਬਲਿਆਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਸੰਸਥਾ ਅਤੇ ਇਲਾਕੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਕਾਲਜ ਵਿਦਿਆਰਥੀ ਅਭਿਮੰਨਿਯੂ ਨੇ ਰਾਸ਼ਟਰੀ ਖੇਡਾਂ-2023 ‘ਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਮਗਾ ਪ੍ਰਾਪਤ ਕੀਤਾ ਹੈ।ਇਸ ਖੇਡ ਮੁਕਾਬਲੇ ਵਿੱਚ ਸਮੁੱਚੇ ਭਾਰਤ ਚੋਂ ਹਰੇਕ ਰਾਜ ਦੇ ਬੇਹਤਰੀਨ ਪਹਿਲਵਾਨਾਂ ਵੱਲੋਂ ਆਪਣੀ ਕਲਾ ਦੇ ਜ਼ੋਹਰ ਵਿਖਾਏ ਗਏ। ਇਸ ਮੌਕੇ ਤੇ ਅਭਿਮੰਨਿਯੂ ਨੇ ਕੰਪਾਲ ਸਪੋਰਟਸ ਵਿਲੇਜ਼, ਗੋਆ ‘ਚ ਆਯੋਜਿਤ 37 ਵੀਂਆਂ ਰਾਸ਼ਟਰੀ ਖੇਡਾਂ-2023 ‘ਚ ਪੰਜਾਬ ਰਾਜ ਦੀ ਪ੍ਰਤਿਨਿਧਤਾ ਕਰਦੇ ਹੋਏ ਇਹ ਸ਼ਾਨਦਾਰ ਉਪਲਬਧੀ ਹਾਸਿਲ ਕੀਤੀ ਹੈ।ਅਭਿਮੰਨਿਯੂ ਨੇ ਗ੍ਰੀਕੋ-ਰੋਮਨ ਕੁਸ਼ਤੀ ਖੇਡਦਿਆਂ ਹੋਇਆਂ 77 ਕਿਲੋਗ੍ਰਾਮ ਭਾਰ-ਵਰਗ ‘ਚ ਇਹ ਮਾਣਮੱਤਾ ਸਨਮਾਨ ਪ੍ਰਾਪਤ ਕੀਤਾ ਹੈ।ਅਭਿਮੰਨਿਯੂ ਕਾਲਜ ‘ਚ ਐਮ.ਏ. ਇਤਿਹਾਸ ਭਾਗ ਪਹਿਲਾ ਦਾ ਵਿਦਿਆਰਥੀ ਹੈ। ਜ਼ਿਕਰਯੋਗ ਹੈ ਕਿ ਅਭਿਮੰਨਿਯੂ ਦੇਸ਼ ਭਰ ‘ਚ ਆਯੋਜਿਤ ਵੱਖ-ਵੱਖ ਕੁਸ਼ਤੀ ਮੁਕਾਬਲਿਆਂ ਦਾ ਜੇਤੂ ਪਹਿਲਵਾਨ ਰਿਹਾ ਹੈ ਅਤੇ ਉਸ ਨੇ ਕਈ ਅਹਿਮ ਖਿਤਾਬ ਵੀ ਆਪਣੇ ਨਾਮ ਕੀਤੇ ਹਨ। ਅਭਿਮੰਨਿਯੂ ਦੀ ਇਸ ਪ੍ਰਾਪਤੀ ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਦਲਜੀਤ ਸਿੰਘ ਸੰਧੂ, ਸਕੱਤਰ ਬਲਕਰਣ ਸਿੰਘ ਬਰਾੜ ਸਮੇਤ ਸਮੂੱਚੀ ਕਾਲਜ ਪ੍ਰਬੰਧਕੀ ਕਮੇਟੀ ਨੇ ਪ੍ਰਿੰਸੀਪਲ ਡਾ. ਰੁਪਿੰਦਰ ਕੌਰ, ਕੁਸ਼ਤੀ ਕੋਚ ਹਰਪਿੰਦਰਜੀਤ ਸਿੰਘ ਸੰਧੂ, ਪ੍ਰੋ. ਅਮਨਦੀਪ ਕੰਬੋਜ਼, ਸ੍ਰੀ ਭਾਗੀਰਥ, ਅਭਿਮੰਨਿਯੂ ਤੇ ਉਸ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਹੈ ਤੇ ਭਵਿੱਖ ਵਿੱਚ ਹੋਰ ਮਿਹਨਤ ਕਰਨ ਲਈ ਪੇ੍ਰਿਤ ਕੀਤਾ ਹੈ।



