ਪਰਾਲੀ ਨੂੰ ਅੱਗ ਲਗਾਉਣ ਤੋਂ ਕਿਸਾਨਾਂ ਨੂੰ ਰੋਕਣ ਗਈ ਟੀਮ ਤੋਂ ਹੀ ਲਵਾਈ ਪਰਾਲੀ ਨੂੰ ਅੱਗ

ਚੰਡੀਗੜ 4 ਨਵੰਬਰ – ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ,  ਪਰ ਇਕ ਅਜਿਹਾ ਮਸਲਾ ਸਾਹਮਣੇ ਆਇਆ ਜਿੱਥੇ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਜਾਰੀ ਹਦਾਇਤਾਂ ਨੂੰ ਟਿਚ ਸਮਝਦਿਆਂ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਗਈ ਸਰਕਾਰੀ ਅਧਿਕਾਰੀਆਂ ਦੀ ਟੀਮ ਤੋਂ ਹੀ ਪਰਾਲੀ ਨੂੰ ਅੱਗ ਲਗਵਾਈ। ਇਹ ਘਟਨਾ ਪਿੰਡ ਬੁਰਜ ਮਹਿਮਾ ਦੀ ਹੈ, ਜਿੱਥੇ ਖੇਤਾਂ ‘ਚ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਗਈ ਸਰਕਾਰੀ ਮੁਲਾਜ਼ਮਾਂ ਦੀ ਟੀਮ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।ਦੂਜੇ ਪਾਸੇ ਜ਼ਿਲ੍ਹੇ ਦੇ ਪਿੰਡ ਜੇਠੂ ਕੇ ਵਿਖੇ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਗਈ ਟੀਮ ਦਾ ਕਿਸਾਨਾਂ ਨੇ ਘਿਰਾਓ ਕਰ ਲਿਆ ਅਤੇ ਉਹਨਾਂ ਨੂੰ ਕਈ ਘੰਟੇ ਬੰਦੀ ਬਣਾਈ ਰੱਖਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬੁਰਜ ਮਹਿਮਾ ਵਿੱਚ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਦੀ ਟੀਮ ਕਿਸਾਨਾਂ ਨੂੰ ਸਮਝਾਉਣ ਲਈ ਗਈ ਸੀ। ਜਿੱਥੇ ਕਿਸਾਨਾਂ ਨੇ ਉਨਾਂ ਅਧਿਕਾਰੀਆਂ ਤੋਂ ਹੀ ਪਰਾਲੀ ਨੂੰ ਅੱਗ ਲਗਵਾਈ।

ਪਿੰਡ ਜੇਠੂਕੇ ਵਿੱਚ ਕਿਸਾਨਾਂ ਦੇ ਖੇਤਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਅਤੇ ਕਿਸਾਨਾਂ ‘ਤੇ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਧਿਕਾਰੀ ਆਪਣਾ ਲਾਮ ਲਸ਼ਕਰ ਲ਼ੈ ਕੇ ਜਦੋਂ ਪਹੁੰਚੇ ਤਾਂ ਉਸ ਗੱਲ ਦੀ ਭਿਣਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੂੰ ਲੱਗੀ ਜਿਨ੍ਹਾਂ ਮੌਕੇ ‘ਤੇ ਪਹੁੰਚ ਕੇ ਅਧਿਕਾਰੀਆਂ ਅਤੇ ਫਾਇਰ ਬ੍ਰਿਗੇਡ ਦਾ ਮੌਕੇ ‘ਤੇ ਪਹੁੰਚ ਕੇ ਘਿਰਾਉ ਕਰ ਲਿਆ। ਕਿਸਾਨ ਆਗੂਆਂ ਨੇ ਦੱਸਿਆ ਕਿ ਕਿਸੇ ਤੇ ਕੋਈ ਕਰਵਾਈ ਨਹੀਂ ਕਰਨ ਦਿੱਤੀ ਜਾਵੇਗੀ ਤੇ ਨਾ ਲਾਲ ਐਂਟਰੀ ਹੋਣ ਦਿੱਤੀ ਜਾਵੇਗੀ। ਫਰਦਾਂ ‘ਤੇ ਨਾ ਕੋਈ ਜੁਰਮਾਨਾ ਹੋਣ ਦਿੱਤਾ ਜਾਵੇਗਾ। ਆਗੂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਲਈ ਪੁਖ਼ਤਾ ਪ੍ਰਬੰਧ ਨਹੀਂ ਕੀਤੇ ਗਏ ਕਿਉਂਕਿ ਜੋ ਮਸ਼ੀਨਾਂ ਸਰਕਾਰ ਵੱਲੋਂ ਤਿਆਰ ਕੀਤੀਆਂ ਜਾ ਰਹੀਆਂ ਹਨ, ਉਹ ਛੋਟੇ ਕਿਸਾਨਾਂ ਦੀ ਪਹੁੰਚ ਤੋਂ ਬਹੁਤ ਦੂਰ ਹਨ। ਦੇਰ ਸ਼ਾਮ ਤਕ ਅਧਿਕਾਰੀਆਂ ਦਾ ਘਿਰਾਉ ਜਾਰੀ ਰਿਹਾ। ਨਾਇਬ ਤਹਿਸੀਲਦਾਰ ਫੂਲ ਵੱਲੋਂ ਲਿਖਤੀ ਰੂਪ ਭਰੋਸਾ ਦਿਵਾਇਆ ਕਿ ਕਿਸੇ ਵੀ ਕਿਸਾਨ ‘ਤੇ ਕੋਈ ਕਰਵਾਈ ਨਹੀਂ ਕੀਤੀ ਜਾਵੇਗੀ, ਉਸ ਤੋਂ ਬਾਅਦ ਘਿਰਾਓ ਖ਼ਤਮ ਕੀਤਾ ਗਿਆ।

CATEGORIES
Share This

COMMENTS

Wordpress (0)
Disqus (0 )
Translate