ਵਿਧਾਇਕ ਸੰਦੀਪ ਜਾਖੜ ਨੇ ਦਾਣਾ ਮੰਡੀ ਵਿਚ ਪਹੁੰਚ ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਸਰਕਾਰ ਨੂੰ ਕੋਸਿਆ
ਅਬੋਹਰ 28 ਅਕਤੂਬਰ- ਅਬੋਹਰ ਦੇ ਵਿਧਾਇਕ ਸੰਦੀਪ ਜਾਖਡ਼ ਨੇ ਦਾਣਾ ਮੰਡੀ ਵਿੱਚ ਪਹੁੰਚ ਕੇ ਜਿਥੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਉਥੇ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਕੋਸਿਆ। ਉਨ੍ਹਾਂ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਝੋਨੇ ਦਾ ਇਕ ਇਕ ਦਾਣਾ ਖਰੀਦਿਆ ਜਾਵੇਗਾ ਤੇ ਚੌਵੀ ਘੰਟਿਆਂ ਵਿੱਚ ਅਦਾਇਗੀ ਯਕੀਨੀ ਬਣਾਈ ਜਾਵੇਗੀ ਪਰ ਅਧਿਕਾਰੀਆਂ ਦੀ ਲਾਪ੍ਰਵਾਹੀ ਤੇ ਸਰਕਾਰ ਦੀ ਨਲਾਇਕੀ ਕਾਰਨ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਚੌਪਟ ਹੋਏ ਪਏ ਹਨ। ਉਨ੍ਹਾਂ ਕਿਹਾ ਕਿ ਨਵੀਂ ਦਾਣਾ ਮੰਡੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ 90 ਫ਼ੀਸਦੀ ਲਿਫਟਿੰਗ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਸਿਰਫ ਚਾਲੀ ਫੀਸਦੀ ਝੋਨੇ ਦੀ ਲਿਫਟਿੰਗ ਹੀ ਹਾਲੇ ਤਕ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਅੱਜ ਤੱਕ ਝੋਨੇ ਦੀ ਵਧੀ ਆਮਦ ਵੀ ਨਹੀਂ ਹੋਈ ਫਿਰ ਵੀ ਪ੍ਰਸ਼ਾਸਨ ਦੇ ਪ੍ਰਬੰਧ ਖ਼ਰਾਬ ਹੋਏ ਪਏ ਹਨ। ਜਾਖੜ ਨੇ ਕਿਹਾ ਅਧਿਕਾਰੀ ਝੂਠੇ ਅੰਕੜੇ ਪੇਸ਼ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ।ਇਸ ਦੌਰਾਨ ਕਿਸਾਨਾਂ ਨੇ ਆਪਣੀਆਂ ਮੁਸ਼ਕਲਾਂ ਵੀ ਵਿਧਾਇਕ ਨੂੰ ਦੱਸਿਆ ਸੰਦੀਪ ਜਾਖੜ ਨੇ ਕਿਹਾ ਕਿ ਟਰੱਕ ਯੂਨੀਅਨ ਵਿੱਚ ਜਿਨ੍ਹਾਂ ਲੋਕਾਂ ਦਾ ਕੋਈ ਵਾਹ ਵਾਸਤਾ ਨਹੀਂ ਉਹ ਟਰੱਕ ਯੂਨੀਅਨ ਨੂੰ ਚਲਾ ਰਹੇ ਹਨ।ਜਾਖੜ ਨੇ ਕਿਹਾ ਕਿ ਪਿਛਲੇ ਸਾਲ ਅੱਜ ਤੱਕ ਝੋਨੇ ਦੀ ਖ਼ਰੀਦ ਲਈ ਸ਼ੈਲਰਾਂ ਨੂੰ 35 ਰਿਲੀਜ਼ ਆਰਡਰ ਜਾਰੀ ਕੀਤੇ ਗਏ ਸਨ ਪਰ ਹੁਣ ਤੱਕ ਸਿਰਫ 4 ਰਿਲੀਜ਼ ਆਰਡਰ ਹੀ ਜਾਰੀ ਕੀਤੇ ਗਏ ਹਨ। ਅਜਿਹੇ ਵਿੱਚ ਝੋਨੇ ਦੀ ਖਰੀਦ ਵਿਚ ਤੇਜ਼ੀ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਸੰਦੀਪ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਬੋਹਰ ਨਾਲ ਭੇਦਭਾਵ ਕੀਤਾ ਜਾ ਰਿਹਾ ਹੈ। 7 ਮਹੀਨੇ ਬੀਤਣ ਦੇ ਬਾਵਜੂਦ ਨਗਰ ਨਿਗਮ ਵਿਚ ਕਮਿਸ਼ਨਰ ਦੀ ਪੱਕੀ ਨਿਯੁਕਤੀ ਨਹੀਂ ਕੀਤੀ ਗਈ ਤੇ ਮਾਰਕੀਟ ਕਮੇਟੀ ਦੇ ਸਕੱਤਰ ਦਾ ਵੀ ਵਾਧੂ ਚਾਰਜ ਦੇ ਕੇ ਹੀ ਬੁੱਤਾ ਸਾਰਿਆ ਜਾ ਰਿਹਾ ਹੈ। ਇਸ ਮੌਕੇ ਤੇ ਜਿੱਥੇ ਕਾਂਗਰਸ ਪਾਰਟੀ ਦੇ ਆਗੂ ਹਾਜ਼ਰ ਸਨ ਉੱਥੇ ਆੜ੍ਹਤੀਏ ਤੇ ਕਿਸਾਨ ਵੀ ਹਾਜ਼ਰ ਰਹੇ।