ਪੰਜਾਬ ਸਰਕਾਰ ਲਈ ਕਿਸਾਨਾਂ ਦੀ ਤਰੱਕੀ ਪਹਿਲੀ ਤਰਜੀਹ—ਗੂਰਮੀਤ ਸਿੰਘ ਖੁੱਡੀਆਂ
ਫਾਜਿ਼ਲਕਾ ਤੇ ਅਰਨੀਵਾਲਾ ਮਾਰਕਿਟ ਕਮੇਟੀਆਂ ਦੇ ਚੇਅਰਮੈਨਾਂ ਦੇ ਅਹੁਦਾ ਸੰਭਾਲ ਸਮਾਗਮਾਂ ਵਿਚ ਕੀਤੀ ਸਿ਼ਰਕਤ
—ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅਤੇ ਜਗਦੀਪ ਕੰਬੋਜ਼ ਗੋਲਡੀ ਵੀ ਰਹੇ ਹਾਜਰ
ਫਾਜਿਲ਼ਕਾ, 11 ਅਕਤੂਬਰ
ਪੰਜਾਬ ਦੇ ਖੇਤੀਬਾੜੀ ਮੰਤਰੀ ਸ: ਗੁਰਮੀਤ ਸਿੰਘ ਖੂੱਡੀਆਂ ਨੇ ਆਖਿਆ ਹੈ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਈ ਸੂਬੇ ਦੇ ਕਿਸਾਨ ਸਭ ਤੋਂ ਵੱਡੀ ਤਰਜੀਹ ਹਨ ਅਤੇ ਕਿਸਾਨਾਂ ਦੀ ਤਰੱਕੀ ਲਈ ਸਰਕਾਰ ਤਨਦੇਹੀ ਨਾਲ ਕੰਮ ਕਰ ਰਹੀ ਹੈ।
ਉਹ ਅੱਜ ਇੱਥੇ ਮਾਰਕਿਟ ਕਮੇਟੀ ਦੇ ਨਵ ਨਿਯੁਕਤ ਚੇਅਰਮੈਨ ਪਰਮਜੀਤ ਸਿੰਘ ਨੂਰਸ਼ਾਹ ਦੇ ਅਹੁਦਾ ਸੰਭਾਲਣ ਸਬੰਧੀ ਕਰਵਾਏ ਸਮਾਗਮ ਵਿਚ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ, ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ, ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੀ ਵਿਸੇਸ਼ ਤੌਰ ਤੇ ਹਾਜਰ ਸਨ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਰਾਜ ਵਿਚ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਾਲੀਆਂ ਮਸ਼ੀਨਾਂ ਮੁਹਈਆ ਕਰਵਾਉਣ ਲਈ ਇਸ ਸਾਲ 350 ਕਰੋੜ ਰੁਪਏ ਦੀ ਕਾਰਜਯੋਜਨਾ ਬਣਾ ਕੇ ਲਾਗੂ ਕੀਤੀ ਗਈ ਹੈ। ਇਸ ਤਹਿਤ ਇਸ ਸਾਲ ਰਾਜ ਦੇ ਕਿਸਾਨਾਂ ਨੂੰ 23000 ਮਸ਼ੀਨਾਂ ਸਬਸਿਡੀ ਤੇ ਮੁਹਈਆ ਕਰਵਾਈਆਂ ਜਾ ਰਹੀਆਂ ਹਨ।ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸਦੇ ਖੇਤੀਬਾੜੀ ਵਿਭਾਗ ਵੱਲੋਂ ਸੁਝਾਏ ਅਨੁਸਾਰ ਇਸਦਾ ਪ੍ਰਬੰਧਨ ਕਰਨ।
ਇਸ ਮੌਕੇ ਬੋਲਦਿਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਜਿੱਥੇ 35 ਹਜਾਰ ਤੋਂ ਵੱਧ ਸਰਕਾਰੀ ਨੌਕਰੀਆਂ ਮੁਹਈਆ ਕਰਵਾਈਆਂ ਗਈਆਂ ਹਨ ਉਥੇ ਹੀ ਹਜਾਰਾਂ ਕੱਚੇ ਕਰਮੀ ਪੱਕੇ ਕੀਤੇ ਗਏ ਹਨ।
ਸ: ਗੁਰਮੀਤ ਸਿੰਘ ਖੂੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਸਲਾਂ ਦੇ ਹੋਏ ਨੁਕਸਾਨ ਸਬੰਧੀ ਮੁਆਜਵਾ ਵੀ ਵੰਡਿਆਂ ਜਾ ਰਿਹਾ ਹੈ ਜਦ ਕਿ ਝੋਨੇ ਦੀ ਮੰਡੀਆਂ ਵਿਚ ਆ ਰਹੀ ਫਸਲ ਦਾ ਦਾਣਾ ਦਾਣਾ ਚੁੱਕਿਆਂ ਜਾਵੇਗਾ ਅਤੇ ਨਾਲੋ ਨਾਲ ਕਿਸਾਨਾਂ ਦੀ ਫਸਲ ਦੀ ਅਦਾਇਗੀ ਕੀਤੀ ਜਾਵੇਗੀ।
ਕੇਂਦਰ ਸਰਕਾਰ ਤੇ ਵਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰਦਿਆਂ ਰਾਜ ਦਾ 4000 ਕਰੋੜ ਤੋਂ ਵੱਧ ਦਾ ਦਿਹਾਤੀ ਵਿਕਾਸ ਫੰਡ ਜਾਰੀ ਨਹੀਂ ਕਰ ਰਹੀ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਨੇ ਅਰਨੀਵਾਲਾ ਵਿਖੇ ਵੀ ਮਾਰਕਿਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਸੰਧੂ ਦੇ ਅਹੁਦਾ ਸੰਭਾਲਣ ਸਬੰਧੀ ਕਰਵਾਏ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਅਰਨੀਵਾਲਾ ਵਿਖੇ ਆਧੂਨਿਕ ਨਰਮਾ ਮੰਡੀ ਬਣਾਏਗੀ ਜਦ ਕਿ ਜਲਾਲਾਬਾਦ ਹਲਕੇ ਦੀਆਂ ਮੰਡੀਆਂ ਦੇ ਵਿਕਾਸ ਲਈ 9 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਇਸ ਮੌਕੇ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਨੇ ਰਾਜ ਦੀ ਤਰੱਕੀ ਲਈ ਦਿਨ ਰਾਤ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਟੇਲਾਂ ਤੱਕ ਪੂਰਾ ਪਾਣੀ ਪਹੁੰਚਿਆਂ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਹੱਕਦਾਰ ਲੋਕਾਂ ਨੂੰ ਅਹੁਦੇਦਾਰੀਆਂ ਮਿਲ ਰਹੀਆਂ ਹਨ।
ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਸੰਬੋਧਨ ਵਿਚ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਜਿਕਰ ਕਰਦਿਆਂ ਕਿਹਾ ਕਿ ਮੰਡੀ ਵਿਚ ਫਸਲ ਵੇਚਣ ਆਉਣ ਵਾਲਿਆਂ ਨੂੰ ਹੁਣ ਮੰਜੀ ਨਾਲ ਨਹੀਂ ਲੈ ਕੇ ਆਉਣੀ ਪੈਂਦੀ।
ਇਸ ਮੌਕੇ ਨਵ ਨਿਯੁਕਤ ਚੇਅਰਮੈਨ ਸ੍ਰੀ ਪਰਮਜੀਤ ਸਿੰਘ ਨੂਰਸ਼ਾਹ (ਫਾਜਿ਼ਲਕਾ) ਤੇ ਕੁਲਦੀਪ ਸਿੰਘ ਸੰਧੂ (ਅਰਨੀਵਾਲਾ) ਨੇ ਆਪਣੀ ਨਿਯੁਕਤੀ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਐਸਡੀਐਮ ਸ੍ਰੀ ਵਿਪਨ ਭੰਡਾਰੀ, ਸ੍ਰੀ ਰਣਧੀਰ ਸਿੰਘ ਧੀਰਾ, ਜਿ਼ਲ੍ਹਾ ਪ੍ਰਧਾਨ ਸ੍ਰੀ ਸੁਨੀਲ ਸਚਦੇਵਾ, ਸ੍ਰੀ ਅਰੁਣ ਵਧਵਾ, ਮਨਜੋਤ ਸਿੰਘ, ਮਨਜਿੰਦਰ ਸਿੰਘ ਖੇੜਾ, ਪੂਜਾ ਲੂਥਰਾ ਆਦਿ ਵੀ ਹਾਜਰ ਸਨ।