15 ਮਈ ਤੋਂ ਨਹਿਰ ਬੰਦੀ ਦਾ ਕੋਈ ਪ੍ਰਸਤਾਵ ਨਹੀਂ ਹੈ—ਕਾਰਜਕਾਰੀ ਇੰਜਨੀਅਰ
ਫਾਜਿ਼ਲਕਾ, 11 ਮਈ
ਅਬੋਹਰ ਨਹਿਰ ਮੰਡਲ ਦੇ ਕਾਰਜਕਾਰੀ ਇੰਜਨੀਅਰ ਸ੍ਰੀ ਸੁਖਜੀਤ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ 15 ਮਈ 2023 ਨੂੰ ਖੇਤਰ ਵਿਚ ਨਹਿਰ ਬੰਦੀ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਇਸ ਤਰਾਂ ਦੀਆਂ ਅਫਵਾਹਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।
ਕਾਰਜਕਾਰੀ ਇੰਜਨੀਅਰ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਨਰਮੇ ਦੀ ਖੇਤੀ ਨੂੰ ਉਤਸਾਹਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਸਪੱਸ਼ਟ ਹਦਾਇਤਾਂ ਹਨ ਕਿ ਕਿਸਾਨਾਂ ਨੂੰ ਨਰਮੇ ਦੀ ਕਾਸਤ ਅਤੇ ਬਾਗਾਂ ਲਈ ਭਰਪੂਰ ਮਾਤਰਾ ਵਿਚ ਪਾਣੀ ਮਿਲੇ। ਇਸ ਲਈ ਸਿੰਚਾਈ ਵਿਭਾਗ ਪੂਰੀ ਤਰਾਂ ਨਾਲ ਖੇਤੀਬਾੜੀ ਵਿਭਾਗ ਨਾਲ ਤਾਲਮੇਲ ਕਰਕੇ ਚੱਲ ਰਿਹਾ ਹੈ ਅਤੇ ਨਹਿਰਾਂ ਵਿਚ ਖੇਤੀਬਾੜੀ ਵਿਭਾਗ ਦੀ ਸਲਾਹ ਅਨੁਸਾਰ ਪੂਰਾ ਪਾਣੀ ਦਿੱਤਾ ਜਾ ਰਿਹਾ ਹੈ ਅਤੇ 15 ਮਈ 2023 ਤੋਂ ਨਹਿਰ ਬੰਦੀ ਦੀ ਕੋਈ ਯੋਜਨਾ ਨਹੀਂ ਹੈ।
ਕਾਰਜਕਾਰੀ ਇੰਜਨੀਅਰ ਨੇ ਸਪੱਸ਼ਟ ਕੀਤਾ ਕਿ ਸਫਾਈ ਲਈ ਜਦੋਂ ਵੀ ਨਹਿਰ ਬੰਦੀ ਕਰਨੀ ਹੋਈ ਤਾਂ ਅਜਿਹਾ ਖੇਤੀਬਾੜੀ ਵਿਭਾਗ ਦੀ ਸਲਾਹ ਨਾਲ ਹੀ ਕੀਤਾ ਜਾਵੇਗਾ ਅਤੇ ਫਿਲਹਾਲ ਖੇਤੀਬਾੜੀ ਵਿਭਾਗ ਨੇ 31 ਮਈ ਤੱਕ ਪਾਣੀ ਦੀ ਮੰਗ ਰੱਖੀ ਹੈ ਅਤੇ ਇਸੇ ਅਨੁਸਾਰ ਕਿਸਾਨਾਂ ਨੂੰ ਪਾਣੀ ਦਿੱਤਾ ਜਾਵੇਗਾ।


