ਪੰਜਾਬ ਸਰਕਾਰ ਵੱਲੋਂ ਮੋਗਾ ਸਮੇਤ 24 ਸ਼ਹਿਰਾਂ ਵਿੱਚ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕਰਨ ਦਾ ਐਲਾਨ

ਸੂਬੇ ਦੇ ਹਰ ਮੁੱਖ ਸ਼ਹਿਰ ਵਿੱਚ ਚਾਲੂ ਹੋਣਗੀਆਂ ਯੋਗ ਦੀਆਂ ਕਲਾਸਾਂ
7669 400 500 ਤੇ ਮਿਸਡ ਕਾਲ ਦੇ ਕੇ ਨਾਗਰਿਕ ਮੁਫ਼ਤ ਵਿੱਚ ਜੁੜ ਸਕਦੇ ਹਨ

ਮੋਗਾ, 4 ਅਕਤੂਬਰ:(ਸਚਵੀਰ ਕੁਰਾਈਵਾਲਾ)
ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਸੀ.ਐਮ.ਦੀ ਯੋਗਸ਼ਾਲਾ ਪੰਜਾਬ ਸਰਕਾਰ ਦੁਆਰਾ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਸਿੱਖਿਆ ਦੇਣ ਦੀ ਇੱਕ ਪਹਿਲ ਹੈ। ਇਸ ਯੋਜਨਾ ਤਹਿਤ ਪੰਜਾਬ ਵਿੱਚ ਪ੍ਰਮਾਣਿਤ ਯੋਗ ਟੀਚਰਾਂ ਦੀ ਇੱਕ ਟੀਮ ਸਥਾਪਤ ਕੀਤੀ ਗਈ ਹੈ ਤਾਂ ਜੋ ਯੋਗ ਨੂੰ ਘਰ ਘਰ ਤੱਕ ਪਹੁੰਚਾਇਆ ਜਾ ਸਕੇ ਅਤੇ ਜਨਤਾ ਨੂੰ ਯੋਗ ਟੀਚਰਾਂ ਦੀ ਸੁਵਿਧਾ ਦੇ ਕੇ ਇਸ ਨੂੰ ਇੱਕ ਜਨ ਅੰਦੋਲਨ ਵਿੱਚ ਬਦਲਿਆ ਜਾ ਸਕੇ। ਇਸ ਦਾ ਉਦੇਸ਼ ਨਾਗਰਿਕਾਂ ਦੀ ਸ਼ਰੀਰਕ ਅਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਧਿਆਨ ਅਤੇ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਇਕ ਪ੍ਰਾਚੀਨ ਅਭਿਆਸ ਦੇ ਰੂਪ ਵਿੱਚ, ਯੋਗ ਕਿਸੇ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਦਾ ਇੱਕ ਪ੍ਰਭਾਵੀ ਸਾਧਨ ਸਾਬਤ ਹੋਇਆ ਹੈ। ਰੋਜ਼ਾਨਾ ਅਭਿਆਸ ਦੁਆਰਾ, ਵਿਅਕਤੀ ਇਕਾਗਰਤਾ ਦਾ ਵਿਕਾਸ ਕਰ ਸਕਦਾ ਹੈ ਅਤੇ ਆਪਣੇ ਵਾਤਾਵਰਣ ਨਾਲ ਵੱਧ ਤੋਂ ਵੱਧ ਇਕਸੁਰਤਾ ਸਥਾਪਿਤ ਕਰ ਸਕਦਾ ਹੈ।
  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਇਹ ਯੋਜਨਾ ਇਸ ਸਾਲ ਦੇ ਅਪ੍ਰੈਲ ਮਹੀਨੇ ਵਿੱਚ ਸ਼ੁਰੂ ਕੀਤੀ ਗਈ ਸੀ। ਪਹਿਲੇ ਪੜਾਅ ਨੂੰ 5 ਅਪ੍ਰੈਲ, 2023 ਨੂੰ 4 ਸ਼ਹਿਰਾਂ ਅੰਮ੍ਰਿਤਸਰ, ਲੁਧਿਆਣਾ, ਫਗਵਾੜਾ ਅਤੇ ਪਟਿਆਲਾ ਵਿੱਚ ਲਾਂਚ ਕੀਤਾ ਗਿਆ ਸੀ। ਉੱਥੇ ਹੀ ਦੂਸਰਾ ਪੜਾਅ 20 ਜੂਨ, 2023 ਨੂੰ 5 ਸ਼ਹਿਰਾਂ ਜਲੰਧਰ, ਹੁਸ਼ਿਆਰਪੁਰ, ਐਸ.ਏ.ਐਸ.ਨਗਰ (ਮੁਹਾਲੀ), ਸੰਗਰੂਰ ਅਤੇ ਬਠਿੰਡਾ ਵਿਖੇ ਸ਼ੁਰੂ ਕੀਤਾ ਗਿਆ।
  ਹੁਣ ਅਪਣੇ ਤੀਸਰੇ ਪੜਾਅ ਵਿੱਚ ਇਹ ਯੋਜਨਾ ਪੰਜਾਬ ਦੇ 15 ਸ਼ਹਿਰਾਂ ਬਰਨਾਲਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਕਪੂਰਥਲਾ, ਮਾਨਸਾ, ਮੋਗਾ, ਸ਼੍ਰੀ ਮੁਕਤਸਰ ਸਾਹਿਬ, ਪਠਾਨਕੋਟ, ਰੂਪਨਗਰ, ਨਵਾਂਸ਼ਹਿਰ, ਤਰਨ ਤਾਰਨ ਅਤੇ ਮਲੇਰਕੋਟਲਾ ਵਿੱਚ 5 ਅਕਤੂਬਰ, 2023 ਤੋਂ ਲਾਗੂ ਕੀਤੀ ਜਾਵੇਗੀ।ਇਹ ਸਾਰੇ ਪੜਾਅ ਸੰਯੁਕਤ ਰੂਪ ਵਿੱਚ ਪੰਜਾਬ ਰਾਜ ਦੇ ਸਾਰੇ ਪ੍ਰਮੁੱਖ ਸ਼ਹਿਰਾਂ/ ਮੁੱਖ ਜ਼ਿਲ੍ਹਾ ਦਫ਼ਤਰਾਂ ਨੂੰ ਕਵਰ ਕਰਨਗੇ।
ਪਹਿਲੇ ਅਤੇ ਦੂਜੇ ਪੜਾਅ ਵਿੱਚ ਹਰ ਦਿਨ 300 ਤੋਂ ਜ਼ਿਆਦਾ ਕਲਾਸਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ ਅਤੇ 10,000 ਤੋਂ ਜ਼ਿਆਦਾ ਨਾਗਰਿਕ ਯੋਗ ਦਾ ਅਭਿਆਸ ਕਰ ਪਾ ਰਹੇ ਹਨ। ਸੀ.ਐਮ.ਦੀ ਯੋਗਸ਼ਾਲਾ ਦੇ ਰਾਹੀਂ ਲੋਕਾਂ ਨੂੰ ਉਨ੍ਹਾਂ ਦੁਆਰਾ ਚੁਣੇ ਗਏ ਥਾਵਾਂ ਤੇ ਜਿਵੇਂ ਕਿ ਪਾਰਕ/ ਜਨਤਕ ਥਾਂ ਤੇ ਮੁਫ਼ਤ ਯੋਗ ਸਿੱਖਿਆ ਦਿੱਤੀ ਜਾਵੇਗੀ। ਜੇ ਕਿਸੇ ਵੀ ਵਿਅਕਤੀ ਦੇ ਕੋਲ ਯੋਗ ਕਲਾਸ ਕਰਨ ਦੀ ਥਾਂ ਉਪਲਬਧ ਹੈ ਅਤੇ ਘੱਟ ਤੋਂ ਘੱਟ 25 ਲੋਕਾਂ ਦਾ ਸਮੂਹ ਹੈ ਤਾਂ ਪੰਜਾਬ ਸਰਕਾਰ ਯੋਗ ਟ੍ਰੇਂਡ ਇੰਸਟ੍ਰਕਟਰ ਘਰ ਭੇਜੇਗੀ। ਜੇਕਰ ਲੋਕ ਚਾਹੁਣ ਤਾਂ ਉਹ ਖੁਦ/ਇੱਕ ਵਿਅਕਤੀ ਲਈ ਵੀ ਪੰਜੀਕਰਨ ਕਰ ਸਕਣਗੇ। ਜੋ ਲੋਕ ਇਨ੍ਹਾਂ ਕਲਾਸਾਂ ਦਾ ਲਾਭ ਲੈਣਾ ਚਾਹੁੰਦੇ ਹਨ ਉਹ ਟੋਲ ਫ੍ਰੀ ਨੰਬਰ 7669400500 ਤੇ ਮਿਸਡ ਕਾਲ ਦੇ ਸਕਦੇ ਹਨ ਜਾਂ ਸੀ.ਐਮ.ਦੀ ਯੋਗਸ਼ਾਲਾ ਪੋਰਟਲ http://cmdiyogshala.punjab.gov.in/ ਤੇ ਲੌਗਿਇੰਨ ਕਰ ਸਕਦੇ ਹਨ। ਜੇਕਰ ਕਿਸੇ ਕਾਰਨ ਤੋਂ ਨਾਗਰਿਕ ਪੰਜੀਕਰਨ ਕਰਨ ਵਿੱਚ ਅਸਮਰਥ ਹੈ ਤਾਂ ਉਹ ਰਾਜ ਸਰਕਾਰ ਦੇ  ਹੈਲਪ ਲਾਈਨ ਨੰਬਰ 1100 ਤੇ ਸੰਪਰਕ ਕਰ ਸਕਦੇ ਹਨ ਜਾਂ cmdiyogshala@punjb.gov.in ਤੇ ਈਮੇਲ ਭੇਜ ਸਕਦੇ ਹਨ।
  ਮੁੱਖ ਮੰਤਰੀ ਨੇ ਯੋਗ ਦੀ ਮਹੱਤਤਾ ਉੱਤੇ ਚਾਨਣਾ ਪਾਉਂਦੇ ਹੋਏ ਦੱਸਦੇ ਹਨ ਕਿ ਸਵਸਥ ਸ਼ਰੀਰ ਤੇ ਮਨ ਦੇ ਲਈ ਯੋਗ ਬਹੁਤ ਜ਼ਰੂਰੀ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਖੁਦ ਹਰ ਰੋਜ਼ ਸਵੇਰੇ ਯੋਗ ਅਭਿਆਸ ਕਰਦੇ ਹਨ ਅਤੇ ਕਿਹਾ ਕਿ ਹਰੇਕ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ ਲੋਕਾਂ ਵਿੱਚ ਯੋਗਾ ਅਭਿਆਸ ਕਰਕੇ ਚੰਗੀ ਸਿਹਤ ਅਤੇ ਸਵੱਛਤਾ ਨੂੰ ਯਕੀਨੀ ਬਣਾਉਣ ਲਈ ਜਾਗਰੂਕਤਾ ਪੈਦਾ ਕਰਨ ਲਈ ਇੱਕ ਅਹਿਮ ਭੂਮਿਕਾ ਨਿਭਾਏਗੀ।
  ਮੁੱਖ ਮੰਤਰੀ ਨੇ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਕਿ ਨਾ ਸਿਰਫ਼ ਚੰਗੀ ਸਿਹਤ ਬਣਾਈ ਰੱਖੀ ਜਾਵੇ ਸਗੋਂ ਉਨ੍ਹਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ, ਜਿਨ੍ਹਾਂ ਨੂੰ ਆਪਣੇ ਜੀਵਨ ਵਿੱਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਿੱਚ ਤਣਾਅ ਦਾ ਵਧ ਰਿਹਾ ਪੱਧਰ ਹਰ ਕਿਸੇ ਲਈ ਚਿੰਤਾ ਦਾ ਮੁੱਖ ਕਾਰਨ ਹੈ ਅਤੇ ਯੋਗਾ ਲੋਕਾਂ ਨੂੰ ਇਸ ਤੋਂ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਕੇ ਅਤੇ ਯੋਗ ਅਭਿਆਸ ਕਰਕੇ ਮਿਆਰੀ ਜੀਵਨ ਬਤੀਤ ਕਰਕੇ ਮਾਨਸਿਕ ਅਤੇ ਸਰੀਰਕ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ।

CATEGORIES
Share This

COMMENTS

Wordpress (0)
Disqus (0 )
Translate