ਸੰਗੀਤਕ ਦੁਨੀਆਂ ‘ਚ ਸੁਰਾਂ ਦਾ ਬਾਦਸ਼ਾਹ ਬਣਨ ਲੱਗਾ ਮਨਮੀਤ ਸਿੰਘ ਜੋਸਨ
ਵਿਦਿਆਰਥੀ ਕਲਾ ਉਤਸਵ ਮੁਕਾਬਲੇ ਸਮੇਂ ਕਲਾਸੀਕਲ ਰਾਗਾਂ ‘ਚ ਜਮਾਈ ਧਾਕ ਤੇ ਜਿੱਤੇ ਇਨਾਮ
ਫ਼ਿਰੋਜ਼ਪੁਰ 30 ਸਤੰਬਰ
ਪਿਤਾ ਪੁਰਖੀ ਕਿੱਤੇ ਖੇਤੀ-ਬਾੜੀ ਅਤੇ ਪੱਤਰਕਾਰਤਾ ਖੇਤਰ ‘ਚ ਵੱਡੀਆਂ ਮੱਲਾਂ-ਮਾਰ ਸੂਬੇ ਭਰ ‘ਚ ਆਪਣਾ ਨਾਮ ਰੋਸ਼ਨ ਕਰਨ ਵਾਲੇ ਫ਼ਿਰੋਜ਼ਪੁਰ ਦੇ ਜੋਸਨ ਪ੍ਰੀਵਾਰ ਦਾ ਫ਼ਰਜ਼ੰਦ ਮਨਮੀਤ ਸਿੰਘ ਪੁੱਤਰ ਜਸਪਾਲ ਸਿੰਘ ਜੋਸਨ ( ਸੀਨੀਅਰ ਪੱਤਰਕਾਰ ਤੇ ਉੱਘੇ ਸ਼ਾਇਰ ) ਨੇ ਸੰਗੀਤਕ ਦੁਨੀਆਂ ਅੰਦਰ ਪ੍ਰਵੇਸ਼ ਕਰਦਿਆਂ ਜ਼ਿਲ੍ਹੇ ਪੱਧਰ ਦੇ ਹੋਏ ਵਿਦਿਆਰਥੀਆਂ ਦੇ ਮੁਕਾਬਲਿਆਂ ‘ਚ ਸਿਰਫ ਟਵਾਏ ਮੇਕਿੰਗ ਹੀ ਨਹੀ ਸਗੋਂ ਕਲਾਸੀਕਲ ਸੰਗੀਤ ਮੁਕਾਬਲਿਆਂ ‘ਚ ਵੀ ਕਮਾਲ ਦੀ ਪੇਸ਼ਕਾਰੀ ਕਰ ਰਾਗਾਂ ‘ਚ ਗਾ ਕੇ ਹਾਜ਼ਰੀਨ ਦੇ ਦਿਲ ਜਿੱਤ ਲਏ । ਕਮਾਲ ਦੀ ਪੇਸ਼ਕਾਰੀਆਂ ਸਦਕਾ ਪ੍ਰਬੰਧਕਾਂ ਵੱਲੋਂ ਮਨਮੀਤ ਸਿੰਘ ਨੂੰ ਐਲਾਨੇ ਨਤੀਜਿਆਂ ਸਮੇਂ ਜੇਤੂ ਗਰਦਾਨਦੇ ਹੋਏ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ । ਗਾਇਕੀ ਖੇਤਰ ਅੰਦਰ ਮਨਮੀਤ ਸਿੰਘ ਦੀ ਵਿਲੱਖਣ ਖੇਤਰ ‘ਚ ਵੱਡੀ ਪ੍ਰਾਪਤੀ ਤੇ ਮਾਣ ਮਹਿਸੂਸ ਕਰਦੇ ਹੋਏ ਜੋਸਨ ਪ੍ਰੀਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ । ਇਸੇ ਸਬੰਧੀ ਵਧੇਰੇ ਜਾਣਕਾਰੀਆਂ ਸਾਂਝੀਆਂ ਕਰਦਿਆ ਦੇਵ ਸਮਾਜ ਸਕੂਲ ਫ਼ਿਰੋਜ਼ਪੁਰ ਸ਼ਹਿਰ ਦੀ ਪ੍ਰਿੰਸੀਪਲ ਸੰਗੀਤਾ ਰੰਗਬੂਲਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਗਟ ਸਿੰਘ ਦੀ ਅਗਵਾਈ ਵਿੱਚ ਮਨਹੋਰ ਲਾਲ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਫ਼ਿਰੋਜ਼ਪੁਰ ਛਾਉਣੀ ਵਿਖੇ ਸਮੱਗਰਾ ਸਿੱਖਿਆ ਅਭਿਆਨ 2023 ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ । ਜਿੰਨ੍ਹਾਂ ਵਿੱਚ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ‘ਚ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲੈ ਕਲਾ ਦੇ ਜ਼ੌਹਰ ਵਿਖਾਏ ।
ਪ੍ਰਿੰਸੀਪਲ ਸੰਗੀਤਾ ਰੰਗਬੁਲਾ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਸਹਿਜ ਪ੍ਰੀਤ ਕੌਰ ਨੇ ਤਬਲਾ ਵਿੱਚ ਪਹਿਲਾ ਸਥਾਨ, ਜਸਕਿਰਨ ਕੌਰ ਨੇ ਵਾਲ ਪੇਂਟਿੰਗ ਵਿਚ ਪਹਿਲਾ ਸਥਾਨ, ਮਨਮੀਤ ਸਿੰਘ ਨੇ ਕਲਾਸੀਕਲ ਸੰਗੀਤ (ਰਾਗਾਂ) ਵਿੱਚ ਦੂਜਾ ਸਥਾਨ ਅਤੇ ਟਵਾਏ ਮੇਕਿੰਗ ਵਿਚ ਕਰਨ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ‘ਤੇ ਪ੍ਰਿੰਸੀਪਲ ਸੰਗੀਤਾ ਰੰਗਬੂਲਾ, ਪੂਜਾ ਸਚਦੇਵਾ, ਮਿਊਜ਼ਿਕ ਟੀਚਰ ਡਿੰਪਲ, ਮੈਡਮ ਰੁਪਿੰਦਰ ਕੌਰ ‘ਤੇ ਪ੍ਰਮਿੰਦਰ ਕੌਰ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਇਸ ਦਾ ਸਿਹਰਾ ਮੇਹਨਤ ਕਰਾਉਣ ਵਾਲੇ ਸਮੁੱਚੇ ਸਟਾਫ਼ ਨੂੰ ਦਿੱਤਾ।