ਭਾਸ਼ਾ ਵਿਭਾਗ ਨੇ ਕਰਵਾਏ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ
ਬਠਿੰਡਾ, 3 ਅਗਸਤ (ਜਗਜੀਤ ਸਿੰਘ ਧਾਲੀਵਾਲ) ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੀ ਅਗਵਾਈ ਚ ਜ਼ਿਲ੍ਹਾ ਭਾਸ਼ਾ ਵਿਭਾਗ, ਬਠਿੰਡਾ ਵੱਲੋਂ ਜ਼ਿਲ੍ਹਾ ਪੱਧਰੀ ਪੰਜਾਬੀ ਸਾਹਿਤ ਸਿਰਜਣ ਤੇ ਕਵਿਤਾ ਗਾਇਨ ਮੁਕਾਬਲੇ ਸਥਾਨਕ ਆਰ.ਬੀ.ਡੀ.ਏ.ਵੀ. ਸਕੂਲ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ, ਏਡਿਡ ਅਤੇ ਪ੍ਰਾਈਵੇਟ ਸਕੂਲਾਂ ਵਿੱਚੋਂ ਤਰਕਰੀਬਨ 150 ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ. ਗੁਰਮੀਤ ਸਿੰਘ ਬਰਾੜ, ਮੀਡੀਆ ਸਲਾਹਕਾਰ ਸਿੱਖਿਆ ਮੰਤਰੀ ਪੰਜਾਬ, ਸ਼੍ਰੀ ਹਰੀਕ੍ਰਿਸ਼ਨ ਸ਼ਰਮਾ, ਮਿਊਜ਼ਿਕ ਡਾਇਰੈਕਟਰ ਅਤੇ ਕੰਪੋਜ਼ਰ ਅਤੇ ਸ਼੍ਰੀਮਤੀ ਅਨੁਰਾਧਾ ਭਾਟੀਆ, ਪ੍ਰਿੰਸੀਪਲ ਆਰ.ਬੀ.ਡੀ.ਏ.ਵੀ. ਸਕੂਲ, ਬਠਿੰਡਾ ਨੇ ਸ਼ਿਰਕਤ ਕੀਤੀ। ਇਸ ਮੌਕੇ ਜ਼ਿਲ੍ਹਾ ਭਾਸ਼ਾ ਵਿਭਾਗ, ਬਠਿੰਡਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।
ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ, ਬਠਿੰਡਾ ਕੀਰਤੀ ਕਿਰਪਾਲ ਨੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਕਰਨ ਦੇ ਨਾਲ਼-ਨਾਲ਼ ਭਾਸ਼ਾ ਵਿਭਾਗ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਾਹਿਤ ਪੜ੍ਹਨ-ਲਿਖਣ ਅਤੇ ਸਿਰਜਣ ਦੀ ਚੇਟਕ ਲਾਉਣਾ ਹੈ। ਇਸੇ ਉਦੇਸ਼ ਦੀ ਪੂਰਤੀ ਤਹਿਤ ਇਹ ਸਾਹਿਤਕ ਮੁਕਾਬਲੇ ਕਰਵਾਏ ਜਾ ਰਹੇ ਹਨ। ਸ. ਗੁਰਮੀਤ ਸਿੰਘ, ਮੀਡੀਆ ਸਲਾਹਕਾਰ ਸਿੱਖਿਆ ਮੰਤਰੀ ਪੰਜਾਬ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਕਾਬਲੇ ਵਿਚ ਜਿੱਤਣਾ-ਹਾਰਨਾ ਬੇਸ਼ੱਕ ਮਹੱਤਵਪੂਰਨ ਪਰ ਉਸ ਤੋਂ ਵੀ ਮਹੱਤਵਪੂਰਨ ਹੈ ਮੁਕਾਬਲੇ ‘ਚ ਭਾਗ ਲੈਣਾ ਤੇ ਕੁੱਝ ਅਜਿਹਾ ਸਿੱਖ ਕੇ ਜਾਣਾ, ਜੋ ਤੁਹਾਡੀ ਜ਼ਿੰਦਗੀ ਨੂੰ ਸਹੀ ਸੇਧ ਦੇ ਸਕੇ। ਉਨ੍ਹਾਂ ਵੱਖ-ਵੱਖ ਮੁਕਾਬਲਿਆਂ ‘ਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਨੂੰ ਸ਼ੁਭ ਇੱਛਾਵਾਂ ਦਿੱਤੀਆਂ ਤੇ ਜ਼ਿਲ੍ਹਾ ਭਾਸ਼ਾ ਵਿਭਾਗ, ਬਠਿੰਡਾ ਦੁਆਰਾ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।
ਸਾਹਿਤ ਸਿਰਜਣ ਮੁਕਾਬਲਿਆਂ ਦਾ ਮੁਲਾਂਕਣ ਕਰਨ ਲਈ ਸ. ਪਰਗਟ ਸਿੰਘ ਬਰਾੜ, ਕਹਾਣੀਕਾਰ ਤੇ ਆਲੋਚਕ, ਪ੍ਰੋਫੈਸਰ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਕੈਂਪਸ ਘੁੱਦਾ, ਨਾਮਵਰ ਸ਼ਾਇਰ ਅਮਰਜੀਤ ਜੀਤ ਅਤੇ ਉੁਰਦੂ ਤੇ ਪੰਜਾਬੀ ਕਹਾਣੀਕਾਰ ਮਲਕੀਤ ਸਿੰਘ ਮਛਾਣਾ ਮੌਜੂਦ ਸਨ। ਕਵਿਤਾ ਗਾਇਨ ਮੁਕਾਬਲਿਆਂ ਦੀ ਜੱਜਮੈਂਟ ਪ੍ਰੋਫੈਸਰ ਮਨੋਨੀਤ ਮੁਖੀ ਸੰਗੀਤ ਵਿਭਾਗ, ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਅਤੇ ਡਾ. ਪੂਜਾ ਗੋਸਵਾਮੀ, ਮੁਖੀ ਸੰਗੀਤ ਵਿਭਾਗ, ਐਸ.ਐਸ.ਡੀ. ਗਰਲਜ ਕਾਲਜ ਬਠਿੰਡਾ ਨੇ ਕੀਤੀ। ਮੰਚ ਸੰਚਾਲਕ ਦੀ ਭੂਮਿਕਾ ਖੋਜ ਅਫ਼ਸਰ ਨਵਪ੍ਰੀਤ ਸਿੰਘ ਨੇ ਨਿਭਾਈ। ਜ਼ਿਲ੍ਹਾ ਭਾਸ਼ਾ ਵਿਭਾਗ, ਬਠਿੰਡਾ ਦਾ ਸਮੂਹ ਸਟਾਫ ਸ਼੍ਰੀ ਸੁਖਮਨੀ ਸਿੰਘ, ਸ਼੍ਰੀ ਅਨਿਲ ਕੁਮਾਰ ਅਤੇ ਪਰਮਜੀਤ ਸਿੰਘ ਮੌਜੂਦ ਸਨ।
ਅੰਤ ਵਿਚ ਵਿਸ਼ੇਸ਼ ਮਹਿਮਾਨਾਂ ਸ. ਗੁਰਮੀਤ ਸਿੰਘ ਬਰਾੜ, ਸ਼੍ਰੀ ਹਰੀਕ੍ਰਿਸ਼ਨ ਸ਼ਰਮਾ, ਸ਼੍ਰੀਮਤੀ ਅਨੁਰਾਧਾ ਭਾਟੀਆ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕਿਰਪਾਲ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ। ਲੇਖ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਮਹਿਕਦੀਪ ਕੌਰ ਸਰਕਾਰੀ ਸਕੂਲ ਮਹਿਮਾ ਸਰਜਾ, ਦੂਜਾ ਸਥਾਨ ਜਸਪ੍ਰੀਤ ਕੌਰ ਸਰਕਾਰੀ ਸਕੂਲ ਮਹਿਮਾ ਸਰਜਾ ਅਤੇ ਤੀਜਾ ਸਥਾਨ ਪਵਿੱਤਰ ਕੌਰ ਸਰਕਾਰੀ ਹਾਈ ਸਕੂਲ ਲਹਿਰਾ ਬੇਗਾ ਨੇ ਹਾਸਿਲ ਕੀਤਾ। ਕਹਾਣੀ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਰੀਤੀਕਾ ਆਰ. ਬੀ. ਡੇ. ਏ. ਵੀ. ਸਕੂਲ ਬਠਿੰਡਾ, ਦੂਜਾ ਸਥਾਨ ਭੁਪਿੰਦਰਜੀਤ ਸਿੰਘ ਸੌਂਦ ਸਰਕਾਰੀ ਸਕੂਲ ਖੇਮੂਆਣਾ, ਅਤੇ ਲਕਸ਼ਿਤਾ ਆਰ. ਬੀ. ਡੇ. ਏ. ਵੀ. ਸਕੂਲ ਬਠਿੰਡਾ ਨੇ ਪ੍ਰਾਪਤ ਕੀਤਾ। ਕਵਿਤਾ ਰਚਨਾ ਮੁਕਾਬਲੇ ਵਿੱਚ ਪਹਿਲਾ ਸਥਾਨ ਜਸਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੈ ਸਿੰਘ ਵਾਲਾ, ਦੂਜਾ ਸਥਾਨ ਦਲਜੀਤ ਸਿੰਘ ਸਰਕਾਰੀ ਸਕੂਲ ਮਹਿਮਾ ਸਰਜਾ ਅਤੇ ਤੀਜਾ ਸਥਾਨ ਚਾਨਣ ਸਿੰਘ ਸਰਕਾਰੀ ਸਕੂਲ ਭੁੱਚੋ ਕਲਾਂ ਨੇ ਹਾਸਿਲ ਕੀਤਾ। ਕਵਿਤਾ ਗਾਇਨ ਮੁਕਾਬਲੇ ਵਿੱਚ ਪਹਿਲਾ ਸਥਾਨ ਸਾਹਿਬਪ੍ਰੀਤ ਕੌਰ ਸਿਲਵਰ ਓਕਸ ਸਕੂਲ ਬੀਬੀ ਵਾਲਾ ਰੋਡ ਬਠਿੰਡਾ, ਦੂਜਾ ਸਥਾਨ ਪੁਨੀਤਪਾਲ ਕੌਰ ਸਿਲਵਰ ਓਕਸ ਸਕੂਲ ਬੀਬੀ ਵਾਲ਼ਾ ਰੋਡ ਬਠਿੰਡਾ ਅਤੇ ਤੀਜਾ ਸਥਾਨ ਪ੍ਰਿੰਸੀ ਆਰ. ਬੀ. ਡੇ. ਏ. ਵੀ. ਸਕੂਲ ਬਠਿੰਡਾ ਨੇ ਪ੍ਰਾਪਤ ਕੀਤਾ।