ਸਰਹੱਦੀ ਪਿੰਡਾਂ ਦੇ ਲੋਕ ਪ੍ਰਸ਼ਾਸਨ ਦੇ ਹੌਂਸਲੇ ਸਤਲੁਜ਼ ਦੇ ਪਾਣੀ ਤੋਂ ਨਹੀਂ ਡਰੇ


—ਬੱਚੇ ਵੀ ਆਮ ਵਾਂਗ ਕਰ ਰਹੇ ਹਨ ਘਰਾਂ ਵਿਚ ਪੜਾਈ
ਫਾਜਿ਼ਲਕਾ, 14 ਜ਼ੁਲਾਈ
ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿ਼ਲ੍ਹਾ ਪ੍ਰਸ਼ਾਸਨ ਨੂੰ ਹੜ੍ਹਾਂ ਦੇ ਸੰਭਾਵਿਤ ਖਤਰੇ ਸਬੰਧੀ ਅਗੇਤੇ ਇੰਤਜਾਮ ਕਰਨ ਅਤੇ ਲੋਕਾਂ ਨਾਲ ਰਾਬਤਾ ਕਰਕੇ ਉਨ੍ਹਾਂ ਤੱਕ ਪਾਣੀ ਦੇ ਵਹਾਅ ਸਬੰਧੀ ਸਾਰੀ ਜਾਣਕਾਰੀ ਸਮੇਂ ਸਿਰ ਦਿੰਦੇ ਰਹਿਣ ਦੇ ਹੁਕਮਾਂ ਕਾਰਨ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਲਗਾਤਾਰ ਸਿੱਧਾ ਰਾਬਤਾ ਕਾਇਮ ਕੀਤਾ ਹੋਇਆ ਹੈ। ਜਿੱਥੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਲਗਾਤਾਰ ਪਿੰਡਾਂ ਦੇ ਲੋਕਾਂ ਨਾਲ ਵਿਚਰ ਰਹੇ ਹਨ ਉਥੇ ਹੀ ਡਿਪਟੀ ਕਮਿਸ਼ਨਰ ਡਾ: ਸੇਨੂ ਦੱੁਗਲ ਨੇ ਪ੍ਰਸ਼ਾਸਨਿਕ ਯੋਜਨਾਬੰਦੀ ਨਾਲ ਸਾਰੇ ਵਿਭਾਗਾਂ ਨੂੰ ਸਰਗਰਮੀ ਨਾਲ ਇੰਨ੍ਹਾਂ ਪਿੰਡਾਂ ਵਿਚ ਤਾਇਨਾਤ ਕੀਤਾ ਹੈ।


ਪ੍ਰਸ਼ਾਸਨ ਦੇ ਇੰਨ੍ਹਾਂ ਅਗੇਤ਼ੇ ਉਪਰਾਲਿਆਂ ਨੇ ਲੋਕਾਂ ਨੂੰ ਹੌਂਸਲਾਂ ਦਿੱਤਾ ਹੈ ਅਤੇ ਉਹ ਨਿਡਰ ਹੋ ਸਤਲੁਜ਼ ਦਾ ਸਾਹਮਣਾ ਕਰ ਰਹੇ ਹਨ। ਜਿੱਥੇ ਕਿਤੇ ਬਹੁਤ ਨੀਵੇਂ ਥਾਂ ਸੀ ਉਥੋਂ ਪ੍ਰਸ਼ਾਸਨ ਦੀ ਸਲਾਹ ਅਨੁਸਾਰ ਕੁਝ ਲੋਕ ਸੁਰੱਖਿਅਤ ਥਾਂਵਾਂ ਤੇ ਆਏ ਹਨ ਪਰ ਹਾਲੇ ਵੀ ਆਬਾਦੀ ਵਾਲੇ ਖੇਤਰਾਂ ਵਿਚ ਕਿਤੇ ਪਾਣੀ ਨਹੀਂ ਆਇਆ ਹੈ।
ਅੱਜ ਇੰਨ੍ਹਾਂ ਪਿੰਡਾਂ ਵਿਚ ਵੇਖਿਆ ਗਿਆ ਕਿ ਪਿੰਡਾਂ ਦੇ ਅੰਦਰ ਲੋਕਾਂ ਦਾ ਜੀਵਨ ਆਮ ਵਾਂਗ ਚੱਲ ਰਿਹਾ ਹੈ। ਸੁਆਣੀਆਂ ਘਰਾਂ ਦੇ ਕੰਮਾਂ ਵਿਚ ਲੱਗੀਆਂ ਵਿਖਾਈ ਦਿੱਤੀਆਂ ਤਾਂ ਵਿਦਿਆਰਥੀ ਸਕੂਲਾਂ ਵਿਚ ਛੁੱਟੀਆਂ ਹੋਣ ਕਾਰਨ ਘਰਾਂ ਵਿਚ ਪੜ੍ਹਦੇ ਵਿਖਾਈ ਦਿੱਤੇ।ਵਿਦਿਆਰਥੀ ਹਰਨੂਰ ਅਤੇ ਮਾਨਵ ਲਈ ਇਹ ਰੌਚਕ ਹੈ ਕਿਉਂਕਿ ਉਨ੍ਹਾਂ ਨੇ ਇਸ ਤਰਾਂ ਪਾਣੀ ਪਹਿਲੀ ਵਾਰ ਵੇਖਿਆ ਹੈ।ਨਵੀਂ ਪੀੜੀ ਦੇ ਬੱਚੇ ਅਤੇ ਗਭਰੇਟ ਵੀ ਪਾਣੀ ਵਾਲੇ ਪਾਸੇ ਆ ਕੇ ਵੇਖਣ ਨੂੰ ਉਤਸਕ ਦਿਖਾਈ ਦਿੱਤੇ ਕਿਉਂਕਿ ਉਹ ਆਪਣੇ ਜੀਵਨ ਵਿਚ ਇਹ ਦ੍ਰਿਸ਼ ਪਹਿਲੀ ਵਾਰ ਵੇਖ ਰਹੇ ਸਨ।


ਪੁਰਾਣੇ ਬਜੁਰਗ ਜਿੰਨ੍ਹਾਂ ਨੇ 1988 ਦੇ ਹੜ੍ਹ ਵੇਖੇ ਹਨ ਉਨ੍ਹਾਂ ਲਈ ਤਾਂ ਇਸ ਵਾਰ ਆਇਆ ਪਾਣੀ ਮਾਮੂਲੀ ਹੈ। ਇੰਨ੍ਹਾਂ ਸਰਹੱਦੀ ਪਿੰਡਾਂ ਦੇ ਲੋਕਾਂ, ਜਿੰਨ੍ਹਾਂ ਦੇ ਸਤਲੁਜ਼ ਸਾਹੀਂ ਵਸਦੀ ਹੈ ਨੇ ਸਤਲੁਜ਼ ਦੇ ਆਉਣ ਵਾਲੇ ਪਾਣੀ ਦੇ ਖਤਰੇ ਨੂੰ ਭਾਂਪਦਿਆਂ ਪਹਿਲਾਂ ਹੀ ਆਪਣੇ ਪਿੰਡ ਅਤੇ ਘਰ ਉਚੀਆਂ ਥਾਂਵਾਂ ਤੇ ਬਣਾਏ ਹੋਏ ਹਨ।
ਇਲਾਕੇ ਦੇ ਜਿਆਦਾ ਤਰ ਪਿੰਡਾਂ ਵਿਚ ਕਿਸਾਨਾਂ ਨੇ ਬਾਸਮਤੀ ਲਗਾਉਣੀ ਸੀ ਜਿਸ ਦੀ ਲਵਾਈ ਦਾ ਕਾਫੀ ਕੰਮ ਹਾਲੇ ਬਕਾਇਆ ਹੈ। ਜ਼ੋ ਕਿ ਕਿਸਾਨਾਂ ਦੇ ਦੱਸਣ ਅਨੁਸਾਰ ਪਾਣੀ ਉਤਰਨ ਤੋਂ ਬਾਅਦ ਅਗਲੇ ਹਫਤੇ ਤੱਕ ਬਾਸਮਤੀ ਲਗਾਉਣ ਦਾ ਕੰਮ ਸ਼ੁਰੂ ਕਰ ਸਕਣਗੇ। ਇਸਤੋਂ ਬਿਨ੍ਹਾਂ ਜਿੰਨ੍ਹਾਂ ਕਿਸਾਨਾਂ ਨੇ ਬਾਸਮਤੀ ਤੋਂ ਪਹਿਲਾਂ ਮੂੰਗੀ ਲਗਾਈ ਸੀ ਉਨ੍ਹਾਂ ਵਿਚੋਂ ਵੀ ਜਿਆਦਾਤਰ ਨੇ ਤੇਜੀ ਨਾਲ ਕੰਮ ਕਰਦਿਆਂ ਪਾਣੀ ਆਉਣ ਤੋਂ ਪਹਿਲਾਂ ਫਸਲ ਸੰਭਾਲ ਲਈ।ਜਦ ਕਿ ਕਰੀਕ ਦੇ ਚੜ੍ਹਦੇ ਪਾਸੇ ਵਾਲੇ ਤਾਂ ਜੀਵਨ ਪੂਰੀ ਤਰਾਂ ਨਾਲ ਆਮ ਵਾਂਗ ਹੈ ਅਤੇ ਕਿਸੇ ਦੇ ਮਨ ਵਿਚ ਸਤਲੁਜ਼ ਦੀ ਕੋਈ ਚਿੰਤਾਂ ਨਹੀਂ ਹੈ ਕਿਉਂਕਿ ਪ੍ਰਸ਼ਾਸਨ ਲਗਾਤਾਰ ਬੰਨ੍ਹ ਤੇ ਚੌਕਸੀ ਰੱਖ ਰਿਹਾ ਹੈ। ਇਸ ਪਾਸੇ ਲੋਕ ਬੇਫਿਕਰ ਬਾਸਮਤੀ ਲਗਾ ਰਹੇ ਹਨ।

CATEGORIES
TAGS
Share This

COMMENTS

Wordpress (0)
Disqus (0 )
Translate