ਪੰਜਾਬ ਵਲੋਂ ਬੱਚਿਆਂ ਵਿੱਚ ਟੀ.ਬੀ. ਖ਼ਿਲਾਫ਼ ਲੜਾਈ,ਚੰਡੀਗੜ੍ਹ ਵਿਖੇ ਰਾਜ ਪੱਧਰੀ ਵਰਕਸ਼ਾਪ ਦਾ ਆਯੋਜਨ

ਚੰਡੀਗੜ੍ਹ 8 ਅਕਤੂਬਰ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ (PSACS) ਵੱਲੋਂ ਵਰਲਡ ਹੈਲਥ ਪਾਰਟਨਰਜ਼ (WHP) ਅਤੇ ‘ਸਾਥੀ’ (SAATHII) ਦੇ ਸਹਿਯੋਗ ਨਾਲ ਚੰਡੀਗੜ੍ਹ ਵਿਖੇ ਬੱਚਿਆਂ ਵਿੱਚ ਟੀ.ਬੀ. ਦੇ ਪ੍ਰਬੰਧਨ ਅਤੇ ਖਾਤਮੇ (Pediatric TB Management and Elimination) ਬਾਰੇ ਇੱਕ ਰਾਜ ਪੱਧਰੀ ਵਰਕਸ਼ਾਪ ਅਤੇ ਨਿਰੰਤਰ ਮੈਡੀਕਲ ਸਿੱਖਿਆ (CME) ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪੰਜਾਬ ਭਰ ਤੋਂ 50 ਤੋਂ ਵੱਧ ਮੈਡੀਕਲ ਅਫ਼ਸਰਾਂ ਅਤੇ ਸਟਾਫ਼ ਨਰਸਾਂ ਨੇ ਹਿੱਸਾ ਲਿਆ।
ਪ੍ਰੋਗਰਾਮ ਦਾ ਉਦਘਾਟਨ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਵਧੀਕ ਪ੍ਰੋਜੈਕਟ ਡਾਇਰੈਕਟਰ ਡਾ. ਵਿਸ਼ਾਲ ਗਰਗ ਦੁਆਰਾ ਕੀਤਾ ਗਿਆ। ਉਨ੍ਹਾਂ ਨੇ ਟੀ.ਬੀ. ਦੇ ਖਾਤਮੇ ਦੇ ਰਾਸ਼ਟਰੀ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਿਹਤ ਸੰਭਾਲ ਮੁਲਾਜ਼ਮਾਂ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਟੀ.ਬੀ. ਦੇ ਮਰੀਜ਼ਾਂ ਦੀ ਜਲਦੀ ਪਛਾਣ, ਨਿਦਾਨ ਅਤੇ ਸਮੇਂ ਸਿਰ ਇਲਾਜ ਲਈ ਆਈ.ਸੀ.ਟੀ.ਸੀ. (ICTC), ਏ.ਆਰ.ਟੀ. (ART) ਕੇਂਦਰਾਂ ਅਤੇ ਐਨ.ਟੀ.ਈ.ਪੀ. (NTEP) ਵਿਚਕਾਰ ਬਿਹਤਰ ਤਾਲਮੇਲ ਦੀ ਲੋੜ ਬਾਰੇ ਵੀ ਦੱਸਿਆ।
ਪੀ.ਐਸ.ਏ.ਸੀ.ਐਸ. (PSACS) ਦੇ ਜੁਆਇੰਟ ਡਾਇਰੈਕਟਰ, ਡਾ. ਹਰਪ੍ਰੀਤ ਨੇ ਛੁੱਟ ਗਏ ਟੀ.ਬੀ. ਕੇਸਾਂ ਦੀ ਸ਼ੁਰੂਆਤੀ ਪੜਾਅ ‘ਤੇ ਪਛਾਣ ਕਰਨ ਲਈ ਭਾਈਚਾਰਕ ਪੱਧਰ ‘ਤੇ ਸਰਗਰਮ ਸਕ੍ਰੀਨਿੰਗ ਕਰਨ ਦਾ ਸੱਦਾ ਦਿੱਤਾ।
ਡਬਲਯੂ.ਐਚ.ਪੀ. (WHP) ਹਰਿਆਣਾ ਦੇ ਸਟੇਟ ਟੈਕਨੀਕਲ ਮੈਨੇਜਰ ਅਤੇ ਪੀ.ਪੀ.ਐਸ.ਏ. (PPSA) ਪੰਜਾਬ ਅਤੇ ਹਰਿਆਣਾ ਦੇ ਸਟੇਟ ਲੀਡ, ਸ੍ਰੀ ਸੁਖਵਿੰਦਰ ਸਿੰਘ ਨੇ ਪੰਜਾਬ ਵਿੱਚ ਬੱਚਿਆਂ ਦੀ ਟੀ.ਬੀ. ਦੀ ਸਥਿਤੀ ਅਤੇ ਕੇਸਾਂ ਦੀ ਪਛਾਣ ਤੇ ਨੋਟੀਫਿਕੇਸ਼ਨ ਵਿੱਚ ਸੁਧਾਰ ਲਿਆਉਣ ਲਈ ਮੁੱਖ ਰਣਨੀਤੀਆਂ ‘ਤੇ ਚਾਨਣਾ ਪਾਇਆ।
ਤਕਨੀਕੀ ਜਾਣਕਾਰੀ ਸਾਂਝੀ ਕਰਦਿਆਂ, WHP ਪੰਜਾਬ ਦੇ ਸਟੇਟ ਟੈਕਨੀਕਲ ਮੈਨੇਜਰ, ਡਾ. ਸਤੀਸ਼ ਪੁੰਡੀਰ ਨੇ ਬੱਚਿਆਂ ਦੀ ਟੀ.ਬੀ. ਲਈ ਨਵੀਨਤਮ NTEP ਦਿਸ਼ਾ-ਨਿਰਦੇਸ਼ਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ। ਇਸ ਵਿੱਚ ਪਲਮਨਰੀ ਅਤੇ ਐਕਸਟਰਾ-ਪਲਮਨਰੀ ਟੀ.ਬੀ. ਦੀ ਸ਼ੁਰੂਆਤੀ ਜਾਂਚ, ਗੈਸਟ੍ਰਿਕ ਐਸਪੀਰੇਸ਼ਨ (Gastric Aspiration) ਅਤੇ ਇੰਡਿਊਸਡ ਸਪੂਟਮ (Induced Sputum) ਰਾਹੀਂ ਸਹੀ ਨਮੂਨੇ ਲੈਣ ਦੇ ਤਰੀਕੇ, ਅਤੇ ਸੀ.ਬੀ.ਨੈਟ (CBNAAT) ਤੇ ਟਰੂਨੈਟ (TRUNAAT) ਵਰਗੇ ਰੈਪਿਡ ਮੋਲੀਕਿਊਲਰ ਟੈਸਟਾਂ ਦੀ ਵਰਤੋਂ ਸ਼ਾਮਲ ਸੀ। ਭਾਗੀਦਾਰਾਂ ਨੂੰ ਟੀ.ਬੀ. ਪ੍ਰੀਵੈਂਟਿਵ ਟ੍ਰੀਟਮੈਂਟ (TPT) ਜਿਸ ਵਿੱਚ 3HP, 3RH ਅਤੇ 6H ਰੈਜੀਮੇਨ ਸ਼ਾਮਲ ਹਨ, ਬਾਰੇ ਵੀ ਸਿਖਲਾਈ ਦਿੱਤੀ ਗਈ।
ਇਸ ਵਰਕਸ਼ਾਪ ਨੇ ਸਿਹਤ ਸੰਭਾਲ ਕਰਮਚਾਰੀਆਂ ਦੀ ਸਮਰੱਥਾ ਨੂੰ ਵਧਾਉਣ ਦੇ ਨਾਲ-ਨਾਲ ਬੱਚਿਆਂ ਦੀ ਟੀ.ਬੀ. ਦੀ ਸ਼ੁਰੂਆਤੀ ਜਾਂਚ, ਸਮੇਂ ਸਿਰ ਇਲਾਜ ਅਤੇ ਰੋਕਥਾਮ ਲਈ ਵੱਖ-ਵੱਖ ਪ੍ਰੋਗਰਾਮਾਂ ਦੇ ਆਪਸੀ ਤਾਲਮੇਲ ਨੂੰ ਮਜ਼ਬੂਤ ਕੀਤਾ ਹੈ, ਜੋ ਕਿ ‘ਟੀ.ਬੀ. ਮੁਕਤ ਭਾਰਤ’ ਵੱਲ ਪੰਜਾਬ ਦੇ ਯਤਨਾਂ ਵਿੱਚ ਇੱਕ ਵੱਡਾ ਯੋਗਦਾਨ ਹੈ।

CATEGORIES
Share This

COMMENTS

Wordpress (0)
Disqus ( )
Translate