ਪੰਜਾਬ ਦੇਸ਼ ’ਚ ਖੇਡ ਕੇਂਦਰ ਵਜੋਂ ਉੱਭਰ ਰਿਹੈ-ਮੋਹਿੰਦਰ ਭਗਤ

ਕੈਬਨਿਟ ਮੰਤਰੀ ਨੇ ਜਲੰਧਰ ’ਚ 43ਵੇਂ ਓਲੰਪੀਅਨ ਸੁਰਜੀਤ ਹਾਕੀ ਟੂਰਨਾਮੈਂਟ ਦਾ ਕੀਤਾ ਉਦਘਾਟਨ

ਕਿਹਾ ਪੰਜਾਬ ਸਰਕਾਰ ਵੱਲੋਂ ਜ਼ਮੀਨੀ ਪੱਧਰ ’ਤੇ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਸਦਕਾ ਸੂਬਾ ਖੇਡਾਂ ਦੇ ਖੇਤਰ ’ਚ ਮੋਹਰੀ ਬਣ ਰਿਹੈ

ਪੰਜਾਬ ਜਲੰਧਰ ’ਚ ਜਲਦ ਹੀ ਇੱਕ ਹੋਰ ਅੰਤਰਰਾਸ਼ਟਰੀ ਹਾਕੀ ਈਵੈਂਟ ਦੀ ਮੇਜ਼ਬਾਨੀ ਕਰੇਗਾ : ਨਿਤਿਨ ਕੋਹਲੀ

ਜਲੰਧਰ ਨੇ ਅੰਤਰਰਾਸ਼ਟਰੀ ਸਮਾਗਮ ਦੀ ਮੇਜ਼ਬਾਨੀ ਲਈ ਰਿਕਾਰਡ ਸਮੇਂ ’ਚ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਦਾ ਨਵੀਨੀਕਰਨ ਕਰਕੇ ਮਿਸਾਲ ਕਾਇਮ ਕੀਤੀ : ਵਰਜੀਤ ਵਾਲੀਆ

ਜਲੰਧਰ, 22 ਨਵੰਬਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਐਤਵਾਰ ਨੂੰ ਇੱਥੇ ਬਰਲਟਨ ਪਾਰਕ ਸਥਿਤ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ 43ਵੇਂ ਓਲੰਪੀਅਨ ਸੁਰਜੀਤ ਹਾਕੀ ਟੂਰਨਾਮੈਂਟ ਦਾ ਉਦਘਾਟਨ ਕੀਤਾ।

ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਦੁਹਰਾਇਆ ਕਿ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਜ਼ਮੀਨੀ ਪੱਧਰ ‘ਤੇ ਖੇਡ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸੂਬੇ ਨੂੰ ਦੇਸ਼ ਦਾ ਖੇਡ ਕੇਂਦਰ (ਸਪੋਰਟਸ ਹੱਬ) ਬਣਾਉਣ ਲਈ ਪੁਰਜ਼ੋਰ ਯਤਨ ਕਰ ਰਹੀ ਹੈ। ‘ਖੇਡਾਂ ਵਤਨ ਪੰਜਾਬ ਦੀਆਂ’, ਨਵੀਂ ਖੇਡ ਨੀਤੀ ਅਤੇ ਪਿੰਡ ਪੱਧਰ ‘ਤੇ ਸਟੇਡੀਅਮਾਂ ਤੇ ਨਰਸਰੀਆਂ ਦੇ ਵਿਕਾਸ ਵਰਗੀਆਂ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਸ਼੍ਰੀ ਭਗਤ ਨੇ ਉੱਭਰਦੀ ਪ੍ਰਤਿਭਾ ਨੂੰ ਨਿਖਾਰਣ ਅਤੇ ਪੰਜਾਬ ਦੀ ਅਮੀਰ ਖੇਡ ਵਿਰਾਸਤ ਨੂੰ ਸੰਭਾਲਣ ਪ੍ਰਤੀ ਸਰਕਾਰ ਦੀ ਵਚਨਬੱਧਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਜਲੰਧਰ ਵਿਖੇ ‘ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ’ ਦੀ ਸਫ਼ਲ ਮੇਜ਼ਬਾਨੀ ਨੂੰ ਇੱਕ ਅਹਿਮ ਪ੍ਰਾਪਤੀ ਦੱਸਿਆ।
ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ ਅਤੇ ਹਾਕੀ ਪੰਜਾਬ ਪ੍ਰਧਾਨ ਨਿਤਿਨ ਕੋਹਲੀ ਦੀ ਮੌਜੂਦਗੀ ਵਿੱਚ, ਕੈਬਨਿਟ ਮੰਤਰੀ ਜੀ ਨੇ ਹਵਾ ਵਿੱਚ ਗੁਬਾਰੇ ਛੱਡ ਕੇ ਅਤੇ ਰਸਮੀ ਤੌਰ ‘ਤੇ ਕੇਕ ਕੱਟ ਕੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਈ। ਵਿਦਿਆਰਥੀਆਂ ਨੇ ਪੰਜਾਬੀ ਲੋਕ ਨਾਚਾਂ, ਭੰਗੜੇ ਅਤੇ ਗਿੱਧੇ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ।

ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ‘ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ’ ਦੇ ਰਿਕਾਰਡ ਸਮੇਂ ਵਿੱਚ ਕੀਤੇ ਗਏ ਨਵੀਨੀਕਰਨ ਦਾ ਜ਼ਿਕਰ ਕੀਤਾ। ਉਨ੍ਹਾਂ ਮਹਾਨ ਫੁੱਲ-ਬੈਕ ਤੇ ਸਵਰਗੀ ਓਲੰਪੀਅਨ ਸੁਰਜੀਤ ਸਿੰਘ ਦੀ ਵਿਰਾਸਤ ਨੂੰ ਚਾਰ ਦਹਾਰਿਆਂ ਤੋਂ ਵੱਧ ਸਮੇਂ ਤੱਕ ਜ਼ਿੰਦਾ ਰੱਖਣ ਲਈ ‘ਸੁਰਜੀਤ ਹਾਕੀ ਸੁਸਾਇਟੀ’ ਦੀ ਸ਼ਲਾਘਾ ਕੀਤੀ।

ਇਸ ਦੌਰਾਨ ਹਾਕੀ ਪੰਜਾਬ ਪ੍ਰਧਾਨ ਅਤੇ ਹਾਕੀ ਇੰਡੀਆ ਦੇ ਉਪ-ਪ੍ਰਧਾਨ ਨਿਤਿਨ ਕੋਹਲੀ ਨੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਦੱਸਿਆ ਕਿ ਸੂਬਾ ਸਰਕਾਰ ਨੇੜ ਭਵਿੱਖ ਵਿੱਚ ਜੂਨੀਅਰ ਹਾਕੀ ਵਿਸ਼ਵ ਕੱਪ ਨੂੰ ਪੰਜਾਬ ਵਿੱਚ ਲਿਆਉਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਟੂਰਨਾਮੈਂਟ ‘ਲੀਗ-ਕਮ-ਨੌਕਆਊਟ’ ਆਧਾਰ ‘ਤੇ ਖੇਡਿਆ ਜਾਵੇਗਾ। ਹਿੱਸਾ ਲੈਣ ਵਾਲੀਆਂ 12 ਟੀਮਾਂ ਨੂੰ ਦੋ ਪੂਲਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਟੀਮਾਂ ਵਿੱਚ ਪਿਛਲੇ ਸਾਲ ਦੀ ਜੇਤੂ ਇੰਡੀਅਨ ਆਇਲ ਮੁੰਬਈ, ਇੰਡੀਅਨ ਨੇਵੀ ਮੁੰਬਈ, ਆਰ.ਸੀ.ਐਫ. ਕਪੂਰਥਲਾ, ਪੰਜਾਬ ਐਂਡ ਸਿੰਧ ਬੈਂਕ ਦਿੱਲੀ, ਇੰਡੀਅਨ ਏਅਰ ਫੋਰਸ ਦਿੱਲੀ, ਭਾਰਤ ਪੈਟਰੋਲੀਅਮ ਮੁੰਬਈ, ਬੀ.ਐਸ.ਐਫ. ਜਲੰਧਰ, ਸੀ.ਏ.ਜੀ. ਦਿੱਲੀ, ਇੰਡੀਅਨ ਰੇਲਵੇਜ਼ ਦਿੱਲੀ, ਆਰਮੀ ਇਲੈਵਨ ਦਿੱਲੀ ਅਤੇ ਸੀ.ਆਰ.ਪੀ.ਐਫ. ਦਿੱਲੀ ਸ਼ਾਮਲ ਹਨ। ਟੂਰਨਾਮੈਂਟ ਦਾ ਫਾਈਨਲ ਮੁਕਾਬਲਾ 28 ਨਵੰਬਰ, 2026 ਨੂੰ ਖੇਡਿਆ ਜਾਵੇਗਾ।
ਇਸ ਤੋਂ ਪਹਿਲਾਂ ਸੁਸਾਇਟੀ ਦੇ ਸੀ.ਈ.ਓ. ਇਕਬਾਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਵੱਲੋਂ ਸੁਸਾਇਟੀ ਦੇ ਹੋਰ ਅਹੁਦੇਦਾਰਾਂ ਸਮੇਤ ਸਟੇਡੀਅਮ ਵਿਖੇ ਪਹੁੰਚਣ ‘ਤੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ ਗਿਆ।

CATEGORIES
Share This

COMMENTS

Wordpress (0)
Disqus ( )
Translate